ਕੋਵਿਡ-19 ਦੇ ਸੰਕਟ ਸਮੇਂ ਸਵੈ-ਅਨੁਸ਼ਾਸਨ ਦੀ ਮਹੱਤਤਾ

04/03/2020 12:23:33 PM

ਕੋਵਿਡ-19 ਮਹਾਮਾਰੀ ਨੇ ਵਿਸ਼ਵ ਦੇ 199 ਦੇਸ਼ਾਂ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਵਾਵਿਤ ਕੀਤਾ ਹੈ। ਕੋਰੋਨਾਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ ਹਰ ਰੋਜ਼ ਤੇਜ਼ੀ ਨਾਲ ਵੱਧ ਰਹੀ ਹੈ। ਵਿਕਸਿਤ ਦੇਸ਼ ਜਿਵੇਂ ਕਿ ਅਮਰੀਕਾ, ਇੰਗਲੈਂਡ, ਜਰਮਨੀ, ਸਪੇਨ ਆਦਿ ਵੀ ਇਸ ਨਾਮੁਰਾਦਬੀਮਾਰੀ ਅੱਗੇ ਬੇਵੱਸ ਹੋ ਗਏ ਹਨ। ਫਿਰ ਵਿਕਾਸਸ਼ੀਲ ਦੇਸ਼ ਜਿਵੇਂ ਕਿ ਭਾਰਤ, ਪਾਕਿਸਤਾਨ, ਸ਼੍ਰੀਲੰਕਾ ਆਦਿ ਦੇਸ਼ਾਂ ਵਿੱਚ ਤਾਂ ਸਿਹਤ ਸੰਸਾਧਨ ਘੱਟ ਹੋਣ ਕਰਕੇ ਇਹਨਾਂ ਲਈ ਇਸ ਵਾਇਰਸ ਦਾ ਮੁਕਾਬਲਾ ਕਰਨਾ ਬਹੁਤ ਹੀ ਮੁਸ਼ਕਿਲ ਜਾਪਦਾ ਹੈ। ਇਸ ਸਮੇਂ ਵਿਸ਼ਵ ਭਰ ਵਿੱਚ 5,03,274 ਤੋਂ ਵੱਧ ਲੋਕ ਕੋਰੋਨਾਵਾਇਰਸ ਤੋਂ ਪੀੜਤ ਹਨ ਅਤੇ 22,342 ਤੋਂ ਜ਼ਿਆਦਾ ਲੋਕ ਆਪਣੀ ਜਾਨ ਤੋਂ ਹੱਥ ਧੋ ਚੁੱਕੇ ਹਨ। ਇਹ ਚਿੰਤਾਜਨਕ ਸਥਿਤੀ ਹਰ ਇੱਕ ਦੇਸ਼ ਲਈ ਬਹੁਤ ਵੱਡੀ ਚੁਣੌਤੀ ਬਣ ਗਈ ਹੈ ਅਤੇ ਸਾਰੇ ਦੇਸ਼ਾਂ ਦੇ ਵਿਗਿਆਨੀ ਇਸ ਦਾ ਇਲਾਜ ਲੱਭਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। 

ਇਸ ਬੀਮਾਰੀ ਤੇ ਕਾਬੂ ਪਾਉਣ ਦਾ ਫਿਲਹਾਲ ਇੱਕ ਰਸਤਾ ਲਾੱਕ-ਡਾਉਨ ਅਤੇ ਸੋਸ਼ਲ ਡਿਸਟੈਂਸਿੰਗ ਹੈ। ਕਰੀਬ ਸਾਰੇ ਦੇਸ਼ ਇਸ ਤਰੀਕੇ ਦਾ ਇਸਤੇਮਾਲ ਕਰਕੇ ਆਪਣੇ ਦੇਸ਼ਵਾਸੀਆਂ ਦੀ ਜਾਨ ਬਚਾਉਣ ਦਾ ਯਤਨ ਕਰ ਰਹੇ ਹਨ। ਲਾੱਕ-ਡਾਊਨ ਦਾ ਅਰਥ ਲੋਕਾਂ ਨੂੰ ਕਿਸੇ ਸੰਕਟ ਸਮੇਂ ਕਿਸੇ ਇਮਾਰਤ ਜਾਂ ਖੇਤਰ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਤੇ ਰੋਕ ਲਗਾਉਣਾ ਹੈ। ਹਰ ਦੇਸ਼ ਵਿੱਚ ਇਸ ਸਮੇਂ ਲਾੱਕ-ਡਾਊਨ ਦੀ ਸਥਿਤੀ ਬਣੀ ਹੋਈ ਹੈ। ਲੋਕ ਆਪਣੇ ਘਰਾਂ ਵਿੱਚ ਬੈਠਣ ਨੂੰ ਮਜਬੂਰ ਹੋ ਗਏ ਹਨ। ਕਈ ਦੇਸ਼ਾਂ ਵਿੱਚ ਤਾਂ ਕਈ ਦਿਨਾਂ ਤੋਂ ਲੋਕ ਘਰਾਂ ਵਿੱਚ ਹੀ ਰਹਿ ਰਹੇ ਹਨ ਅਤੇ ਜ਼ਰੂਰੀ ਮੈਡੀਕਲ ਸਹਾਇਤਾ ਲੈਣ ਜਾਂ ਖਾਣ-ਪੀਣ ਦੀਆਂ ਵਸਤਾਂ ਲੈਣ ਹੀ ਘਰੋਂ ਬਾਹਰ ਜਾ ਰਹੇ ਹਨ। ਭਾਰਤ ਵਿੱਚ 24 ਮਾਰਚ ਤੋਂ ਸਾਰੇ ਦੇਸ਼ ਵਿੱਚ ਲਾੱਕ-ਡਾਉਨ ਐਲਾਨਿਆ ਗਿਆ।ਲਾੱਕ-ਡਾਊਨ ਨੂੰ ਸਫਲ ਬਨਾਉਣ ਲਈ ਸੱਭ ਤੋਂ ਜ਼ਰੂਰੀ ਚੀਜ਼ ਸਵੈ-ਅਨੁਸ਼ਾਸਨ ਹੈ।

ਸਵੈ-ਅਨੁਸ਼ਾਸਨ ਜਿਵੇਂ ਕਿ ਸ਼ਬਦ ਤੋਂ ਹੀ ਸਪਸ਼ਟ ਹੁੰਦਾ ਹੈ ਖੁਦ ਨੂੰ ਅਨੁਸ਼ਾਸਨ ਵਿੱਚ ਰੱਖਣਾ। ਸਮੇਂ, ਪਰਿਸਥਿਤੀ ਤੇ ਥਾਂ ਦੇ ਅਨੁਸਾਰ ਆਚਰਣ ਅਨੁਸ਼ਾਸਨ ਕਹਾਉਂਦਾ ਹੈ। ਅਨੁਸ਼ਾਸਨ ਮਨੁੱਖੀ ਜੀਵਨ ਦੀ ਨੀਂਹ ਹੈ। ਇਸ ਦਾ ਪਾਲਣ ਕਰਨਾ ਹਰ ਮਨੁੱਖ ਲਈ ਜ਼ਰੂਰੀ ਹੈ। ਇੱਥੋਂ ਤੱਕ ਕਿ ਕੁਦਰਤ ਵੀ ਅਨੁਸ਼ਾਸਨ ਵਿੱਚ ਰਹਿੰਦੀ ਹੈ। ਦਿਨ-ਰਾਤ ਨਿਯਮਿਤ ਸਮੇਂ 'ਤੇ ਆਉਂਦੇ ਹਨ, ਸੂਰਜ ਅਤੇ ਚੰਨ ਰੋਜ਼ ਸਮੇਂ ਸਿਰ ਚੜ੍ਹਦੇ ਹਨ।ਅਨੁਸ਼ਾਸਨ ਨਾਲ ਹੀ ਮਨੁੱਖ ਸਫਲਤਾ ਦੇ ਸਿਖਰਾਂ ਤੇ ਪਹੁੰਚਦਾ ਹੈ। ਵਿਦਿਆਰਥੀ ਜੀਵਨ ਵਿੱਚ ਵੀ ਅਨੁਸ਼ਾਸਨ ਦਾ ਬਹੁਤ ਮਹੱਤਵ ਹੁੰਦਾ ਹੈ। ਵਿਦਿਆਰਥੀਆਂ ਦਾ ਮਨ ਚੰਚਲ ਅਤੇ ਸ਼ਰਾਰਤੀ ਹੁੰਦਾ ਹੈ।ਅਨੁਸ਼ਾਸਨ ਉਨ੍ਹਾਂ ਦੇ ਮਨ ਨੂੰ ਸਥਿਰ ਕਰਦਾ ਹੈ। ਇਹ ਠਹਿਰਾਵ ਹੀ ਉਸ ਵਿੱਚ ਕਈ ਗੁਣਾਂ ਦਾ ਵਿਕਾਸ ਕਰਦਾ ਹੈ। ਸਵੈ-ਅਨੁਸ਼ਾਸਨ ਦਾ ਅਰਥ ਹੈ ਕਿ ਆਪਣੇ-ਆਪ ਨੂੰ ਨਿਯਮਿਤ ਰੂਪ ਵਿੱਚ ਨਿਯਮਾਂ ਵਿੱਚ ਰੱਖਣਾ ਭਾਵ ਆਪਣੀਆਂ ਕਿਰਿਆਵਾਂ ਪ੍ਰਤੀ ਸੁਚੇਤ ਹੋਕੇ ਸਮੇਂ ਅਤੇ ਥਾਂ ਅਨੁਸਾਰ ਆਚਰਣ ਕਰਨਾ। ਕੋਵਿਡ-19 ਨਾਲ ਨਜਿੱਠਣ ਲਈ ਸਰਕਾਰ ਰਾਹੀਂ ਕੀਤੇ ਲਾੱਕ-ਡਾਉਨ ਦਾ ਪਾਲਣ ਸਵੈ-ਅਨੁਸ਼ਾਸਨ ਨਾਲ ਹੀ ਸੰਭਵ ਹੈ।

ਸਮੇਂ ਦੀ ਮੰਗ ਇਹ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਲੋਕ ਆਪਣੇ ਹੀ ਘਰ੍ਹਾਂ ਵਿੱਚ ਰਹਿਣ ਤਾਂ ਜੋ ਇਸ ਵਾਇਰਸ ਦਾ ਪ੍ਰਭਾਵ ਘੱਟ ਜਾਵੇ। ਸਵੈ-ਅਨੁਸ਼ਾਸਨ ਇੱਕ ਕੌਸ਼ਲ ਹੈ ਜੋ ਕਿ ਨਿਰੰਤਰ ਕੋਸ਼ਿਸ਼ ਨਾਲ ਸਿੱਖਿਆ ਜਾ ਸਕਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਕੰਮ ਨੂੰ ਲਗਾਤਾਰ 21 ਦਿਨ ਕੀਤਾ ਜਾਵੇ ਤਾਂ ਉਹ ਤੁਹਾਡੀ ਆਦਤ ਬਣ ਜਾਂਦੀ ਹੈ। ਇਸ ਸਮੇਂ ਸੈਲ਼ਫ ਕੰਟਰੋਲ ਭਾਵ ਸਵੈ- ਨਿਯੰਤਰਣ ਅਤੇ ਇੱਛਾ ਸ਼ਕਤੀ ਹੀ ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਹਾਈ ਹਨ। ਮਨੁੱਖ ਦੀ ਆਪਣੇ ਪ੍ਰਤੀ ਚੰਗੀ ਜਾਂ ਮਾੜੀ ਵਿਚਾਰਧਾਰਾ ਉਸ ਦੀ ਇੱਛਾ ਸ਼ਕਤੀ ਅਤੇ ਸਵੈ-ਨਿਯੰਤਰਣ ਨੂੰ ਪ੍ਰਭਾਵਿਤ ਕਰਦੀ ਹੈ। ਜੇ ਮਨੁੱਖ ਆਪਣੇ ਬਾਰੇ ਸਕਾਰਾਤਮਕ ਵਿਚਾਰ ਰੱਖਦਾ ਹੈ ਤਾਂ ਜਿੰਨਾ ਮਰਜ਼ੀ ਔਖਾ ਕੰਮ ਹੋਵੇ ਜਾਂ ਉਸ ਕੰਮ ਦੀ ਪੂਰਤੀ ਲਈ ਕਿੰਨਾ ਹੀ ਔਕੜਾਂ ਪੇਸ਼ ਆਉਣ ਮਨੁੱਖ ਨਿਸ਼ਚਿਤ ਹੀ ਆਪਣੇ ਇਰਾਦੇ ਵਿੱਚ ਸਫਲ ਹੋ ਜਾਂਦਾ ਹੈ।

ਅੱਜ-ਕਲ੍ਹ ਲਾੱਕ-ਡਾਉਨ ਦੇ ਸਮੇਂ ਬੱਚੇ ਘਰ ਵਿੱਚ ਹੀ ਰਹਿਣ ਲਈ ਮਜਬੂਰ ਹਨ। ਜੇਕਰ ਘਰ ਦੇ ਵੱਡੇ ਲਾੱਕ-ਡਾਉਨ ਦੀ ਉਲੰਘਣਾ ਕਰਨਗੇ ਤਾਂ ਬੱਚਿਆਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ? ਬੱਚੇ ਆਪਣੇ ਵੱਡਿਆਂ ਦੀ ਨਕਲ ਕਰਦੇ ਹਨ। ਇਸ ਲਈ ਬੱਚਿਆਂ ਵਿੱਚ ਸੰਸਕਾਰ ਮਾਂ-ਬਾਪ ਅਤੇ ਘਰ ਦੇ ਵੱਡੇ-ਵਡੇਰਿਆਂ ਦੇ ਵਿਵਹਾਰ 'ਤੇ ਨਿਰਭਰ ਕਰਦੇ ਹਨ। ਇਸ ਸਮੇਂ ਘਰ ਦੇ ਬਜ਼ੁਰਗਾਂ ਅਤੇ ਮਾਂ-ਬਾਪ ਦਾ ਫਰਜ਼ ਹੈ ਕਿ ਉਹ ਸਵੈ-ਅਨੁਸ਼ਾਸਨ ਦੀ ਵਧੀਆ ਮਿਸਾਲ ਬੱਚਿਆਂ ਅੱਗੇ ਪੇਸ਼ ਕਰਨ। ਘਰ ਵਿੱਚ ਰਹਿੰਦੇ ਹੋਏ ਬਿਨਾ ਵਿਚਲਿਤ ਹੋਏ ਉਹ ਸਮੇਂ ਨੂੰ ਵਤੀਤ ਕਰਨ ਦੇ ਤਰੀਕੇ ਲੱਭਣ।ਸਵੈ-ਅਨੁਸ਼ਾਸਨ ਸਾਡੀ ਅੰਦਰੂਨੀ ਸ਼ਕਤੀ ਵਧਾਉਂਦਾ ਹੈ। ਇਹ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਅਤੇ ਮੁਸ਼ਕਲਾਂ ਨੂੰ ਹਰਾਉਣਾ ਵੀ ਸਿਖਾਉਂਦਾ ਹੈ। ਇਸ ਸਮੇਂ ਦੀ ਵਰਤੋਂ ਬੱਚੇ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਨ। ਇਸ ਸਮੇਂ ਕਈ ਬੱਚਿਆਂ ਦੀ ਪ੍ਰੀਖਿਆ ਖਤਮ ਹੋ ਗਈ ਹੈ ਅਤੇ ਕਈ ਬੱਚਿਆਂ ਦੀ ਪ੍ਰੀਖਿਆ ਕੋਵਿਡ-19 ਦੇ ਪ੍ਰਕੋਪ ਕਾਰਣ ਮੁਲਤਵੀ ਹੋ ਗਈ ਹੈ। ਜਿਨ੍ਹਾਂ ਬੱਚਿਆਂ ਦੀ ਪ੍ਰੀਖਿਆ ਖਤਮ ਹੋ ਗਈ ਹੈ ਉਨ੍ਹਾਂ ਲਈ ਇਹ ਲਾੱਕ-ਡਾਊਨ ਖੂਬਸੂਰਤ ਮੌਕੇ ਦੇ ਰੂਪ ਵਿੱਚ ਆਇਆ ਹੈ ਤਾਂ ਕਿ ਉਹ ਇਸ ਸਮੇਂ ਦਾ ਉਪਯੋਗ ਵਧੀਆ ਤਰੀਕੇ ਨਾਲ ਕਰਨ। ਸਮਾਂ-ਸਾਰਣੀ ਬਣਾ ਕੇ ਦਿਨ ਨੂੰ ਵਤੀਤ ਕਰਨਾ ਬਣਦਾ ਹੈ। 

ਹਰ ਰੋਜ਼ ਦਿਨ ਦੀ ਸ਼ੁਰੂਆਤ ਸਵੇਰੇ ਜਲਦੀ ਉੱਠ ਕੇ ਕਸਰਤ ਕਰਨ ਨਾਲ ਕੀਤੀ ਜਾਣੀ ਚਾਹੀਦੀ ਹੈ। ਰੋਜ਼ਾਨਾ ਧਿਆਨ ਅਤੇ ਯੋਗਾ ਕਰਕੇ ਇਕਾਗਰਤਾ ਵਧਾਈ ਜਾ ਸਕਦੀ ਹੈ। ਇਸ ਨਾਲ ਨਕਾਰਾਤਮਕ ਵਿਚਾਰ ਵੀ ਚਲੇ ਜਾਂਦੇ ਹਨ।ਇਸ ਤੋਂ ਇਲਾਵਾ ਆਮ ਗਿਆਨ ਵਧਾਉਣ ਦੀਆਂ ਕਿਤਾਬਾਂ ਵੀ ਉਹਨਾਂ ਲਈ ਸਹਾਈ ਹੋ ਸਕਦੀਆਂ ਹਨ।ਫਿਰ ਆਪਣੀ ਪਸੰਦ ਮੁਤਾਬਕ ਪ੍ਰੇਰਣਾ ਦਾਇਕ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ। ਦੇਸ਼-ਵਿਦੇਸ਼ ਦੇ ਨਾਇਕਾਂ ਦੀਆਂ ਜੀਵਨੀਆਂ ਉਨ੍ਹਾਂ ਦੇ ਜੀਵਨ ਨੂੰ ਸਹੀ ਸੇਧ ਪ੍ਰਦਾਨ ਕਰ ਸਕਦੀਆਂ ਹਨ। ਜੋ ਬੱਚੇ ਪੇਂਟਿੰਗ ਵਿੱਚ ਰੁਝਾਨ ਰੱਖਦੇ ਹਨ ਇਹ ਉਨ੍ਹਾਂ ਲਈ ਵਧੀਆ ਮੌਕਾ ਹੈ ਆਪਣੀ ਇਸ ਪ੍ਰਤਿਭਾ ਨੂੰ ਨਿਖਾਰਨ ਦਾ।ਕੁੱਝ ਬੱਚੇ ਕਵਿਤਾ-ਕਹਾਣੀ ਲਿਖਣਾ ਪਸੰਦ ਕਰਦੇ ਹਨ ਤਾਂ ਇਸ ਸਮੇਂ ਦਾ ਉਪਯੋਗ ਇਸ ਤਰ੍ਹਾਂ ਰਚਨਾਤਮਕ ਕੰਮ ਕਰਕੇ ਕੀਤਾ ਜਾ ਸਕਦਾ ਹੈ।ਇਸ ਦੇ ਨਾਲ ਆਪਣੇ ਪਰਿਵਾਰਕ ਮੈਂਬਰਾਂ ਜਿਵੇਂ ਦਾਦਾ-ਦਾਦੀ, ਮਾਂ-ਬਾਪ ਅਤੇ ਭੈਣ-ਭਰਾ ਨਾਲ ਘਰ ਦੇ ਅੰਦਰ ਰਹਿੰਦੇ ਹੋਏ ਰੋਚਕ ਖੇਡਾਂ ਜਿਵੇਂ ਕੈਰਮ, ਚੈੱਸ, ਲੁੱਡੋ ਆਦਿ ਖੇਡੀਆਂ ਜਾ ਸਕਦੀਆਂ ਹਨ। ਸੱਭ ਤੋਂ ਜ਼ਰੂਰੀ ਆਪਣੀ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਸਵੈ-ਅਨੁਸ਼ਾਸਨ ਨਾਲ ਦੂਰ ਕਰਨ ਦੇ ਯਤਨ ਕੀਤੇ ਜਾ ਸਕਦੇ ਹਨ।

ਜਿਨ੍ਹਾਂ ਬੱਚਿਆਂ ਦੀ ਪ੍ਰੀਖਿਆ ਮੁਲਤਵੀ ਹੋ ਗਈ ਹੈ ਉਹ ਹੁਣ ਨਿਰਾਸ਼ਾ ਜਾਂ ਉਲਝਣ ਦਾ ਸਾਹਮਣਾ ਕਰ ਰਹੇ ਹੋਣਗੇ। ਉਹ ਵੀ ਇਸ ਸਮੇਂ ਦਾ ਸਹੀ ਇਸਤੇਮਾਲ ਕਰਕੇ ਆਪਣੀ ਪ੍ਰੀਖਿਆ ਦੀ ਤਿਆਰੀ ਲਈ ਸਮਾਂ-ਸਾਰਣੀ ਅਨੁਸਾਰ ਪੜ੍ਹ ਸਕਦੇ ਹਨ। ਇਸ ਤੋਂ ਇਲਾਵਾਸਵੇਰੇ ਜਲਦੀ ਜਾਗਣਾ, ਕਸਰਤ ਕਰਨਾ, ਧਿਆਨ ਅਤੇ ਯੋਗਾ ਕਰਕੇ ਆਪਣੇ ਮਨ ਨੂੰ ਸਕਾਰਾਤਕ ਭਾਵਾਂ ਨਾਲ ਭਰਿਆ ਜਾਣਾ ਚਾਹੀਦਾ ਹੈ। ਆਪਣੀ ਦਿਲਚਸਪੀ ਅਨੁਸਾਰ ਕਿਰਿਆਵਾਂ ਜਿਵੇਂ ਕਿ ਸੰਗੀਤ, ਡਾਂਸ, ਪੇਂਟਿੰਗ, ਕੁਕਿੰਗ ਆਦਿ ਵਿੱਚ ਹੱਥ ਅਜਮਾਇਆ ਜਾ ਸਕਦਾ ਹੈ। ਸੱਭ ਤੋਂਵੱਧ ਸਵੈ-ਅਨੁਸ਼ਾਸਨ ਦੀ ਪਾਲਣਾ ਕਰਕੇ ਆਪਣੀ ਇੱਛਾ-ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।ਸਵੈ-ਅਨੁਸ਼ਾਸਨ ਬੱਚਿਆਂ ਵਿੱਚ ਸਵੈ-ਮਾਣ ਦੇ ਨਾਲ ਸਵੈ-ਵਿਸ਼ਵਾਸ ਵਿੱਚ ਵੀ ਵਾਧਾ ਕਰੇਗਾ ਜਿਸ ਨਾਲ ਨਵੀਆਂ ਆਦਤਾਂ ਨੂੰ ਅਪਣਾਇਆ ਜਾ ਸਕਦਾ ਹੈ। ਅੰਤ ਵਿੱਚ ਮੈਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਸਵੈ-ਅਨੁਸ਼ਾਸਨ ਮਨੁੱਖ ਦੀ ਜ਼ਿੰਦਗੀ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਇਸ ਸੰਕਟ ਵੇਲੇ ਆਪਣੇ ਦੇਸ਼ ਦੀ ਸਰਕਾਰ ਵਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਕਰੀਏ। ਸਾਡਾ ਇੱਕ ਗਲਤ ਕਦਮ ਪੂਰੀ ਮਨੁੱਖਤਾ ਲਈ ਘਾਤਕ ਹੋ ਸਕਦਾ ਹੈ। ਆਓ ਅਸੀਂ ਆਪਣੇ ਦ੍ਰਿੜ ਇਰਾਦੇ ਅਤੇ ਮਜ਼ਬੂਤ ਇੱਛਾ-ਸ਼ਕਤੀ ਨਾਲ ਸਵੈ-ਅਨੁਸ਼ਾਸਨ ਵਿੱਚ ਰਹੀਏ ਅਤੇ ਆਪਣੇ ਤੇ ਆਪਣਿਆਂ ਦੀ ਭਲਾਈ ਲਈ ਸਕਾਰਾਤਮਕ ਕੰਮ ਕਰੀਏ।
                                                                                      ਪੂਜਾ ਸ਼ਰਮਾ
                                                                                ਅੰਗ੍ਰੇਜ਼ੀ ਲੈਕਚਰਾਰ
                                                             ਸਰਕਾਰੀ ਸੀਨੀਅਰ ਸੈਮੰਡਰੀ ਸਮਾਰਟ ਸਕੂਲ ਨਵਾਂਸ਼ਹਿਰ
                                                                                     ਫੋਨ ਨੰ: 9914459033
 


Vandana

Content Editor

Related News