ਸਫਲਤਾ ਲਈ ਸ਼ਬਦਾਂ ਦਾ ਕਲਾਕਾਰ ਹੋਣਾ ਜ਼ਰੂਰੀ

04/03/2020 11:30:31 AM

ਸਫਲਤਾ ਲਈ ਸ਼ਬਦਾਂ ਦਾ ਕਲਾਕਾਰ ਹੋਣਾ ਜ਼ਰੂਰੀ
ਡਾ: ਹਰਜਿੰਦਰ ਵਾਲੀਆ

ਕਈ ਯੁੱਧਾਂ ਦਾ ਮੁੱਢ ਇਕੋ ਸ਼ਬਦ ਨਾਲ ਹੋਇਆ ਹੈ।
ਮਹਾਂਭਾਰਤ ਦਾ ਮੁੱਢ ਦਰੋਪਦੀ ਦੇ ਮੂੰਹੋਂ ਵਿਅੰਗ ਨਾਲ
ਨਿਕੇ 'ਆਖਰ ਅੰਨ੍ਹੇ ਦਾ ਪੁੱਤ ਅੰਨ੍ਹਾ ਹੀ ਨਿਕਲਿਆ'
ਨਾਲ ਬੱਝਿਆ ਸੀ। ਦਰੋਪਦੀ ਦੇ ਇਹ ਬੋਲ ਦੁਰਯੋਧਨ ਦਾ
ਸੀਨਾ ਛਲਣੀ ਕਰ ਗਏ ਸਨ। ਸ਼ਬਦ ਭਾਵੇਂ ਇਕ ਛੋਟਾ ਜਿਹਾ
ਹੀ ਹੁੰਦਾ ਹੈ ਪਰ ਸ਼ਬਦ ਦੀ ਸ਼ਕਤੀ ਅਸੀਮ ਹੈ। ਸ਼ਬਦ ਦੀ
ਸ਼ਕਤੀ ਨੂੰ ਜਾਨਣਾ ਹੋਵੇ ਤਾਂ ਮਲੇਰਕੋਟਲਾ ਦੇ ਨਵਾਬ ਸ਼ੇਰ
ਮੁਹੰਮਦ ਖਾਂ ਨੂੰ ਯਾਦ ਕਰ ਲਵੋ। ਜਦੋਂ ਸ੍ਰੀ ਗੁਰੂ ਗੋਬਿੰਦ
ਸਿੰਘ ਦੇ ਦੋ ਛੋਟੇ ਸਾਹਿਬਜ਼ਾਦੇ ਨਵਾਬ ਸਰਹੰਦ ਵਜ਼ੀਰ ਖਾਂ
ਦੇ ਹੱਥ ਲੱਗ ਗਏ ਤਾਂ ਉਸਨੇ ਸ਼ੇਰ ਮੁਹੰਮਦ ਖਾਂ ਨੂੰ
ਉਕਸਾਇਆ ਅਤੇ ਕਿਹਾ ਕਿ ਅੱਜ ਉਹ ਆਪਣੇ ਭਰਾ ਦੇ
ਕਤਲ ਦਾ ਬਦਲਾ ਲੈ ਸਕਦਾ ਹੈ। ਉਧਰ ਸ਼ੇਰ ਮੁਹੰਮਦ ਖਾਂ
ਨੇ ਇੰਨਾ ਹੀ ਕਿਹਾ ਕਿ 'ਇਹਨਾਂ ਮਾਸੂਮ ਜਿੰਦਾਂ ਦਾ ਕੀ
ਕਸੂਰ'। ਸ਼ੇਰ ਮੁਹੰਮਦ ਖਾਂ ਦੇ ਇਹਨਾਂ
ਸ਼ਬਦਾਂ ਨੂੰ ਸਦੀਆਂ ਤੋਂ ਸਿੱਖ ਕੌਮ ਨੇ 'ਹਾਅ ਦਾ ਨਾਅਰਾ'
ਕਹਿ ਕੇ ਦਿਲ ਨਾਲ ਲਾ ਕੇ ਰੱਖਿਆ ਹੋਇਆ ਹੈ। ਸਾਰੀ ਕੌਮ
ਉਸਦੀ ਅਹਿਸਾਨਮੰਦ ਹੈ, ਉਸਨੇ ਸਿਰਫ ਚਾਰ ਸ਼ਬਦ ਹੀ ਕਹੇ
ਸਨ। ਉਹਨਾਂ ਸ਼ਬਦਾਂ ਤੇ ਸਾਰੀ ਕੌਮ ਨੇ ਫੁੱਲ

ਚੜ੍ਹਾਉਂਦੇ ਹੋਏ 1947 ਦੇ ਕਤਲੋਗਾਰਦ ਵਿਚ ਵੀ
ਮਲੇਰਕੋਟਲਾ ਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ। ਇਹ ਹੈ
ਸ਼ਬਦ ਚਮਤਕਾਰ।
ਸਿਆਣਾ ਆਦਮੀ ਆਪਣੇ ਸ਼ਬਦਾਂ ਨੂੰ ਸੁਨਿਆਰ ਦੀ
ਤੱਕੜੀ 'ਤੇ ਤੋਲ ਕੇ ਬੋਲਦਾ ਹੈ। ਬਿਨਾਂ ਸੋਚੇ ਬੋਲਣਾ ਉਸੇ
ਤਰ੍ਹਾਂ ਹੁੰਦਾ ਹੈ, ਜਿਵੇਂ ਬਿਨਾਂ ਨਿਸ਼ਾਨੇ ਦੇ ਤੀਰ
ਛੱਡਣਾ। ਚੰਗੇ ਸ਼ਬਦਾਂ ਨੂੰ ਉਚਾਰਨ ਦੀ ਪ੍ਰੇਰਨਾ
ਦਿੰਦੀ ਕੁਰਦੀ ਇਕ ਕਹਾਵਤ ਅਨੁਸਾਰ: ਸੌ ਵਾਰ ਸੁਣੋ,
ਹਜ਼ਾਰ ਵਾਰ ਸੋਚੋ, ਪਰ ਬੋਲੋ ਇਕ ਵਾਰ ਹੀ। ਇਕ ਗੱਲ ਹਮੇਸ਼ਾ
ਯਾਦ ਰੱਖਣੀ ਚਾਹੀਦੀ ਹੈ ਕਿ ਜੋ ਸ਼ਬਦ ਮੂੰਹ ਵਿਚੋਂ ਨਿਕਲ
ਜਾਂਦੇ ਹਨ, ਉਹਨਾਂ ਦਾ ਚੰਗਾ ਜਾਂ ਮੰਦਾ ਪ੍ਰਭਾਵ ਪੈਣਾ
ਲਾਜ਼ਮੀ ਹੁੰਦਾ ਹੈ। ਸ਼ਬਦ ਸ਼ਕਤੀ ਦਾ ਪ੍ਰਤੀਕ ਹਨ।
ਤੁਹਾਡੇ ਮਨ ਦੀਆਂ ਭਾਵਨਾਵਾਂ ਨੂੰ ਸ਼ਬਦ ਜ਼ੁਬਾਨ ਦਿੰਦੇ
ਹਨ। ਸਫਲਤਾ ਦੀ ਚਾਹਤ ਰੱਖਣ ਵਾਲੇ ਵਿਅਕਤੀ ਆਪਣੇ
ਸੰਕਲਪ ਨੂੰ ਦ੍ਰਿੜ੍ਹ ਸ਼ਬਦਾਂ ਦੇ ਨਾਲ ਵਾਰ ਵਾਰ ਦੁਹਰਾ ਕੇ
ਆਪਣੀ ਮੰਜ਼ਿਲ ਦੀ ਤਰਫ ਵਧਦੇ ਨਜ਼ਰੀ ਪੈਂਦੇ ਹਨ।
ਸ਼ਬਦਾਂ ਨੂੰ ਵਾਰ ਵਾਰ ਦੁਹਰਾਉਣ ਨਾਲ ਸ਼ਬਦ ਸ਼ਕਤੀ ਜਿੱਥੇ
ਤੁਹਾਨੂੰ ਸਫਲਤਾ ਲਈ ਪ੍ਰੇਰਦੀ ਹੈ, ਉਥੇ 'ਖਿੱਚ ਦੇ
ਸਿਧਾਂਤ' ਅਨੁਸਾਰ ਕੁਦਰਤ ਤੁਹਾਡੀ ਸਫਲਤਾ ਲਈ ਰਾਹ
ਪੱਧਰਾ ਕਰਦੀ ਹੈ ਅਤੇ ਨਵੇਂ ਮੌਕੇ ਪੈਦਾ ਕਰਦੀ ਹੈ।
ਸਮਾਜ ਵਿਚ ਲੋਕਾਂ ਦਾ ਮਨਪਸੰਦ ਵਿਅਕਤੀ ਬਣਨ ਲਈ
ਮਿੱਠੇ ਬੋਲ ਬੋਲਣੇ ਆਉਣੇ ਚਾਹੀਦੇ ਹਨ, ਜਿਸਨੂੰ ਤਾਰੀਫ
ਕਰਨ ਦਾ ਵੱਲ ਆਉਂਦਾ ਹੋਵੇ, ਸਮਝੋ ਉਸਦੇ ਹੱਥ ਦੋਸਤ

ਬਣਾਉਦ ਦੀ ਕੂੰਜੀ ਆ ਗਈ। ਜਿਹੜਾ ਸ਼ਬਦਾਂ ਨਾਲ ਦੂਜੇ
ਨੂੰ ਜਿੱਤਣ ਦੀ ਕਲਾ ਵਿਚ ਮਾਹਿਰ ਹੋ ਗਿਆ ਤਾਂ ਸਮਝੋ
ਜ਼ਿੰਦਗੀ ਵਿਚ ਸਫਲਤਾ ਦੀਆਂ ਪੌੜੀਆਂ ਤੇਜ਼ੀ ਨਾਲ
ਚੜ੍ਹਨ ਲੱਗ ਪਿਆ। ਜੇ ਸ਼ਬਦਾਂ ਨਾਲ ਦੋਸਤ ਬਣਦੇ ਹਨ ਤਾਂ
ਇਨ੍ਹਾਂ ਕਾਰਨ ਦੁਸ਼ਮਣ ਵੀ ਪੈਦਾ ਹੋ ਜਾਂਦੇ ਹਨ। ਇਸੇ
ਕਾਰਨ ਗੁਰਬਾਣੀ ਵਿਚ ਮਿੱਠਾ ਬੋਲਣ ਦੀ ਸਿੱਖਿਆ ਗੁਰੂ
ਸਾਹਿਬਾਨ ਨੇ ਮਨੁੱਖ ਨੂੰ ਦਿੱਤੀ ਹੈ:
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਚਨ ਸ੍ਰੀ ਗੁਰੂ ਗ੍ਰੰਥ
ਸਾਹਿਬ ਦੇ ਅੰਗ ਪਾਤ ਤੇ ਦਰਜ ਹੈ:
ਨਾਨਕ ਫਿਕਾ ਬੋਲਿਆ ਤਨੁ ਮਨੁ ਫਿਕਾ ਹੋਇ॥
ਫਿਕੇ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕੇ ਦਰਗਾਹੁ ਸਦੀਐ ਮੁਹਿ ਥੁਕਾ ਫਿਕੇ ਖਾਇ॥
ਫਿਕਾ ਮੂਰਖੁ ਆਖੀਐ, ਪਾਣਾ ਲਹੇ ਸਜਾਇ॥
ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਫੁਰਮਾਉਂਦੇ
ਹਨ:
''ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿਮ
ਮੰਦਾ ਕਿਸਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ।
ਇਸ ਪ੍ਰਸੰਗ ਵਿਚ ਸ਼ੇਖ ਫਰੀਦ ਕਹਿੰਦੇ ਹਨ:
ਇਕੁ ਫਿਕਾ ਨਾ ਗਾਲਾਇ ਸਭਨਾ ਮੈ ਸਚਾ ਧਣੀ॥
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ॥
ਹਰ ਖੇਤਰ ਵਿਚ ਸਫਲਤਾ ਪਾਉਣ ਲਈ ਸ਼ਬਦਾਂ ਦੀ ਸ਼ਕਤੀ
ਦਾ ਸਹੀ ਉਪਯੋਗ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਜਿੱਥੇ
ਤੁਹਾਡੇ ਮਿੱਠੇ ਬੋਲ ਤੁਹਾਨੂੰ ਸ਼ੋਹਰਤ ਦਿਵਾਉਣ ਵਿਚ ਸਹਾਈ

ਹੁੰਦੇ ਹਨ, ਉਥੇ ਤੁਹਾਨੂੰ ਆਰਥਿਕ ਤੌਰ 'ਤੇ ਦ੍ਰਿੜ੍ਹ
ਬਣਾਉਂਦੇ ਹਨ। ਜਦੋਂ ਤੁਸੀਂ ਕਹਿੰਦੇ ਹੋ ਕਿ ''ਇਹ ਕੰਮ,
ਇਹ ਕੰਮ ਤਾਂ ਮੈਂ ਜ਼ਰੂਰ ਕਰੂੰਗਾ। ਮੇਰਾ ਸਫਲ ਹੋਣਾ
ਨਿਸਚਿਤ ਹੈ।'' ਅਜਿਹੇ ਸ਼ਬਦ ਤੁਹਾਨੂੰ ਪ੍ਰੇਰਨਾ ਦਿੰਦੇ ਹਨ।
ਤੁਹਾਡੀ ਸੋਚ ਨੂੰ ਸਕਾਰਾਤਮਕ ਬਣਾਉਂਦੇ ਹਨ। ਇਹਨਾਂ
ਸ਼ਬਦਾਂ ਨਾਲ ਤੁਹਾਨੂੰ ਨਵੀਂ ਸ਼ਕਤੀ ਮਿਲਦੀ ਹੈ। ਤੁਹਾਡੇ
ਜੀਵਨ ਵਿਚ ਵੱਡੀ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ।
ਭਾਵੇਂ ਕੁਝ ਵੀ ਹੋ ਜਾਵੇ ਮੈਂ ਸਫਲ ਹੋ ਕੇ ਰਹੂੰਗਾ।'' ਇਹ
ਤੁਹਾਡਾ ਆਪਣੇ ਆਪ ਨਾਲ ਕੀਤਾ ਇਕ ਬਚਨ ਹੈ। ਇਹ
ਬਚਨ, ਇਹ ਪ੍ਰਤੀਗਿਆ ਇਕ ਸ਼ਕਤੀ ਹੈ। ਇਹ ਸ਼ਕਤੀ ਤੁਹਾਡੇ
ਇਰਾਦੇ ਨੂੰ ਦ੍ਰਿੜ੍ਹ ਕਰਦੀ ਹੈ। ਜੋ ਸ਼ਬਦ ਦ੍ਰਿੜ੍ਹ ਇਰਾਦੇ
ਨਾਲ ਕਹੇ ਜਾਂਦੇ ਹਨ, ਜਿਹਨਾਂ ਸ਼ਬਦਾਂ ਵਿਚ ਆਤਮ ਵਿਸ਼ਵਾਸ
ਝਲਕਦਾ ਹੈ, ਉਹੀ ਸ਼ਬਦ ਪ੍ਰਭਾਵਸ਼ਾਲੀ ਹੁੰਦੇ ਹਨ।
ਸ਼ਬਦਾਂ ਦਾ ਅਸਰ ਚਿਰ ਸਥਾਈ ਹੁੰਦਾ ਹੈ। ਅੱਜ ਵਿਗਿਆਨ
ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸ਼ਬਦ ਕਦੇ ਵੀ ਮਿਟਦੇ
ਨਹੀਂ ਹਨ। ਸ਼ਬਦ ਕਦੇ ਨਸ਼ਟ ਨਹੀਂ ਹੁੰਦੇ। ਮੂੰਹੋਂ ਬੋਲੇ
ਸ਼ਬਦ ਹਮੇਸ਼ਾ ਹਮੇਸ਼ਾ ਲਈ ਵਾਯੂਮੰਡਲ ਵਿਚ ਰਲ ਮਿਲ ਜਾਂਦੇ
ਹਨ। ਹਜ਼ਾਰਾਂ ਸਾਲਾਂ ਤੋਂ ਸ਼ਬਦ ਵਾਯੂਮੰਡਲ ਵਿਚ ਸ਼ਾਮਲ ਹੋ
ਰਹੇ ਹਨ। ਭਾਵੇਂ ਅਜੇ ਤਕ ਵਿਗਿਆਨ ਇਹਨਾਂ ਸ਼ਬਦਾਂ ਨੂੰ ਫੜ
ਕੇ ਮੁੜ ਸੁਣਨ ਵਿਚ ਕਾਮਯਾਬ ਨਹੀਂ ਹੋ ਸਕਿਆ ਪਰ ਉਹ
ਦਿਨ ਦੂਰ ਨਹੀਂ ਜਦੋਂ ਵਿਗਿਆਨੀ ਇਨ੍ਹਾਂ ਦੀਆਂ
ਤਰੰਗਾਂ ਫੜ ਕੇ ਮੁੜ ਰੇਡੀਓ ਜਾਂ ਕਿਸੇ ਰੇਡੀਓ ਵਰਗੀ
ਮਸ਼ੀਨ ਰਾਹੀਂ ਮਨੁੱਖ ਦੇ ਕੰਨਾਂ ਤੱਕ ਪਹੁੰਚਾਉਣ

ਵਿਚ ਕਾਮਯਾਬ ਹੋ ਜਾਣਗੇ। ਜਿਵੇਂ ਅੱਜ ਅਸੀਂ ਹਜ਼ਾਰਾਂ
ਮੀਲਾਂ ਤੋਂ ਦੂਰ ਬੋਲ ਰਹੇ ਲੋਕਾਂ ਨੂੰ ਬਿਨਾਂ ਕਿਸੇ ਤਾਰ ਜਾਂ
ਹੋਰ ਵਸਤੂ ਤੋਂ ਆਪਣੇ ਟਰਾਂਜਿਸਟਰ ਰਾਹੀਂ ਸੁਣ ਸਕਦੇ ਹਾਂ।
ਪੰਜਾਬ ਦੇ ਕਾਫੀ ਨੌਜਵਾਨਾਂ ਵਾਂਗ ਯੂਨੀਵਰਸਿਟੀ ਵਿਚ
ਪੜ੍ਹਦਾ ਇਕ ਵਿਦਿਆਰਥੀ ਨਸ਼ਿਆਂ ਦੀ ਆਦਤ ਲਾ
ਬੈਠਾ। ਘਰਦਿਆਂ ਦਾ ਇਕਲੌਤਾ ਪੁੱਤਰ ਨਸ਼ਿਆਂ ਨਾਲ
ਆਪਣੀ ਜ਼ਿੰਦਗੀ ਤਬਾਹ ਕਰ ਰਿਹਾ ਸੀ। ਨਸ਼ਾ ਛੁਡਾਊ
ਕੇਂਦਰ ਦੀ ਸਖਤੀ ਵੀ ਉਸ ਤੋਂ ਨਸ਼ਾ ਨਹੀਂ ਛੁਡਾ ਸਕੀ।
ਮੇਰੇ ਇਕ ਹੋਮਮਿਓਪੈਥਿਕ ਡਾਕਟਰ ਜੋ ਥੌੜ੍ਹਾ ਬਹੁਤਾ
ਮਨੋਵਿਗਿਆਨ ਦਾ ਗਿਆਨ ਵੀ ਰੱਖਦਾ ਸੀ, ਨੇ ਉਸਨੂੰ
ਸਮਝਾਇਆ ਕਿ ਜੇ ਉਹ ਨਸ਼ਾ ਛੱਡਣ ਦੀ ਪ੍ਰਤੀਗਿਆ ਨੂੰ
ਵਾਰ ਵਾਰ ਦੁਹਰਾਏਗਾ ਤਾਂ ਸ਼ਬਦ ਦੀ ਸ਼ਕਤੀ ਉਸਦੇ ਨਸ਼ਾ
ਛੱਡਣ ਦੇ ਸੰਕਲਪ ਨੂੰ ਦ੍ਰਿੜ੍ਹ ਬਣਾ ਦੇਵੇਗੀ। ਸਾਡੀ
ਜ਼ਿੰਦਗੀ ਉਪਰ ਸਾਡੇ ਆਪਣੇ ਆਪ ਨਾਲ ਕੀਤੇ ਬਚਨਾਂ
ਦਾ ਬਹੁਤ ਪ੍ਰਭਾਵ ਪੈਂਦਾ ਹੈ। ਜੇਕਰ ਅਸੀਂ ਕੋਈ ਬਚਨ
ਆਪਣੇ ਆਪ ਨਾਲ ਕਰਨਾ ਚਾਹੁੰਦੇ ਹਾਂ ਤਾਂ ਉਸਨੂੰ ਉਚੀ
ਉਚੀ ਸ਼ਬਦਾਂ ਵਿਚ ਬੋਲਣਾ ਚਾਹੀਦਾ ਹੈ। ਵਾਰ ਵਾਰ
ਦੁਹਰਾਉਣਾ ਚਾਹੀਦਾ ਹੈ।
''ਮੈਂ ਨਸ਼ਾ ਛੱਡ ਦਿੱਤਾ ਹੈ, ਚਾਹੇ ਕੁਝ ਵੀ ਹੋਵੇ ਅੱਜ
ਤੋਂ ਨਸ਼ਾ ਨਹੀਂ ਕਰਾਂਗਾ। ਮੈਂ ਸੱਚਮੁਚ ਹੀ ਨਸ਼ਾ ਛੱਡ
ਦਿੱਤਾ ਹੈ।'' ਅਜਿਹੇ ਸ਼ਬਦ ਚਮਤਕਾਰੀ ਪ੍ਰਭਾਵ ਪਾਉਣ
ਦੀ ਸਮਰੱਥਾ ਰੱਖਦੇ ਹਨ। ਇਹ ਪ੍ਰਭਾਵ ਉਦੋਂ ਹੋਰ ਵੀ
ਵੱਧ ਜਾਂਦਾ ਹੈ, ਜਦੋਂ ਤੁਸੀਂ ਖੁਦ ਉਸ ਤਰ੍ਹਾਂ ਹੀ ਕਰਨਾ

ਚਾਹੁੰਦੇ ਹੋ, ਜਿਸ ਤਰ੍ਹਾਂ ਬੋਲਦੇ ਹੋ। ਤੁਹਾਡਾ ਮਨ ਸ਼ਬਦਾਂ ਨੂੰ
ਸੁਣਦਾ ਹੈ ਅਤੇ ਮੰਨਣ ਲੱਗਦਾ ਹੈ। ਆਪਣੇ ਆਪ ਨਾਲ
ਗੱਲ ਕਰਕੇ ਤੁਸੀਂ ਤੇਜ਼ੀ ਨਾਲ ਸਫਲਤਾ ਨਾਲ ਆਪਣੀ
ਨਿਰਾਸ਼ਾ ਤੇ ਫਤਿਹ ਪਾ ਸਕਦੇ ਹੋ। ਮੈਂ ਦੇਖਿਆ ਉਸ ਲੜਕੇ
ਨੇ ਨਸ਼ਾ ਛੱਡਣ ਲਈ ਇਹ ਫਾਰਮੂਲਾ ਵਰਤਿਆ ਅਤੇ
ਸਫਲਤਾ ਪ੍ਰਾਪਤ ਕੀਤੀ।
ਸ਼ਬਦ ਤੁਹਾਡੀਆਂ ਸੁੱਤੀਆਂ ਹੋਈਆਂ ਸ਼ਕਤੀਆਂ ਨੂੰ
ਜਗਾਉਂਦਾ ਹੈ। ਬੋਲੇ ਸੋ ਨਿਹਾਲ ਦੇ ਜੈਕਾਰੇ ਨੇ ਸਵਾ ਲੱਖ
ਨਾਲ ਇਕ ਲੜਾਉਣ ਵਾਲਾ ਕਥਨ ਸੱਚ ਕਰ ਦਿਖਾਇਆ।
ਜੰਗ ਦੇ ਮੈਦਾਨ ਵਿਚ ਉਚੀ ਉਚੀ ਬੋਲ ਕੇ ਲਾਏ ਨਾਹਰੇ
ਜਵਾਨਾਂ ਵਿਚ ਅੰਤਾਂ ਦਾ ਜੋਸ਼ ਭਰ ਦਿੰਦੇ ਹਨ। ਕਿਸੇ ਸਫਲ
ਬੁਲਾਰੇ ਦੇ ਮੂੰਹੋਂ ਨਿਕਲੇ ਸ਼ਬਦ ਦੇਸ਼ ਨੂੰ ਆਜ਼ਾਦੀ ਦੀ
ਰਾਹ ਤੇ ਲਿਜਾਂਦੇ ਸਾਰੀ ਦੁਨੀਆਂ ਨੇ ਵੇਖੇ ਹਨ। ਸ਼ਹੀਦ ਭਗਤ
ਸਿੰਘ ਦੇ ਮੂੰਹੋਂ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਨੇ
ਭਾਰਤ ਨੌਜਵਾਨਾਂ ਵਿਚ ਇਕ ਨਵੀਂ ਰੂਹ ਫੂਕ ਦਿੱਤੀ ਸੀ।
ਇਸੇ ਤਰ੍ਹਾਂ ਨੇਤਾ ਜੀ ਸੁਭਾਸ਼ ਦੇ ਸ਼ਬਦ 'ਆਪ ਹਮੇਂ ਖੂਨ
ਦੇ ਮੈਂ ਤੁਮੇ ਆਜ਼ਾਦੀ ਦੂੰਗਾ' ਹਾਲੇ ਤੱਕ
ਹਿੰਦੁਸਤਾਨੀਆਂ ਮਨਾਂ ਵਿਚ ਗੂੰਜ ਰਹੇ ਹਨ। ਜੇ ਤੁਸੀਂ
ਆਪਣੇ ਉਦੇਸ਼ ਵਿਚ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ
ਪੂਰਨ ਵਿਸ਼ਵਾਸ ਭਰੇ ਸ਼ਬਦਾਂ ਨਾਲ ਆਪਣੇ ਆਪ ਨਾਲ
ਵਾਅਦਾ ਕਰੋ। ਤੁਹਾਡਾ ਵਿਸ਼ਵਾਸ ਤੁਹਾਡੀ ਸਫਲਤਾ ਵਿਚ ਹੈ ਅਤੇ
ਤੁਹਾਡੀ ਸਫਲਤਾ ਤੁਹਾਡੇ ਵਿਸ਼ਵਾਸ ਵਿਚ ਹੈ। ਅਸਲ ਵਿਚ ਸ਼ਬਦਾਂ ਨੂੰ
ਜੀਵਨ ਦੇਣ ਵਾਲੀ ਸ਼ਕਤੀ ਤੁਹਾਡਾ ਦਿਲ ਹੈ। ਤੁਹਾਡੀ ਅੰਤਰ

ਆਤਮਾ ਹੈ, ਤੁਹਾਡਾ ਅੰਤਹਕਰਨ ਹੈ। ਸ਼ਬਦਾਂ ਨੂੰ ਜ਼ੁਬਾਨ
ਭਾਵੇਂ ਤੁਹਾਡਾ ਮੂੰਹ ਹੀ ਦਿੰਦਾ ਹੈ ਪਰ ਅਗਰ ਸ਼ਬਦ ਦਿਲ
ਤੋਂ ਨਿਕਲਦੇ ਹਨ ਤਾਂ ਹੀ ਅਸਲ ਪ੍ਰਭਾਵ ਪਾਉਂਦੇ ਹਨ:
ਜੋ ਬਾਤ ਦਿਲ ਸੇ ਨਿਕਲਤੀ ਹੈ
ਵੋਹੀ ਅਸਰ ਰੱਖਤੀ ਹੈ
ਪਰ ਨਹੀਂ ਤਾਕਤੇ ਪਰਵਾਜ਼
ਮਗਰ ਰੱਖਤੀ ਹੈ।
ਸਮਾਜ ਵਿਚ ਸਫਲਤਾ ਪ੍ਰਾਪਤ ਕਰਨ ਲਈ ਸ਼ਬਦਾਂ ਦਾ ਸਹੀ
ਇਸਤੇਮਾਲ ਕਰਨਾ ਇਕ ਕਲਾ ਹੈ। ਇਹ ਕਲਾ ਜਾਨਣ ਵਾਲਾ
ਕਲਾਕਾਰ ਲੋਕਾਂ ਵਿਚ ਹਰਮਨ ਪਿਆਰਾ ਹੁੰਦਾ ਹੈ। ਮਿੱਠੇ
ਬੋਲਾਂ ਨਾਲ ਲੋਕਾਂ ਦੀ ਸਹੀ ਅਤੇ ਦਿਲੋਂ ਪ੍ਰਸੰਸਾ ਕਰਨ
ਵਾਲੇ ਲੋਕ ਆਦਰ ਅਤੇ ਸਤਿਕਾਰ ਦੇ ਹੱਕਦਾਰ ਹੁੰਦੇ ਹਨ। ਹਰ
ਮਹਿਫਲ ਵਿਚ ਉਹਨਾਂ ਦੀ ਉਡੀਕ ਹੁੰਦੀ ਹੈ। ਦੂਜੇ ਪਾਸੇ
ਸ਼ਬਦਾਂ ਦੇ ਤੀਰ ਛੱਡਣ ਵਾਲੇ ਲੋਕ ਨਿੰਦਾ ਅਤੇ ਨਫਰਤ
ਦਾ ਸ਼ਿਕਾਰ ਹੁੰਦੇ ਹਨ। ਜਿਹਨਾਂ ਦੀ ਜ਼ੁਬਾਨ ਕੰਡੇ ਵਰਗੀ
ਹੋਵੇ, ਉਹਨਾਂ ਨੂੰ ਗੁਬਾਰਿਆਂ ਦੇ ਚੁੰਮਣ ਨਹੀਂ ਲੈਣੇ
ਚਾਹੀਦੇ। ਹਵਾ ਅੱਗ ਨੂੰ ਅਤੇ ਬੋਲ ਗੁੱਸੇ ਨੂੰ ਭੜਕਾਉਂਦੇ ਹਨ।
ਇਕੋ ਸ਼ਬਦ ਤੁਹਾਡੀ ਜ਼ਿੰਦਗੀ ਖਰਾਬ ਵੀ ਕਰ ਸਕਦਾ ਹੈ
ਅਤੇ ਇਕੋ ਸ਼ਬਦ ਤੁਹਾਡੀ ਜ਼ਿੰਦਗੀ ਬਣਾ ਵੀ ਸਕਦਾ ਹੈ।
ਮੂੰਹ 'ਚੋਂ ਨਿਕਲੇ ਸ਼ਬਦ ਨੂੰ ਲੱਖਾਂ ਦੀ ਫੌਜ ਵੀ ਫੜ ਨਹੀਂ
ਸਕਦੀ। ਪੱਥਰ ਖੁਰ ਜਾਂਦੇ ਹਨ ਪਰ ਸ਼ਬਦ ਨਹੀਂ।
ਮੈਡਾਗਾਸਕਰ ਦੇ ਇਹ ਬੋਲ ਯਾਦ ਰੱਖਣੇ ਚਾਹੀਦੇ ਹਨ ਕਿ
ਸ਼ਬਦ ਆਂਡਿਆਂ ਵਰਗੇ ਹੁੰਦੇ ਹਨ, ਇਕ ਵਾਰ ਖੁੱਲ੍ਹ ਜਾਣ

ਤਾਂ ਇਹਨਾਂ ਨੂੰ ਪਰ ਲੱਗ ਜਾਂਦੇ ਹਨ। ਇਹ ਕਾਰਨ ਹੈ ਸਫਲ
ਮਨੁੱਖ ਸ਼ਬਦਾਂ ਦਾ ਇਸਤੇਮਾਲ ਬਹੁਤ ਸੋਚ ਸਮਝ ਕੇ ਕਰਦੇ
ਹਨ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸ਼ਬਦ ਤਾਂ ਤੁਹਾਡੇ ਦਿਲ
ਦੀਆਂ ਬਾਰੀਆਂ ਹੁੰਦੇ ਹਨ। ਉਹਨਾਂ ਨੂੰ ਇਹ ਵੀ ਪਤਾ
ਹੁੰਦਾ ਹੈ ਕਿ ਦੁਨੀਆਂ ਨੂੰ ਜਿੱਤਣ ਲਈ ਸ਼ਬਦਾਂ ਦਾ
ਕਲਾਕਾਰ ਹੋਣਾ ਜ਼ਰੂਰੀ ਹੈ। ਮੈਨੂੰ ਯਕੀਨ ਹੈ ਕਿ ਤੁਸੀਂ
ਸ਼ਬਦਾਂ ਦੇ ਅਜਿਹੇ ਕਲਾਕਰ ਬਣੋਗੇ ਜੋ ਦਿਲਾਂ ਦੀ ਬਾਜੀ
ਜਿੱਤਣ ਦੇ ਮਾਹਿਰ ਹੋਣ ਦਾ ਮਨ ਲਵੋਗੇ।


Vandana

Content Editor

Related News