ਬਹੁਤਾ ਸਮਾਂ ਟੀ.ਵੀ ਅਤੇ ਫੋਨ ’ਤੇ ਬਿਤਾਉਣਾ ਹੋ ਸਕਦਾ ਹੈ ਹਾਨੀਕਾਰਕ
Friday, May 15, 2020 - 05:25 PM (IST)
ਅਸੀਂ ਪਹਿਲਾਂ ਹੀ ਟੀ.ਵੀ., ਕੰਪਿਊਟਰ ਅਤੇ ਫੋਨ ’ਤੇ ਆਪਣਾ ਜ਼ਰੂਰ ਤੋਂ ਜ਼ਿਆਦਾ ਸਮਾਂ ਬਿਤਾ ਰਹੇ ਸੀ। ਇਸ ਤਾਲਾਬੰਦੀ ਨੇ ਇਸ ਨੂੰ ਹੋਰ ਵੀ ਵਧਾ ਦਿੱਤਾ ਹੈ। ਡਾਕਟਰ ਪਹਿਲਾਂ ਹੀ ਲੰਬੇ ਸਮੇਂ ਤੱਕ ਸਕਰੀਨ ਵੱਲ ਦੇਖਣ ਦੇ ਅਖਾਂ ਉੱਤੇ ਪੈਂਦੇ ਮਾੜੇ ਅਸਰ ਤੋਂ ਲੋਕਾਂ ਨੂੰ ਚਿਤਾਵਨੀ ਦਿੰਦੇ ਆ ਰਹੇ ਹਨ। ਕੰਪਿਊਟਰ ’ਤੇ 6 ਤੋਂ 8 ਘੰਟੇ ਰੋਜ਼ਾਨਾ ਕੰਮ ਕਰਨ ਵਾਲਿਆਂ ਵਿਚੋਂ 80 ਪ੍ਰਸੈਂਟ ਲੋਕਾਂ ਵਿਚ ਅੱਖਾਂ ਦੀ ਥਕਾਨ, ਗਰਦਨ ਦਾ ਦਰਦ, ਸਿਰ ਦਰਦ, ਅੱਖਾਂ ਦੀ ਲਾਲਗੀ ਅਤੇ ਧੁੰਧਲਾ ਦਿਖਾਈ ਦੇਣ ਵਰਗੇ ਲੱਛਣ ਪਾਏ ਜਾਂਦੇ ਹਨ। ਇਹ ਤਕਲੀਫ਼ ਸਿਰਫ਼ ਵੱਡਿਆਂ ਵਿਚ ਹੀ ਨਹੀਂ, ਸਗੋਂ ਹੁਣ ਤਾਂ ਬੱਚਿਆਂ ਵਿਚ ਵੀ ਆਮ ਹੋ ਗਈ ਹੈ। ਬਾਰ-ਬਾਰ ਐਨਕ ਦੇ ਸ਼ੀਸ਼ੇ ਬਦਲਣ ਦੀ ਪਰੇਸ਼ਾਨੀ ਵੀ ਸਾਹਮਣੇ ਆਉਂਦੀ ਹੈ।
ਆਓ ਦੇਖੀਏ ਕਿ ਇਹ ਸਾਡੇ ਸਰੀਰ ’ਤੇ ਕਿਵੇਂ ਅਸਰ ਕਰਦਾ ਹੈ। ਇਸ ਵਿਚ ਕਈ ਗੱਲਾਂ ਦਾ ਯੋਗਦਾਨ ਹੁੰਦਾ ਹੈ। ਜਿਵੇਂ-
. ਕੰਪਿਊਟਰ ਜਾਂ ਲੈਪਟਾਪ ’ਤੇ ਲਗਾਤਾਰ ਪੰਜ ਘੰਟੇ ਕੰਮ ਕਰਨਾ।
. ਲਗਾਤਾਰ ਪੰਜ ਘੰਟੇ ਟੈਲੀਵੀਜ਼ਨ ਵੇਖਣਾ, ਲਗਾਤਾਰ ਫੋਨ ’ਤੇ ਵੀਡੀਓ ਗੇਮ ਖੇਡਣਾ ਜਾਂ ਵੀਡੀਓ ਦੇਖਣਾ।
. ਜੇ ਰੋਸ਼ਨੀ ਠੀਕ ਨਾ ਹੋਵੇ ਅਤੇ ਸਹੀ ਸਥਿਤੀ ਵਿਚ ਨਾ ਬੈਠਿਆ ਜਾਵੇ ਤਾਂ ਇਹ ਮੁਸ਼ਕਲ ਹੋਰ ਵੀ ਵਧ ਜਾਂਦੀ ਹੈ।
ਪੜ੍ਹੋ ਇਹ ਵੀ ਖਬਰ - ਅੰਤਰਰਾਸ਼ਟਰੀ ਪਰਿਵਾਰ ਦਿਵਸ : ਸਾਡੇ ਸਮਾਜ ਦੀ ਮਜ਼ਬੂਤ ਤੇ ਅਹਿਮ ਇਕਾਈ ‘ਪਰਿਵਾਰ’
ਪੜ੍ਹੋ ਇਹ ਵੀ ਖਬਰ - ਸ਼ਾਇਦ ਕੋਰੋਨਾ ਵਾਇਰਸ ਕਦੇ ਵੀ ਖਤਮ ਨਾ ਹੋਵੇ : ਵਿਸ਼ਵ ਸਿਹਤ ਸੰਗਠਨ (ਵੀਡੀਓ)
ਜਦੋਂ ਤੁਸੀਂ ਕੰਪਿਊਟਰ ਦੇ ਅੱਗੇ ਬੈਠਦੇ ਹੋ ਤਾਂ ਅੱਖਾਂ ਨੂੰ ਬਹੁਤ ਕੰਮ ਕਰਨਾ ਪੈਂਦਾ ਹੈ। ਕਦੀ ਦੂਰ ਅਤੇ ਕਈ ਨੇੜੇ ਦੇਖਣਾ ਪੈਂਦਾ ਹੈ। ਇਸ ਨਾਲ ਅੱਖਾਂ ’ਤੇ ਕਾਫ਼ੀ ਜ਼ੋਰ ਪੈਂਦਾ ਹੈ। ਸਾਡੀ ਹੰਝੂ ਬਣਾਉਣ ਵਾਲੀ ਗ੍ਰੰਥੀ ਕਾਫ਼ੀ ਹੰਝੂ ਬਣਾਉਂਦੀ ਹੈ, ਜਿਸ ਨਾਲ ਅੱਖਾਂ ਦੇ ਅੱਗੇ ਇਕ ਪਾਣੀ ਦੀ ਪਰਤ ਹਮੇਸ਼ਾ ਬਣੀ ਰਹਿੰਦੀ ਹੈ। ਅੱਖ ਝਪਕਣ ਨਾਲ ਇਹ ਪਰਤ ਬਰਕਰਾਰ ਰਹਿੰਦੀ ਹੈ। ਜਦੋਂ ਅਸੀਂ ਲਗਾਤਾਰ ਫੋਨ ਜਾਂ ਕੰਪਿਊਟਰ ਵੱਲ ਦੇਖਦੇ ਹਾਂ ਤਾਂ ਸਾਡੀ ਅੱਖਾਂ ਝਪਕਣ ਦੀ ਰਫ਼ਤਾਰ ਵੀ ਅੱਧੀ ਰਹਿ ਜਾਂਦੀ ਹੈ। ਜੇ ਅਸੀਂ ਆਮ ਕਰਕੇ ਇਕ ਮਿੰਟ ਵਿਚ 15 ਵਾਰ ਅੱਖਾਂ ਝਪਕਦੇ ਹਾਂ ਤਾਂ ਇਹ 7 ਵਾਰ ਰਹਿ ਜਾਂਦਾ ਹੈ। ਇਸ ਨਾਲ ਹੰਝੂ ਸੁੱਕ ਜਾਂਦੇ ਹਨ। ਜੇ ਤੁਹਾਡੇ ਐਨਕਾਂ ਲੱਗੀਆਂ ਹੋਈਆਂ ਹਨ ਤਾਂ ਪਰੇਸ਼ਾਨੀ ਹੋਰ ਵੀ ਵੱਧ ਹੁੰਦੀ ਹੈ। ਜੇ ਤੁਹਾਡੀ ਉਮਰ 40 ਤੋਂ ਵੱਧ ਹੈ ਤਾਂ ਕੰਪਿਊਟਰ ’ਤੇ ਕੰਮ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ।
ਆਮ ਤੌਰ ’ਤੇ ਹਰ ਵਿਅਕਤੀ ਸੌਣ ਤੋਂ ਪਹਿਲਾਂ ਆਪਣਾ ਫੋਨ ਦੇਖ ਕੇ ਸੌਂਦਾ ਹੈ। ਕੰਮ ਦੀ ਜਗ੍ਹਾ ’ਤੇ 8 ਤੋਂ 10 ਘੰਟੇ ਕੰਪਿਊਟਰ ’ਤੇ ਕੰਮ ਕਰਕੇ, ਫਿਰ ਘਰ ਆ ਕੇ ਚਾਰ ਤੋਂ ਪੰਜ ਘੰਟੇ ਟੈਲੀਵੀਜ਼ਨ ਦੇਖ ਕੇ, ਸੌਣ ਲੱਗਿਆਂ ਫੋਨ ਨਾਲ ਚਿੰਬੜ ਜਾਣਾ ਕੋਈ ਚੰਗੀ ਆਦਤ ਨਹੀਂ ਹੈ। ਇਕ ਖੋਜ ਵਿਚ ਇਹ ਸਾਬਤ ਹੋਇਆ ਹੈ ਕਿ ਅਜਿਹੇ ਲੋਕਾਂ ਨੂੰ ਜਲਦੀ ਨੀਂਦ ਨਹੀਂ ਆਉਂਦੀ। ਅਗਲੇ ਦਿਨ ਉਹ ਥਕਾਨ ਮਹਿਸੂਸ ਕਰਦੇ ਹਨ।
ਪੜ੍ਹੋ ਇਹ ਵੀ ਖਬਰ - ਕੀ ਹੈ Y2K ਸੰਕਟ? ਜਿਸਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ ਜ਼ਿਕਰ (ਵੀਡੀਓ)
ਪੜ੍ਹੋ ਇਹ ਵੀ ਖਬਰ - ਕੋਰੋਨਾ ਸੰਕਟ ਮੀਡੀਆ ਜਗਤ ਵਿਚ ਲਿਆ ਰਿਹਾ ਹੈ ਵੱਡੀਆਂ ਤਬਦੀਲੀਆਂ
ਬੱਚਿਆਂ ਵਿਚ ਸਭ ਤੋਂ ਜ਼ਿਆਦਾ ਸਮਾਂ ਟੀ.ਵੀ. ਜਾਂ ਫੋਨ ’ਤੇ ਗੁਜ਼ਾਰਨ ਦੇ ਹੋਰ ਵੀ ਮਾੜੇ ਨਤੀਜੇ ਸਾਹਮਣੇ ਆਉਂਦੇ ਹਨ। ਇਕ ਖੋਜ ਤੋਂ ਪਤਾ ਲੱਗਾ ਹੈ ਕਿ ਇਸ ਨਾਲ ਉਨ੍ਹਾਂ ਦੇ ਦਿਮਾਗ ’ਤੇ ਅਸਰ ਪੈਂਦਾ ਹੈ। ਇਸ ਬੀਮਾਰੀ ਤੋਂ ਬਚਣ ਦੇ ਉਪਾਅ ਹਨ–
. ਆਪਣੇ ਕੰਪਿਊਟਰ ’ਤੇ ਐਂਟੀ ਗਲੇਅਰ ਸਕਰੀਨ ਲਗਾਓ ।
. ਆਪਣੇ ਮੇਜ਼ ’ਤੇ ਇਕ ਟੇਬਲ ਲੈਂਪ ਰੱਖੋ ਅਤੇ ਰੋਸ਼ਨੀ ਦਾ ਧਿਆਨ ਰੱਖੋ।
. ਬੈਠਣ ਵੇਲੇ ਆਪਣੇ ਸਰੀਰ ਦੀ ਪੁਜ਼ੀਸ਼ਨ ਦਾ ਧਿਆਨ ਰੱਖੋ। ਸਕਰੀਨ ਤੋਂ 20 ਤੋਂ 25 ਇੰਚ ਦੀ ਦੂਰੀ ਬਣਾਕੇ ਰੱਖੋ।
. ਅੱਖਾਂ ਨੂੰ ਅਰਾਮ ਦਿਓ, ਇਸ ਲਈ 20-20 ਦਾ ਫਾਰਮੂਲਾ ਅਪਣਾਓ। ਲਗਾਤਾਰ 20 ਮਿੰਟ ਕੰਮ ਕਰਨ ਤੋਂ ਬਾਅਦ 20 ਸੈਕਿੰਡ ਲਈ 20 ਫੁੱਟ ਦੂਰ ਦੇਖੋ ਫਿਰ ਅੱਖਾਂ ਝਪਕੋ ਅਤੇ ਦੁਬਾਰਾ ਕੰਮ ਸ਼ੁਰੂ ਕਰ ਦਿਓ। ਜੇ ਅਜੇ ਵੀ ਲੱਗੇ ਕਿ ਅੱਖਾਂ ਸੁੱਕੀਆਂ ਹੋਈਆਂ ਹਨ ਤਾਂ ਹੰਝੂ ਦੀ ਦਵਾਈ ਦੀ ਬੂੰਦ ਅੱਖ ਵਿਚ ਪਾ ਕੇ ਇਕ ਮਿੰਟ ਲਈ ਅੱਖਾਂ ਬੰਦ ਕਰੋ।
. ਆਪਣੀਆਂ ਅੱਖਾਂ ਦਾ ਚੈਅਕੱਪ ਡਾਕਟਰ ਕੋਲੋਂ ਸਮੇਂ-ਸਮੇਂ ’ਤੇ ਕਰਵਾਉਂਦੇ ਰਹੋ।
. ਬਹੁਤਾ ਬਰੀਕ ਦੇਖਣ ਦੀ ਬਜਾਏ ਵੱਡੇ ਫੌਟ ਵਰਤੋ ਕਰੋ।
. ਥੋੜਾ ਸਮਾਂ ਕੰਪਿਊਟਰ ਟੀ.ਵੀ. ਜਾਂ ਫੋਨ ’ਤੇ ਬਿਤਾਉਣ ਦਾ ਕੋਈ ਨੁਕਸਾਨ ਨਹੀਂ। ਇੰਨਾਂ ਨਾ ਹੋਵੇ ਜਿੰਨ੍ਹਾਂ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਵੇ। ਬਦਲ ਬਦਲ ਕੇ ਕੰਮ ਕਰਨ ਨਾਲ ਵੀ ਅੱਖਾਂ ’ਤੇ ਪੈ ਰਹੇ ਬੁਰੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਪਿਛਲੇ 18 ਸਾਲਾਂ 'ਚ ਪੰਜਾਬ ਸਰਕਾਰ ਨੇ ਸ਼ਰਾਬ ਤੋਂ ਕਮਾਏ 54835 ਕਰੋੜ ਰੁਪਏ (ਵੀਡੀਓ)
ਡਾਕਟਰ ਅਰਵਿੰਦਰ ਸਿੰਘ ਨਾਗਪਾਲ
9815177324