ਆਖ਼ਿਰ ਕਿਉਂ ਅਚਾਨਕ ਰੋਣ ਲੱਗ ਪੈਂਦੇ ਹਨ ਕੁੱਤੇ ? ਕੀ ਹੈ ਇਸ ਦੀ ਅਸਲ ਸੱਚਾਈ
Friday, Nov 29, 2024 - 06:02 AM (IST)
ਤੁਸੀਂ ਕਈ ਵਾਰ ਕੁੱਤਿਆਂ ਦੇ ਰੋਂਦੇ ਹੋਏ ਸੁਣਿਆ ਹੋਵੇਗਾ। ਕਿਹਾ ਜਾਂਦਾ ਹੈ ਕਿ ਕੁੱਤਿਆਂ ਦਾ ਰਾਤ ਨੂੰ ਰੋਣਾ ਜਾਂ ਅਜੀਬ ਢੰਗ ਨਾਲ ਭੌਂਕਣਾ ਅਸ਼ੁਭ ਸੰਕੇਤ ਹਨ। ਕੁੱਤੇ ਸਮਾਜਿਕ ਜਾਨਵਰ ਹਨ, ਉਹ ਮਨੁੱਖਾਂ ‘ਤੇ ਨਿਰਭਰ ਕਰਦੇ ਹਨ। ਅਜਿਹੀ ਸਥਿਤੀ ਵਿਚ ਜਦੋਂ ਉਹ ਇਕੱਲੇ ਹੁੰਦੇ ਹਨ ਜਾਂ ਰਾਤ ਨੂੰ ਭੁੱਖੇ ਹੁੰਦੇ ਹਨ ਤਾਂ ਉਹ ਰਾਤ ਨੂੰ ਅਜੀਬ ਜਿਹੀਆਂ ਆਵਾਜ਼ਾਂ ਕੱਢਦੇ ਹਨ, ਜਿਸ ਨੂੰ ਅਸੀਂ ਰੋਣਾ ਕਹਿੰਦੇ ਹਾਂ। ਇਸ ਨਾਲ ਜੁੜੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ ਜਿਵੇਂ ਕਿ ਉਨ੍ਹਾਂ ਨੂੰ ਕਿਸੇ ਦੀ ਮੌਤ ਦਾ ਅਹਿਸਾਸ ਹੁੰਦਾ ਹੈ ਜਾਂ ਉਨ੍ਹਾਂ ਨੂੰ ਕੋਈ ਆਤਮਾ ਦਿਖਾਈ ਦਿੰਦੀ ਹੈ ਪਰ ਅੱਜ ਅਸੀਂ ਜਾਣਾਂਗੇ ਕਿ ਵਿਗਿਆਨੀ ਇਸ ਬਾਰੇ ਕੀ ਮੰਨਦੇ ਹਨ।
1. ਧਾਰਮਿਕ ਤੇ ਅੰਧਵਿਸ਼ਵਾਸ
ਲੋਕਾਂ ਦੀ ਮੰਨੀਏ ਤਾਂ ਜਦੋਂ ਕੁੱਤੇ ਰੋਂਦੇ ਹਨ ਤਾਂ ਇਹ ਕਿਸੇ ਅਸ਼ੁਭ ਘਟਨਾ ਜਾਂ ਮੌਤ ਦਾ ਸੰਕੇਤ ਦਿੰਦੇ ਹਨ। ਕੁਝ ਲੋਕ ਮੰਨਦੇ ਹਨ ਕਿ ਕੁੱਤਿਆਂ ਨੂੰ ਅਦ੍ਰਿਸ਼ਯ ਆਤਮਿਕ ਤਾਕਤਾਂ ਦਾ ਅਹਿਸਾਸ ਹੁੰਦਾ ਹੈ, ਜੋ ਇਨਸਾਨ ਨਹੀਂ ਵੇਖ ਸਕਦੇ।
2. ਵਿਗਿਆਨਿਕ ਕਾਰਨ
ਕੁੱਤਿਆਂ ਦੇ ਰੋਣ ਨੂੰ ਲੈ ਕੇ ਵਿਗਿਆਨਿਕ ਕਾਰਨ ਇਹ ਹੈ ਕਿ ਕੁੱਤਿਆਂ ਦੀ ਸੁਣਨ ਸ਼ਕਤੀ ਬਹੁਤ ਤੇਜ਼ ਹੁੰਦੀ ਹੈ। ਉਹ ਉੱਚ ਤਰੰਗਾਂ ਵਾਲੀਆਂ ਅਵਾਜ਼ਾਂ ਜਿਵੇਂ ਕਿ ਸਾਇਰਨ ਤੇ ਹੌਰਨ ਨੂੰ ਸੁਣ ਸਕਦੇ ਹਨ, ਜੋ ਉਨ੍ਹਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ, ਜਿਸ ਕਾਰਨ ਉਹ ਰੋਂਦੇ ਹਨ। ਦੂਜੇ ਪਾਸੇ ਕੁੱਤੇ ਬਦਲਦੇ ਮੌਸਮ ਜਾਂ ਕੁਦਰਤੀ ਆਫ਼ਤਾਂ (ਭੂਚਾਲ ਜਾਂ ਤੂਫ਼ਾਨਾਂ) ਨੂੰ ਪਹਿਲਾਂ ਹੀ ਮਹਿਸੂਸ ਕਰ ਲੈਂਦੇ ਹਨ ਅਤੇ ਇਸ ਕਾਰਨ ਵੀ ਉਹ ਉੱਚੀ-ਉੱਚੀ ਆਵਾਜ਼ ਵਿਚ ਰੋਣ ਲੱਗ ਪੈਂਦੇ ਹਨ। ਇਸ ਤੋਂ ਇਲਾਵਾ ਕਈ ਵਾਰ ਕੁੱਤਿਆਂ ਨੂੰ ਕੋਈ ਸੱਚ ਲੱਗੀ ਹੋਵੇ, ਬਿਮਾਰੀ ਹੋਵੇ ਜਾਂ ਉਹ ਭੁੱਖੇ ਹੋਣ ਤਾਂ ਵੀ ਉਹ ਰੋਂਦੇ ਹਨ। ਕਈ ਵਾਰ ਜਦੋਂ ਉਹ ਇਕੱਲੇ ਹੁੰਦੇ ਤਾਂ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅਜਿਹਾ ਕਰਦੇ ਹਨ।
ਦੱਸ ਦਈਏ ਕਿ ਜਦੋਂ ਕੁੱਤਾ ਰੋਵੇ ਤਾਂ ਉਸਦੀ ਸਿਹਤ ਜਾਂ ਆਲੇ-ਦੁਆਲੇ ਦੇ ਹਾਲਾਤਾਂ ਦਾ ਜਾਇਜ਼ਾ ਲਵੋ। ਜੇ ਉਹ ਬਿਨਾਂ ਕਿਸੇ ਕਾਰਨ ਦੇ ਬਹੁਤ ਜ਼ਿਆਦਾ ਰੋ ਰਿਹਾ ਹੈ ਤਾਂ ਵੈਟਰਨਰੀ ਡਾਕਟਰ ਨਾਲ ਸਲਾਹ ਕਰੋ। ਉਸਨੂੰ ਪਿਆਰ ਕਰੋ।