ਸਿਹਤ ਨੂੰ ਵਿਗਾੜਨ ਵਾਲਾ ਵਾਇਰਸ ਸੁਧਾਰ ਸਕਦਾ ਹੈ ਵਿਗੜਦੇ ਹੋਏ ਰਿਸ਼ਤਿਆਂ ਨੂੰ

04/02/2020 5:14:44 PM

ਵਿਸ਼ਵ ਭਰ ਵਿਚ ਕੋਰੋਨਾਵਾਇਰਸ ਦੇ ਨਾਮ ਅਤੇ ਉਸ ਦੀ ਦਹਿਸ਼ਤ ਤੋਂ ਕੋਈ ਅਣਜਾਣ ਨਹੀਂ ਹੈ। ਹਰ ਵਰਗ ਦਾ ਵਿਅਕਤੀ ਭਾਵੇਂ ਉਹ ਅਮੀਰ ਹੈ ਜਾਂ ਗਰੀਬ, ਅਨਪੜ੍ਹ ਹੈ ਜਾਂ ਪੜ੍ਹਿਆ-ਲਿਖਿਆ, ਪੇਂਡੂ ਹੈ ਜਾਂ ਸ਼ਹਿਰੀ ਕੋਈ ਵੀ ਇਸ ਦੇ ਪ੍ਰਭਾਵ ਤੋਂ ਬਚਿਆ ਨਹੀਂ ਹੈ। ਇਸ ਵਾਇਰਸ ਦਾ ਸਾਡੇ ਦੈਨਿਕ ਜੀਵਨ 'ਤੇ ਬਹੁਤ ਹੀ ਡੂੰਘਾ ਅਸਰ ਪੈ ਰਿਹਾ ਹੈ ਕਿਉਂਕਿ ਬਾਕੀ ਦੇਸ਼ਾਂ ਵਾਂਗ ਸਾਡੇ ਦੇਸ਼ ਨੇ ਵੀ ਸਭ ਨੂੰ ਕਰਫਿਊ ਅਤੇ ਲਾਕਡਾਊਨ ਵਿਚ ਰਹਿਣ ਦੀ ਹਿਦਾਇਤ ਦਿੱਤੀ ਹੈ। ਹੁਣ ਨਾ ਚਾਹੁੰਦਿਆਂ ਹੋਇਆਂ ਵੀ ਘਰ ਦੇ ਸਾਰੇ ਮੈਂਬਰਾਂ ਨੂੰ ਇਕ ਛੱਤ ਹੇਠ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵਾਇਰਸ ਦਾ ਡਰ ਸਾਡੇ ਦਿਨ-ਰਾਤ ਦੇ ਚੈਨ ਨੂੰ ਖੋਹ ਰਿਹਾ ਹੈ। ਬਹੁਤ ਸਾਰੇ ਸਮਾਜਿਕ ਆਗੂਆਂ ਦੇ ਦਿਲ ਦਿਮਾਗ 'ਤੇ ਇਕ ਨਕਰਾਤਾਮਕ ਸੋਚ ਹਾਵੀ ਹੋ ਰਹੀ ਹੈ। ਕਿਉਂਕਿ ਇਕ ਤਾਜ਼ਾ ਰਿਪੋਰਟ ਅਤੇ ਅੰਕੜਿਆਂ ਦੇ ਮੁਤਾਬਕ ਵਿਦੇਸ਼ਾਂ ਵਿਚ ਇਸ ਲਾਕਡਾਊਨ ਦੌਰਾਨ ਤਲਾਕ ਅਤੇ ਘਰੇਲੂ ਹਿੰਸਾ ਦੀਆਂ ਦਰ ਪਹਿਲਾਂ ਨਾਲੋਂ ਵੱਧ ਗਈ ਹੈ। 

ਸਾਡੇ ਦੇਸ਼ ਵਿਚ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਹਨ ਜਿਹਨਾਂ ਵਿਚ ਘਰੇਲੂ ਹਿੰਸਾ ਵੀ ਪ੍ਰਮੁੱਖ ਹੈ। ਭਾਰਤ ਇਕ ਪੁਰਸ਼ ਪ੍ਰਧਾਨ ਦੇਸ਼ ਹੈ। ਇਸ ਲਈ ਔਰਤਾਂ ਅਤੇ ਸਮਾਜਿਕ ਆਗੂਆਂ ਨੂੰ ਡਰ ਹੈ ਕਿ ਭਾਰਤ ਵਿਚ ਘਰੇਲੂ ਹਿੰਸਾ ਅਤੇ ਤਲਾਕ ਦੇ ਮਾਮਲੇ ਵੱਧ ਸਕਦੇ ਹਨ। ਇਹ ਡਰ ਸੁਭਾਵਿਕ ਵੀ ਹੈ। ਪਹਿਲਾਂ ਪਤੀ-ਪਤਨੀ ਭਾਵੇਂ ਦੋਵੇਂ ਕੰਮਕਾਜੀ ਹੋਣ ਜਾਂ ਪਤਨੀ ਘਰੇਲੂ ਮਹਿਲਾ ਹੋਵੇ, ਭਾਵੇਂ ਉਹ ਇਕ-ਦੂਜੇ ਨੂੰ ਪਸੰਦ ਕਰਦੇ ਹੋਣ ਜਾਂ ਨਾ, ਭਾਵੇਂ ਉਹਨਾਂ ਦੇ ਵਿਚਾਰ ਆਪਸ ਵਿਚ ਮਿਲਦੇ ਹੋਣ ਜਾਂ ਨਾ ਤਾਂ ਵੀ ਉਹਨਾਂ ਨੂੰ ਲੜਨ ਦਾ ਜਾਂ ਪੂਰਾ ਗੁੱਸਾ ਦਿਖਾਉਣ ਦਾ ਸਮਾਂ ਨਹੀਂ ਮਿਲਦਾ ਸੀ। ਕਿਉਂਕਿ ਸਰੀਰਕ ਅਤੇ ਮਾਨਸਿਕ ਰੂਪ ਵਿਚ ਥੱਕੇ ਹੋਣ ਕਰ ਕੇ ਪਤੀ ਆਪਣੀ ਖਿੱਝ ਅਤੇ ਗੁੱਸੇ ਨੂੰ ਇਕ ਪਾਸੇ ਰੱਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਸੀ। ਪਤਨੀ ਵੀ ਆਪਣੀ ਸਹੇਲੀ, ਭੈਣ ਅਤੇ ਘਰਦਿਆਂ ਨਾਲ ਮਿਲਜੁਲ ਕੇ ਆਪਣਾ ਦੁਖੜਾ ਰੇ ਕੇ ਆਪਣਾ ਮਨ ਹਲਕਾ ਕਰ ਲੈਂਦੀ ਸੀ। ਇਸ ਤਰ੍ਹਾਂ ਜ਼ਖਮਾਂ 'ਤੇ ਮਰਹਮ ਵੀ ਲੱਗ ਜਾਂਦਾ ਸੀ ਅਤੇ ਭੜਾਸ ਵੀ ਨਿਕਲ ਜਾਂਦੀ ਸੀ। ਨਾਲੇ ਜਦੋਂ ਦੀ ਸੰਚਾਰ ਦੇ ਸਾਧਨਾਂ ਨੇ ਸਾਡੇ ਜੀਵਨ ਵਿਚ ਥਾਂ ਬਣਾਈ ਹੈ ਸਾਰੇ ਰਿਸ਼ਤੇ ਗੁੰਝਲਦਾਰ ਅਤੇ ਜਟਿਲ ਹੋ ਗਏ ਹਨ। ਕਿਸੇ ਕੋਲ ਕਿਸੇ ਲਈ ਸਮਾਂ ਨਹੀਂ ਰਿਹਾ।

ਲਾਕਡਾਊਨ ਦੇ ਦੌਰਾਨ ਪੁਰਸ਼ਾਂ ਦਾ ਆਪਣੇ ਦੋਸਤਾਂ, ਸਾਥੀ ਕਰਮੀਆਂ ਅਤੇ ਰਿਸ਼ਤੇਦਾਰਾਂ ਦਾ ਮੇਲਜੇਲ ਖਤਮ ਹੋ ਗਿਆ ਹੈ ਤੇ ਸਿਰਫ ਫੋਨ ਹੀ ਇਕ ਸਰੋਤ ਹੈ ਗੱਲ ਕਰਨ ਦਾ। ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੀ ਪਤਨੀ ਅਤੇ ਬੱਚਿਆਂ ਨਾਲ ਹੀ ਬਿਤਾਉਣਾ ਪੈ ਰਿਹਾ ਹੈ। ਆਰਥਿਕ ਤੰਗੀ ਅਤੇ ਵਿਹਲ ਹੋਣ ਕਾਰਨ ਉਹ ਆਪਣਾ ਗੁੱਸਾ, ਖਿੱਝ ਅਤੇ ਨਿਰਾਸ਼ਾ ਦਾ ਸ਼ਿਕਾਰ ਹਮੇਸ਼ਾ ਦੀ ਤਰ੍ਹਾਂ ਆਪਣੀ ਪਤਨੀ ਨੂੰ ਹੀ ਬਣਾਉਂਦਾ ਹੈ। ਲਾਕਡਾਊਨ ਦੇ ਦੌਰਾਨ ਔਰਤਾਂ ਦਾ ਆਪਣੇ ਗੁਆਂਢੀਆਂ ਨਾਲ ਵੀ ਸੰਪਰਕ ਨਾ ਦੇ ਬਰਾਬਰ ਹੈ। ਇਸ ਹਾਲਤ ਵਿਚ ਪਤੀ ਵੀ ਜਾਣਦਾ ਹੈ ਕਿ ਪਤਨੀ ਕਿਸੇ ਦੀ ਮਦਦ ਨਹੀਂ ਲੈ ਸਕਦੀ ਅਤੇ ਨਾ ਹੀ ਕੋਈ ਮਦਦ ਲਈ ਆਵੇਗਾ। ਘਰ ਵਿਚ ਕੰਮ ਕਰਨ ਵਾਲੀ ਔਰਤ ਨੂੰ ਹਮੇਸ਼ਾ ਹੀ ਬਹੁਤ ਹਲਕੇ ਵਿਚ ਲਿਆ ਜਾਂਦਾ ਹੈ। ਉਸ ਦੇ ਬਾਕੀ ਗੁਣਾਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ। 
ਪਹਿਲਾਂ ਪਤੀ ਸਮੇਂ ਸਿਰ ਆਪਣੇ ਦਫਤਰ ਜਾਂ ਦੁਕਾਨ 'ਤੇ ਚਲਿਆ ਜਾਂਦਾ ਸੀ ਪਰ ਹੁਣ ਉਹ ਸਾਰਾ ਦਿਨ ਘਰ ਰਹਿਣ ਕਾਰਣ ਪਤਨੀ ਦੇ ਸਾਰੇ ਛੋਟੇ-ਮੋਟੇ ਕੰਮਾਂ ਤੇ ਧਿਆਨ ਰੱਖੇਗਾ ਉਸ ਨੂੰ ਟੋਕੇਗਾ ਅਤੇ ਕਮੀਆਂ ਕੱਢੇਗਾ। ਜਿਸ ਨਾਲ ਘਰੇਲੂ ਹਿੰਸਾ ਦੀ ਸੰਭਾਵਨਾ ਵੱਧ ਜਾਂਦੀ ਹੈ ਕਿਉਂਕਿ ਕਿਸੇ ਵੇਲੇ ਪਤਨੀ ਵੀ ਥੱਕੇਗੀ ਅਤੇ ਪਹਿਲਾ ਆਮ ਰੂਟੀਨ ਦੀ ਤਰ੍ਹਾਂ ਵਿਹਲ ਦੇ ਦੋ ਪਲ ਲੱਭੇਗੀ ਪਰ ਪਤੀ ਦੇ ਘਰ ਹੋਣ ਕਾਰਨ ਅਜਿਹਾ ਨਾ ਹੋਣ 'ਤੇ ਉਹ ਵੀ ਭੜਕ ਸਕਦੀ ਹੈ। ਜਿਸ ਦੇ ਸਿੱਟੇ ਵਜੋਂ ਪਤੀ ਦੇ ਅਹਿਮ ਨੂੰ ਸੱਟ ਪਹੁੰਚ ਸਕਦੀ ਹੈ। ਉਸ ਵੱਲੋਂ ਹਿੰਸਾ ਦਾ ਸ਼ਿਕਾਰ ਹੋ ਸਕਦੀ ਹੈ। ਇਹਨਾਂ ਦਿਨਾਂ ਵਿਚ ਪੂਰਾ ਪ੍ਰਸ਼ਾਸਨ ਵਾਇਰਸ ਨਾਲ ਲੜਨ ਵਿਚ ਕਿਰਿਆਸ਼ੀਲ ਹੈ। 

ਪਰ ਕਹਿੰਦੇ ਹਨ ਕਿ ਹਰ ਮਾੜੀ ਗੱਲ ਪਿੱਛੇ ਕੋਈ ਚੰਗੀ ਗੱਲ ਵੀ ਲੁਕੀ ਹੁੰਦੀ ਹੈ। ਇਸੇ ਤਰ੍ਹਾਂ ਕੋਰੋਨਾਵਾਇਰਸ ਦੇ ਇਸ ਭਿਆਨਕ ਦੌਰ ਵਿਚ ਇਕ ਨਵੀਂ ਸਵੇਰ ਦਾ ਸੁੱਖ ਸੁਨੇਹਾ ਲੁਕਿਆ ਹੋ ਸਕਦਾ ਹੈ। ਆਸ਼ਾਵਾਦੀ ਹੋ ਕੇ ਸੋਚੀਏ ਤਾਂ ਹੋ ਸਕਦਾ ਹੈ ਕਿ ਇਸ ਦੌਰਾਨ ਪਤੀ-ਪਤਨੀ ਦੀ ਆਪਸੀ ਸਮਝ ਬੂਝ ਵੱਧ ਜਾਵੇ। ਜਿਸ ਤਰ੍ਹਾਂ ਕਦੇ-ਕਦੇ ਨਵੇਂ ਵਿਆਹ ਵਿਚ ਹੁੰਦਾ ਹੈ। ਉਸ ਵੇਲੇ ਇਕ-ਦੂਜੇ ਨਾਲ ਰਹਿਣ ਦਾ ਚਾਅ ਵੱਖਰਾ ਹੀ ਹੁੰਦਾ ਹੈ। ਜੇ ਇਹ ਮੌਕਾ ਦੁਬਾਰਾ ਮਿਲਿਆ ਹੈ ਤਾਂ ਇਹ ਫਿਰ ਸੰਭਵ ਹੋ ਸਕਦਾ ਹੈ। ਇਸ ਵਿਚ ਪਤੀ ਪਤਨੀ ਦੋਹਾਂ ਨੂੰ ਚਾਹੀਦਾ ਹੈ ਕਿ ਉਹ ਇਕ ਵਾਰ ਫਿਰ ਵਿਗੜਦੇ ਹੋਏ ਰਿਸ਼ਤੇ ਨੂੰ ਸੰਵਾਰਣ ਦੀ ਪਹਿਲ ਕਰਨ। ਪਤੀ ਆਪਣੀ ਪਤਨੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਕੇ, ਉਸ ਦੇ ਸ਼ੌਂਕ ਅਤੇ ਇਛਾਵਾਂ ਨੂੰ ਜਾਣ ਕੇ, ਰਸੋਈ ਵਿਚ ਉਸ ਦਾ ਹੱਥ ਵੰਡ ਕੇ, ਉਸ ਦੇ ਗੁਣਾਂ ਦੀ ਪ੍ਰਸ਼ੰਸਾ ਕਰ ਕੇ ਉਸ ਨੂੰ ਚੰਗਾ ਮਹਿਸੂਸ ਕਰਾਵੇ। ਉਸ ਦੀ ਸਾਦਗੀ ਅਤੇ ਸੁੰਦਰਤਾ ਦੀ ਸ਼ਲਾਘਾ ਕਰ ਕੇ ਉਸ ਨੂੰ ਮਹੱਤਵਪੂਰਨ ਹੋਣ ਦਾ ਅਹਿਸਾਸ ਕਰਾਵੇ। 

ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦੀਆਂ ਨਿੱਕੀਆਂ-ਨਿੱਕੀਆਂ ਲੋੜਾਂ ਦਾ ਧਿਆਨ ਰੱਖ ਕੇ ਉਸ ਦੇ ਆਲੇ-ਦੁਆਲੇ ਰਹਿ ਕੇ ਆਪਣੀ ਪਿਆਰ ਭਰੀ ਮੌਜੂਦਗੀ ਦਾ ਅਹਿਸਾਸ ਕਰਾਵੇ। ਆਪਣੇ ਪੁਰਾਣੇ ਪਰ ਖੂਬਸੂਰਤ ਪਲਾਂ ਨੂੰ ਪਤੀ ਨਾਲ ਬੈਠ ਕੇ ਯਾਦ ਕਰੇ ਅਤੇ ਪਤੀ ਦੇ ਗੁਣਾਂ ਦਾ ਦਿਲ ਖੋਲ੍ਹ ਕੇ ਵਰਨਣ ਕਰੇ। ਇਕਾਂਤ ਵਿਚ ਸ਼ਿੰਗਾਰ ਕਰ ਕੇ ਪਤੀ ਨਾਲ ਚੰਗੇ ਪਾਲਾਂ ਨੂੰ ਜੀਵੇ ਅਤੇ ਆਪਣਪਣ ਵਧਾਏ। ਇਹ ਲਾਕਡਾਊਨ ਸ਼ਾਇਦ ਅਨਿਸ਼ਚਿਤ ਸਮੇਂ ਲਈ ਹੋਵੇਗਾ ਪਰ ਅਸੀਂ ਨਿਸ਼ਚਿਤ ਰੂਪ ਵਿਚ ਸੱਚੇ ਦਿਲ ਨਾਲ ਉਪਰਾਲਾ ਕਰਨਾ ਹੈ। ਆਪਣੇ  ਵਿਗੜਦੇ ਰਿਸ਼ਤਿਆਂ ਨੂੰ ਸਵਾਰਨਾ ਹੈ। ਲੋੜ ਹੈ ਆਪਣੇ ਅਹਿਮ ਨੂੰ ਛੱਡ ਕੇ ਇਕ ਕੋਸ਼ਿਸ਼ ਕਰਨ ਦੀ। ਯਕੀਨ ਰੱਖੋ ਇਸ ਨਾਲ ਭਰਪੂਰ ਮਾਨਸਿਕ ਸ਼ਾਂਤੀ ਅਤੇ ਸੁੱਖ ਮਿਲੇਗਾ। ਜਿਹੜਾ ਕੋਰੋਨਾਵਾਇਰਸ ਦੇ ਡਰ ਨੂੰ ਖਤਮ ਕਰ ਦੇਵੇਗਾ ਅਤੇ ਇਸ ਨਾਲ ਇਕੱਠੇ ਲੜਨ ਦਾ ਹੌਂਸਲਾ ਵੀ ਆ ਜਾਵੇਗਾ। 

ਜਿੱਤਣੀ ਹੈ ਜ਼ਿੰਦਗੀ ਦੀ ਜੰਗ ਕੋਰੋਨਾ ਨੂੰ ਹਰਾ ਕੇ
ਇਕ ਵਾਰ ਫਿਰ ਜੀਣਾ ਹੈ ਅੰਦਰ ਦੇ ਅਹਿਮ ਨੂੰ ਭੁਲਾ ਕੇ
ਪਤਨੀ ਨੂੰ ਪਿਆਰ ਨਾਲ ਫਿਰ ਪ੍ਰੇਮਿਕਾ ਬਣਾਉਣਾ ਹੈ, 
ਘਰੇਲੂ ਹਿੰਸਾ ਨੂੰ ਬੱਸ ਪਿਆਰ ਭਰੀ ਤਕਰਾਰ ਬਣਾਉਣਾ ਹੈ
ਉਸ ਦੇ ਪੁਰਾਣੇ ਜ਼ਖਮਾਂ 'ਤੇ ਏਵੇਂ ਮਲ੍ਹਮ ਲਗਾਓ, 
ਕਿ ਤੁਸੀਂ ਵੀ ਵਾਇਰਸ ਦੇ ਹਰ ਡਰ ਨੂੰ ਭੁਲ ਜਾਓ
ਕਿਉਂਕਿ ਜਿੱਤ ਕੇ ਹਾਰਨ ਵਾਲੇ ਨੂੰਬਾਜ਼ੀਗਰ ਕਹਿੰਦੇ ਨੇ
ਜੋ ਔਰਤ ਦੀ ਇੱਜਤ ਕਰੇ ਉਸ ਨੂੰ ਹੀ ਸੱਚਾ ਨਰ ਕਹਿੰਦੇ ਨੇ।


Vandana

Content Editor

Related News