ਖੁਸ਼ੀਆਂ ਦਾ ਸੰਦੇਸ਼ ਦਿੰਦਾ ‘ਲੋਹੜੀ’ ਦਾ ਤਿਉਹਾਰ

Friday, Jan 13, 2023 - 06:31 AM (IST)

ਖੁਸ਼ੀਆਂ ਦਾ ਸੰਦੇਸ਼ ਦਿੰਦਾ ‘ਲੋਹੜੀ’ ਦਾ ਤਿਉਹਾਰ

ਲੋਹੜੀ ਖੁਸ਼ੀਆਂ ਅਤੇ ਉਤਸ਼ਾਹ ਦਾ ਤਿਉਹਾਰ ਹੈ। ਲੋਹੜੀ ਮੁੱਖ ਤਿੰਨ ਸ਼ਬਦਾਂ ਨੂੰ ਜੋੜ ਕੇ ਬਣਿਆ ਹੈ। ਲ (ਲੱਕੜ) ਓਹ (ਸੁੱਕੇ ਉਪਲੇ) ਅਤੇ ੜੀ (ਰੇਵੜੀ)। ਲੋਹੜੀ ਦੇ ਤਿਉਹਾਰ ਦੀ ਦਸਤਕ ਦੇ ਨਾਲ ਹੀ ਪਹਿਲਾਂ ‘ਸੁੰਦਰ-ਮੁੰਦਰੀਏ’, ‘ਦੇ ਮਾਈ ਲੋਹੜੀ ਜੀਵੇ ਤੇਰੀ ਜੋੜੀ’ ਆਦਿ ਲੋਕ ਗੀਤ ਗਾ ਕੇ ਲੋਹੜੀ ਮੰਗਣ ਦਾ ਰਿਵਾਜ ਸੀ। ਸਮਾਂ ਬਦਲਣ ਨਾਲ ਕਈ ਪੁਰਾਣੀਆਂ ਰਸਮਾਂ ’ਤੇ ਨਵੇਂ  ਜ਼ਮਾਨੇ ਦਾ ਪ੍ਰਭਾਵ ਪੈ ਰਿਹਾ ਹੈ। ਲੋਹੜੀ ਦਾ ਤਿਉਹਾਰ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਹੁਣ ਪਿੰਡਾਂ ’ਚ ਲੜਕੇ-ਲੜਕੀਆਂ ਲੋਹੜੀ ਮੰਗਦੇ ਹੋਏ ਰਵਾਇਤੀ ਗੀਤ ਗਾਉਂਦੇ ਘੱਟ ਹੀ ਦਿਖਾਈ ਦਿੰਦੇ ਹਨ। ਗੀਤਾਂ ਦੀ ਥਾਂ ‘ਡੀ. ਜੇ.’ ਨੇ ਲੈ ਲਈ ਹੈ। ਲੋਹੜੀ ਦੀ ਰਾਤ ਨੂੰ ਗੰਨੇ ਦੇ ਰਸ ਦੀ ਖੀਰ ਬਣਾਈ ਜਾਂਦੀ ਹੈ ਅਤੇ ਅਗਲੇ ਦਿਨ ਮਾਘੀ ਦੇ ਦਿਨ ਖਾਧੀ ਜਾਂਦੀ ਹੈ। ਇਹ ਤਿਉਹਾਰ ਛੋਟੇ ਬੱਚਿਆਂ ਅਤੇ  ਨਵ-ਵਿਆਹੁਤਾ ਜੋੜਿਆਂ ਲਈ ਖਾਸ  ਮਹੱਤਵ ਰੱਖਦਾ ਹੈ। ਲੋਹੜੀ ਦੀ ਸ਼ਾਮ ਨੂੰ ਲਗਾਏ ਲੱਕੜੀਆਂ ਦੇ ਧੂਣੇ ਦੇ  ਸਾਹਮਣੇ ਨਵੇ ਵਿਆਹੇ ਜੋੜੇ  ਆਪਣੇ ਵਿਆਹੁਤਾ ਜੀਵਨ ਨੂੰ ਸੁਖਮਈ ਬਣਾਈ ਰੱਖਣ ਦੀ ਕਾਮਨਾ ਕਰਦੇ ਹਨ।

ਕਿਹਾ ਜਾਂਦਾ ਹੈ ਕਿ ਇਕ ਬ੍ਰਾਹਮਣ ਦੀਆਂ ਦੋ ਲੜਕੀਆਂ ਸੁੰਦਰੀ ਅਤੇ ਮੁੰਦਰੀ ਦੇ ਨਾਲ ਲੱਗਦੇ ਇਲਾਕੇ ਦਾ ਮੁਗਲ ਸ਼ਾਸਕ ਜ਼ਬਰਦਸਤੀ ਵਿਆਹ ਕਰਨਾ ਚਾਹੁੰਦੇ ਸੀ ਪਰ ਉਨ੍ਹਾਂ ਦੀ  ਮੰਗਣੀ ਕਿਤੇ ਹੋਰ ਹੋਈ ਸੀ ਅਤੇ ਮੁਗਲ ਸ਼ਾਸਕ ਦੇ ਡਰ ਤੋਂ ਉਨ੍ਹਾਂ ਲੜਕੀਆਂ ਦੇ ਸਹੁਰੇ ਵਾਲੇ ਵਿਆਹ ਲਈ ਤਿਆਰ ਨਹੀਂ ਹੋ ਰਹੇ ਸਨ। ਮੁਸੀਬਤ ਦੀ ਘੜੀ ’ਚ ਦੁੱਲਾ ਭੱਟੀ ਨੇ ਬ੍ਰਾਹਮਣ ਦੀ ਮਦਦ ਕੀਤੀ ਅਤੇ ਲੜਕੇ ਵਾਲਿਆਂ ਨੂੰ ਮਨਾ ਕੇ ਇਕ ਜੰਗਲ ’ਚ ਅੱਗ ਬਾਲ ਕੇ ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਵਾ ਕੇ ਖੁਦ ਉਨ੍ਹਾਂ ਦਾ ਕੰਨਿਆਦਾਨ ਕੀਤਾ। ਕਹਾਵਤ ਹੈ ਕਿ ਦੁੱਲੇ ਨੇ ਸ਼ਗਨ ਦੇ ਰੂਪ ਵਿਚ ਉਨ੍ਹਾਂ ਦੋਹਾਂ ਨੂੰ ਸ਼ੱਕਰ ਦਿੱਤੀ।
 
ਇਸ ਕਥਨ ਦੀ ਹਮਾਇਤ ਕਰਦਾ ਲੋਹੜੀ ਦਾ ਇਹ ਗੀਤ ਹੈ,
ਜਿਸ ਨੂੰ ਲੋਹੜੀ ਦੇ ਦਿਨ ਗਾਇਆ ਜਾਾਂਦਾ ਹੈ।
‘ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਬੇਚਾਰਾ ਹੋ।
ਦੁੱਲਾ ਭੱਟੀ ਵਾਲਾ ਹੋ, ਦੁੱਲੇ ਨੇ ਧੀ ਵਿਆਹੀ ਹੋ।
ਸੇਰ ਸ਼ੱਕਰ ਪਾਈ ਹੋ, ਕੁੜੀ ਦਾ ਲਾਲ ਪਟਾਕਾ ਹੋ।
ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ।
ਚਾਚਾ ਚੂਰੀ ਕੁੱਟੀ ਹੋ, ਜਿੰਮੀਂਦਾਰ ਲੁੱਟੀ ਹੋ।
ਜਿੰਮੀਂਦਾਰ ਸੁਧਾਏ ਹੋ, ਬੜੇ ਪੋਲੇ ਆਏ ਹੋ।
ਇਕ ਪੋਲਾ ਰਹਿ ਗਿਆ,
ਸਿਪਾਹੀ ਫੜ ਕੇ ਲੈ ਗਿਆ।
ਸਿਪਾਹੀ ਨੇ ਮਾਰੀ ਇੱਟ, ਭਾਵੇਂ ਰੋ ਭਾਵੇਂ ਪਿੱਟ,
ਸਾਨੂੰ ਦੇ ਦਿਓ ਲੋਹੜੀ, ਜੀਵੇ ਤੇਰੀ ਜੋੜੀ।
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ-ਛੇਤੀ ਤੋਰ,
ਸਾਡੇ ਪੈਰਾਂ ਹੇਠ ਪਰਾਤ, ਸਾਨੂੰ ਉਤੋਂ ਪੈ ਗਈ ਰਾਤ।
ਦੇ ਮਾਈ ਲੋਹੜੀ, ਜੀਵੇ ਤੇਰੀ ਜੋੜੀ।
ਕ੍ਰਿਸ਼ਨ ਪਾਲ ਛਾਬੜਾ।


author

Anuradha

Content Editor

Related News