ਦੀਵੇ-ਮੋਮਬੱਤੀਆਂ ਨਾਲ ਘਰ ਨੂੰ ਕਰੋ ਰੋਸ਼ਨ

10/12/2017 2:03:17 PM

ਨਵੀਂ ਦਿੱਲੀ— ਦੀਵਾਲੀ ਦਾ ਤਿਓਹਾਰ ਰੌਸ਼ਨੀ ਦਾ ਪ੍ਰਤੀਕ ਹੈ, ਇਸ ਲਈ ਇਸ ਦਿਨ ਹਰ ਕੋਈ ਆਪਣੇ ਘਰ-ਦੁਕਾਨ ਤੇ ਹੋਰ ਥਾਵਾਂ ਨੂੰ ਦੀਵੇ, ਮੋਮਬੱਤੀਆਂ, ਐੱਲ. ਈ. ਡੀ. ਲਾਈਟਸ ਆਦਿ ਜਗਾ ਕੇ ਰੁਸ਼ਨਾਉਂਦਾ ਹੈ। ਘਰਾਂ ਨੂੰ ਰੌਸ਼ਨ ਕਰਨ ਲਈ ਹੁਣ ਲੋਕ ਐੱਲ. ਈ. ਡੀ. ਲਾਈਟਸ ਹੀ ਲਗਵਾਉਂਦੇ ਹਨ, ਜੋ ਜ਼ਿਆਦਾਤਰ ਵਿਦੇਸ਼ ਤੋਂ ਹੀ ਮੰਗਵਾਈਆਂ ਜਾਂਦੀਆਂ ਹਨ ਪਰ ਜੇ ਅਸੀਂ ਇਨ੍ਹਾਂ ਦੀ ਥਾਂ ਆਪਣੇ ਦੇਸ਼ ਵਿਚ ਹੀ ਬਣੇ ਸਾਮਾਨ ਦੀ ਵਰਤੋਂ ਕਰੀਏ ਤਾਂ ਬਿਹਤਰ ਹੈ ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਫੈਸਟਿਵ ਸੀਜ਼ਨ ਵਿਚ ਮਿੱਟੀ ਦੇ ਦੀਵੇ ਤੇ ਮੋਮਬੱਤੀਆਂ ਬਣਾ ਕੇ ਵੇਚਦੇ ਹਨ। ਸਿਰਫ ਦੀਵੇ ਅਤੇ ਮੋਮਬੱਤੀਆਂ ਹੀ ਨਹੀਂ, ਡੈਕੋਰੇਸ਼ਨ ਦਾ ਹੋਰ ਵੀ ਸਾਮਾਨ ਜਿਵੇਂ ਮਿੱਟੀ ਦੀ ਬਣੀ ਉਰੂਲੀ, ਡੈਕੋਰੇਟਿਵ ਪੀਸ ਜਾਂ ਹਲਕੇ-ਫੁਲਕੇ ਪਟਾਕੇ ਵੀ ਤੁਸੀਂ ਅਜਿਹੇ ਲੋਕਾਂ ਤੋਂ ਖਰੀਦੋ ਜੋ ਫੈਸਟਿਵ ਸੀਜ਼ਨ ਵਿਚ ਇਹ ਸਾਮਾਨ ਘਰ 'ਚ ਹੀ ਬਣਾ ਕੇ ਵੇਚਦੇ ਅਤੇ ਰੋਜ਼ੀ-ਰੋਟੀ ਕਮਾਉਂਦੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਲੋਕਾਂ ਨੂੰ ਉਤਸ਼ਾਹ ਅਤੇ ਰੋਜ਼ਗਾਰ ਦੋਵੇਂ ਹੀ ਮਿਲਣਗੇ, ਜੋ ਇਨ੍ਹਾਂ ਛੋਟੇ-ਛੋਟੇ ਕਾਰੋਬਾਰਾਂ 'ਤੇ ਨਿਰਭਰ ਹਨ।
ਖੁਦ ਹੀ ਕਰੋ ਦੀਵਾ ਅਤੇ ਮੋਮਬੱਤੀ ਡੈਕੋਰੇਸ਼ਨ
ਬਾਜ਼ਾਰ ਤੋਂ ਤੁਹਾਨੂੰ ਮਿੱਟੀ ਦੇ ਬਣੇ ਵੱਖ-ਵੱਖ ਆਕਾਰ ਵਿਚ ਹਰ ਤਰ੍ਹਾਂ ਦੇ ਦੀਵੇ ਮਿਲ ਜਾਣਗੇ ਜੋ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ। ਇਸ ਤੋਂ ਇਲਾਵਾ ਜੇ ਤੁਸੀਂ ਪਲੇਨ ਦੀ ਥਾਂ ਡੈਕੋਰੇਟਿਵ ਦੀਵੇ ਪਸੰਦ ਕਰਦੇ ਹੋ ਤਾਂ ਮਾਰਕੀਟ ਵਿਚ ਤੁਹਾਨੂੰ ਉਹ ਬਹੁਤ ਹੀ ਆਸਾਨੀ ਨਾਲ ਮਿਲ ਜਾਣਗੇ, ਨਹੀਂ ਤਾਂ ਤੁਸੀਂ ਖੁਦ ਇਨ੍ਹਾਂ ਨੂੰ ਘਰ ਬੈਠ ਕੇ ਵੱਖ-ਵੱਖ ਰੰਗਾਂ ਨਾਲ ਪੇਂਟ ਕਰ ਸਕਦੇ ਹੋ ਅਤੇ ਗਲੂ ਦੀ ਮਦਦ ਨਾਲ ਕਲਰਫੁੱਲ ਸਟੋਨ, ਪਰਲ, ਸ਼ਿਮਰੀ ਲੈਸ ਤੇ ਹੋਰ ਸਜਾਵਟ ਦਾ ਸਾਮਾਨ ਚਿਪਕਾ ਸਕਦੇ ਹੋ। ਮਾਰਕੀਟ ਤੋਂ ਤੁਹਾਨੂੰ ਬਹੁਤ ਤਰ੍ਹਾਂ ਦੇ ਕਲਰਫੁੱਲ ਤੇ ਡਿਜ਼ਾਈਨਰ ਕੈਂਡਲਜ਼ ਵੀ ਮਿਲ ਜਾਣਗੀਆਂ, ਨਹੀਂ ਤਾਂ ਤੁਸੀਂ ਸਾਂਚੇ, ਧਾਗੇ ਤੇ ਵੈਕਸ ਦੀ ਮਦਦ ਨਾਲ ਖੁਦ ਵੀ ਕੈਂਡਲ ਤਿਆਰ ਕਰ ਸਕਦੇ ਹੋ।
ਉਰੂਲੀ ਡੈਕੋਰੇਸ਼ਨ
ਦੀਵਾਲੀ ਮੌਕੇ ਘਰ ਵਿਚ ਉਰੂਲੀ ਡੈਕੋਰੇਸ਼ਨ ਵੀ ਜ਼ਰੂਰ ਕਰੋ। ਮਿੱਟੀ ਦੇ ਬਣੇ ਵੱਡੇ ਸਾਰੇ ਬਰਤਨ ਨੂੰ ਉਰੂਲੀ ਕਿਹਾ ਜਾਂਦਾ ਹੈ। ਡਿਜ਼ਾਈਨ ਕੀਤੇ ਉਰੂਲੀ ਬਹੁਤ ਹੀ ਆਸਾਨੀ ਨਾਲ ਮਿਲ ਜਾਣਗੇ, ਜੋ ਜ਼ਿਆਦਾ ਮਹਿੰਗੇ ਨਹੀਂ ਹੁੰਦੇ। ਇਸ ਵਿਚ ਤੁਸੀਂ ਪਾਣੀ, ਪਰਫਿਊਮ, ਰੰਗ-ਬਿਰੰਗੇ ਫੁੱਲ, ਫਲੋਟਿੰਗ ਦੀਵੇ ਤੇ ਮੋਮਬੱਤੀਆਂ ਲਗਾਓ ਅਤੇ ਘਰ ਦੇ ਕਾਰਨਰ ਸੈਂਟਰ ਜਾਂ ਆਪਣੀ ਮਨਪਸੰਦ ਥਾਂ 'ਤੇ ਡੈਕੋਰੇਟ ਕਰੋ। ਉਰੂਲੀ ਦੀ ਥਾਂ ਤੁਸੀਂ ਵੱਡੇ ਪਿੱਤਲ ਦੇ ਬਰਤਨ, ਕੱਚ ਦੇ ਬਾਊਲ ਦੀ ਵੀ ਵਰਤੋਂ ਕਰ ਸਕਦੇ ਹੋ।
ਈਕੋ ਫ੍ਰੈਂਡਲੀ ਪਟਾਕੇ
ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਤੇਜ਼ ਧਮਾਕਾ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ। ਇਸ ਨਾਲ ਸਾਹ ਲੈਣ ਵਿਚ ਪ੍ਰੇਸ਼ਾਨੀ, ਸਕਿਨ ਐਲਰਜੀ ਆਦਿ ਵੀ ਹੋ ਸਕਦੀ ਹੈ।
ਇਸਦੀ ਥਾਂ ਤੁਸੀਂ ਈਕੋ ਫ੍ਰੈਂਡਲੀ ਪਟਾਕਿਆਂ ਦੀ ਵਰਤੋਂ ਕਰੋ। ਇਨ੍ਹਾਂ ਪਟਾਕਿਆਂ ਵਿਚੋਂ ਧੂੰਆਂ ਅਤੇ ਆਵਾਜ਼ ਘੱਟ ਨਿਕਲਦੀ ਹੈ। ਇਕੋ ਫ੍ਰੈਂਡਲੀ ਪਟਾਕਿਆਂ ਲਈ ਰੰਗ-ਬਿਰੰਗੇ ਕਾਗਜ਼ਾਂ ਦੀਆਂ ਪੱਤੀਆਂ ਜਾਂ ਥਰਮੋਕੋਲ ਦੀਆਂ ਰੰਗ-ਬਿਰੰਗੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਬੱਚਿਆਂ ਨੂੰ ਅਜਿਹੇ ਪਟਾਕੇ ਬਹੁਤ ਪਸੰਦ ਆਉਂਦੇ ਹਨ।
 


Related News