ਸਿਹਤਮੰਦ ਜੀਵਨ ਜਿਉਣ ਦੇ ਉਪਾਅ

04/10/2020 2:10:52 PM

ਮਨੁੱਖ ਦੀ ਸਿਹਤ ਹੀ ਉਸ ਦੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ।ਚੰਗੀ ਸਿਹਤ ਉਸ ਨੂੰ ਜੀਵਨ ਵਿੱਚ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਕਾਬਿਲ ਬਣਾਉਂਦੀ ਹੈ।ਅੱਜ-ਕੱਲ੍ਹ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰੀ ਹੋਈ ਹੈ। ਮਨੁੱਖ ਧੰਨ ਕਮਾਉਣ ਦੀ ਹੋੜ ਵਿੱਚ ਆਪਣੀ ਸਿਹਤ ਦੀ ਅਣਦੇਖੀ ਕਰ ਰਿਹਾ ਹੈ। ਆਮਤੌਰ 'ਤੇ ਕਿਹਾ ਜਾਂਦਾ ਹੈ ਕਿ ਜੇ ਕਿਸੇ ਨੂੰ ਕੋਈ ਬੀਮਾਰੀ ਨਹੀਂ ਹੈ ਤਾਂ ਉਹ ਸਿਹਤਮੰਦ ਹੈ। ਪਰ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਰੀਰਕ, ਮਾਨਸਿਕ, ਮਨੋਵਿਗਿਆਨਕ, ਅਧਿਆਤਮਕ ਅਤੇ ਸਮਾਜਿਕ ਤੌਰ ਤੇ ਸਹੀ ਅਤੇ ਸੰਤੁਲਿਤ ਹੋਣ ਦਾ ਨਾਂ ਸਿਹਤ ਹੈ।ਇੱਥੇ ਸਰੀਰਕ ਸਿਹਤ ਤੌਂ ਭਾਵ ਵਿਅਕਤੀ ਦੇ ਸਾਰੇ ਅੰਗਾਂ ਦਾ ਕੰਮ ਕਰਨਾ ਅਤੇ ਉਸ ਦੀ ਸਾਹ ਲੈਣ, ਦਿਲ ਦੀ ਕਾਰਜਕੁਸ਼ਲਤਾ ਆਦਿ ਤੋਂ ਹੈ। ਮਾਨਸਿਕ ਸਿਹਤ ਸਿਰਫ ਚਿੰਤਾ, ਤਣਾਅ ਜਾਂ ਕਿਸੇ ਮਾਨਸਿਕ ਵਿਕਾਰ ਦਾ ਨਾ ਹੋਣਾ ਹੀ ਨਹੀਂ ਬਲਕਿ ਇੱਕ ਸੰਪੂਰਣ ਅਤੇ ਚੁਸਤ ਜੀਵਨ ਸ਼ੈਲੀ ਜਿਉਂਦੇ ਹੋਏ ਔਖੇ ਅਤੇ ਚੁਣੌਤੀਪੂਰਣ ਸਮੇਂ ਨੂੰ ਅਨੰਦਮਈ ਢੰਗ ਨਾਲ ਗੁਜ਼ਾਰਨਾ ਹੈ।

PunjabKesari

ਅਧਿਆਤਮਕ ਸਿਹਤ ਤੋਂ ਭਾਵ ਸੁੱਖ-ਦੁੱਖ ਦੋਵੇਂ ਸਥਿਤੀਆਂ ਵਿੱਚ ਬਿਨਾਂ ਵਿਚਲਿਤ ਹੋਏ ਸਮਭਾਵ ਬਣਾਏ ਰੱਖਣਾ।ਆਪਣੇ ਆਪ ਨੂੰ ਜਾਨਣਾ ਅਤੇ ਆਪਣੇ ਜੀਵਨ ਦੇ ਉਦੇਸ਼ ਅਤੇ ਅਰਥ ਦੀ ਭਾਲ ਸਾਨੂੰ ਅਧਿਆਤਮਿਕਤਾ ਦੇ ਵੱਲ ਲੈ ਕੇ ਜਾਂਦੀ ਹੈ। ਸਮਾਜਿਕ ਸਿਹਤ ਦਾ ਅਰਥ ਸਮਾਜ ਵਿੱਚ ਰਹਿੰਦੇ ਹੋਏ ਦੂਸਰਿਆਂ ਨਾਲ ਆਪਸੀ ਸਬੰਧਾਂ ਨੂੰ ਵਧੀਆ ਅਥੇ ਸੰਤੋਸ਼ਜਨਕ ਬਣਾਉਣ ਦੀ ਸਮਰੱਥਾ ਹੈ।ਸਮਾਜਿਕ ਭਲਾਈ ਵਿੱਚ ਯੋਗਦਾਨ ਪਾਉਣਾ ਅਤੇ ਸਾਰਿਆਂ ਦੇ ਪ੍ਰਤੀ ਪ੍ਰੇਮ ਭਰਿਆ ਵਿਵਹਾਰ ਕਰਨਾ ਚੰਗੀ ਸਮਾਜਿਕ ਸਿਹਤ ਨੂੰ ਪ੍ਰਗਟ ਕਰਦੀ ਹੈ।ਆਓ ਜਾਣਦੇ ਹਾਂ ਕਿ ਸਿਹਤਮੰਦ ਹੋਣ ਲਈ ਕੀ ਕਰਨਾ ਚਾਹੀਦਾ ਹੈ।

- ਸੱਭ ਤੋਂ ਪਹਿਲਾਂ ਸੂਰਜ ਨਿਕਲਣ ਤੋਂ ਪਹਿਲਾ ਉੱਠ ਜਾਣਾ ਚਾਹੀਦਾ ਹੈ।ਉੱਠਦੇ ਸਾਰ 3 ਤੋਂ 4 ਗਲਾਸ ਕੋਸਾ ਪਾਣੀ ਪੀਣਾ ਚਾਹੀਦਾ ਹੈ।ਕੋਸਾ ਪਾਣੀ ਪੀਣ ਨਾਲ ਸਰੀਰ ਦੇ ਸਾਰੇ ਟਾੱਕਸਿਨ ਬਾਹਰ ਨਿਕਲ ਜਾਂਦੇ ਹਨ।ਇਸ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੁੰਦੀ ਹੈ।ਇਹ ਧਿਆਨ ਰੱਖਣ ਯੋਗ ਹੈ ਕਿ ਕਬਜ਼ ਨੂੰ ਹਰ ਬਿਮਾਰੀ ਦੀ ਜੜ ਕਿਹਾ ਜਾਂਦਾ ਹੈ।ਕੋਸੇ ਪਾਣੀ ਨਾਲ ਪਾਚਣ ਪ੍ਰਣਾਲੀ ਠੀਕ ਹੁੰਦੀ ਹੈ।

- ਉਸ ਤੋਂ ਬਾਅਦ ਸ਼ੁੱਧ ਹਵਾ ਵਿੱਚ ਸੈਰ ਕਰਨਾ, ਯੋਗ ਕਰਨਾ ਜਾਂ ਕਸਰਤ ਕਰਨੀ ਚਾਹੀਦੀ ਹੈ।ਸਵੇਰ ਵੇਲੇ ਪ੍ਰਾਣਾਯਾਮ ਕਰਨ ਨਾਲ ਸਰੀਰ ਨੂੰ ਖੂਬ ਮਾਤਰਾ ਵਿੱਚ ਆੱਕਸੀਜ਼ਨ ਮਿਲਦੀ ਹੈ ਜੋ ਸਾਨੂੰ ਸਾਰਾ ਦਿਨ ਤੰਦਰੁਸਤ ਰੱਖਦੀ ਹੈ। ਸਵੇਰ ਦੀ ਸੁੱਧ ਹਵਾ ਪ੍ਰਾਣਸ਼ਕਤੀ ਵਧਾਕੇ ਲੰਬੀ ਉਮਰ ਲਈ ਸਹਾਇਕ ਹੁੰਦੀ ਹੈ।ਸਵੇਰ ਦੀ ਕਸਰਤ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਸੁਡੌਲ਼ ਬਣਾਉਂਦੀ ਹੈ।ਦਿਲ ਦੇ ਮਰੀਜ਼, ਦਮਾ, ਹਾਈ ਬਲੱਡ ਪ੍ਰੈਸ਼ਰ ਵਾਲੇ ਰੋਗੀਆਂ ਨੂੰ ਕਸਰਤ ਦੀ ਬਜਾਏ ਯੋਗ ਕਰਨਾ ਫਾਇਦੇਮੰਦ ਰਹਿੰਦਾ ਹੈ।

PunjabKesari

- ਉੱਗਦੇ ਹੋਏ ਸੂਰਜ ਨੂੰ ਦੇਖਣਾ ਦਿਲ ਦੇ ਰੋਗੀਆਂ ਲਈ ਵਰਦਾਨ ਦੀ ਤਰ੍ਹਾਂ ਹੈ।ਉਗਦੇ ਹੋਏ ਸੂਰਜ ਦੀ ਹਲਕੀ ਲਾਲ ਕਿਰਨਾਂ ਵਿੱਚ ਜੀਵਨੀ ਸ਼ਕਤੀ ਹੁੰਦੀ ਹੈ ਜਿਸ ਵਿੱਚ ਕਈ ਬਿਮਾਰੀਆਂ ਨੂੰ ਖਤਮ ਕਰਨ ਦੀ ਸਮਰੱਥਾ ਹੁੰਦੀ ਹੈ।ਪੀਲੀਆ, ਘੱਟ ਬਲੱਡ ਪ੍ਰੈਸ਼ਰ, ਸਿਰ ਦੇ ਸਾਰੇ ਰੋਗ ਅਤੇ ਸਰੀਰਕ ਅੰਗਾਂ ਦਾ ਦਰਦ ਆਦਿ ਨੂੰ ਦੂਰ ਕਰਨ ਲਈ ਇਸ ਵਿੱਚ ਅਦਭੁਤ ਸ਼ਕਤੀ ਹੁੰਦੀ ਹੈ।

- ਸਵੇਰ ਦਾ ਨਾਸ਼ਤਾ ਸਿਹਤ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ।ਨਾਸ਼ਤੇ ਵਿੱਣ ਫਲ, ਜੂਸ, ਅੰਕੁਰਿਤ ਅਨਾਜ ਅਤੇ ਡ੍ਰਾਈ ਫਰੂਟ ਖਾਣਾ ਬਹੁਤ ਵਧੀਆ ਹੁੰਦਾ ਹੈ।ਇਹ ਦੇਖਿਆ ਜਾਂਦਾ ਹੈ ਕਿ ਘੱਟ ਖਾਣ ਵਾਲਿਆਂ ਨਾਲੋਂ ਜ਼ਿਆਦਾ ਖਾਣ ਵਾਲੇ ਪਹਿਲਾਂ ਮਰਦੇ ਹਨ। ਯਾਦ ਰੱਖਣਾ ਚਾਹੀਦਾ ਹੈ ਕਿ ਮਨੁੱਖ ਜਿਉਣ ਲਈ ਖਾਂਦਾ ਹੈ ਨਾ ਕਿ ਖਾਣ ਲਈ ਜਿਉਂਦਾ ਹੈ।ਹਰ ਰੋਜ਼ ਸਮੇਂ ਸਿਰ ਨਾਸ਼ਤਾ, ਦੁਪਹਿਰ ਅਤੇ ਰਾਤ ਦਾ ਭੋਜਨ ਕਰਨਾ ਚਾਹੀਦਾ ਹੈ। ਸੰਤੁਲਿਤ ਭੋਜਨ ਜਿਸ ਵਿੱਚ ਪ੍ਰੋਟੀਨ, ਕਾਰਬਨ ਡਾਈਆੱਕਸਾਇਡ, ਵਿਟਾਮਿਨ, ਵਸਾ, ਖਣਿਜ ਪਦਾਰਥ ਆਦਿ ਹੋਣ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਤਣਾਅ ਰਹਿਤ ਹੋਕੇ, ਖੁਸ਼ ਮਨ ਨਾਲ ਭੋਜਨ ਕਰਨਾ ਚਾਹੀਦਾ ਹੈ।

- ਸਿਹਤਮੰਦ ਸਰੀਰ ਦੇ ਨਾਲ ਸਿਹਤਮੰਦ ਮਨ ਵੀ ਹੋਣਾ ਲਾਜ਼ਮੀ ਹੈ।ਮਨ ਦੀ ਤੰਦਰੁਸਤੀ ਲਈ ਮੈਡਿਟੇਸ਼ਨ ਕਰਨਾ ਲਾਜ਼ਮੀ ਹੈ।ਸਵੇਰ ਦੇ ਸਮੇਂ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ 15-20 ਮਿੰਟ ਮੈਡਿਟੇਸ਼ਨ ਮਨ ਨੂੰ ਤਣਾਅ ਤੋਂ ਮੁਕਤ ਕਰਦਾ ਹੈ।

- ਨੀਂਦ ਦੀ ਕਮੀ ਵੀ ਕਈ ਰੋਗਾਂ ਦਾ ਕਾਰਣ ਬਣਦੀ ਹੈ। ਹਰ ਮਨੁੱਖ ਨੂੰ ਕਰੀਬ 8 ਘੰਟੇ ਰੋਜ਼ ਨੀਂਦ ਜ਼ਰੂਰ ਲੈਣੀ ਬਣਦੀ ਹੈ।ਸਹੀ ਨੀਂਦ ਦੇ ਨਾਲ ਸਾਡੇ ਸਰੀਰ ਨੂੰ ਸੁੱਖ, ਨਿਰੋਗਤਾ ਅਤੇ ਜੀਵਨੀ ਸ਼ਕਤੀ ਪ੍ਰਾਪਤ ਹੁੰਦੀ ਹੈ।ਨੀਂਦ ਘੱਟ ਲੈਣ ਨਾਲ ਮਨੁੱਖ ਦੀ ਯਾਦਸ਼ਕਤੀ, ਇਕਾਗਰਤਾ ਅਤੇ ਨਿਰਣਾ ਲੈਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ।

- ਸਰੀਰ ਦੀ ਮਾਲਿਸ਼ ਕਰਨਾ ਸਰੀਰ ਨੂੰ ਸਿਹਤਮੰਦ ਰੱਖਣ ਲਈ ਬਹੁਤ ਲਾਹੇਵੰਦ ਹੈ। ਹਫਤੇ ਵਿੱਚ ਘੱਟੋਂ- ਘੱਟ ਇੱਕ ਦਿਨ ਪੂਰੇ ਸਰੀਰ ਦੀ ਮਾਲਿਸ਼ ਸਰ੍ਹੋਂ, ਤਿਲ ਜਾਂ ਕਿਸੇ ਆਯੁਰਵੈਦਿਕ ਤੇਲ ਨਾਲ ਕਰਨ ਨਾਲ ਸਰੀਰ ਦੀਆਂ ਨਸਾਂ ਵਿੱਚ ਖੁਨ ਦਾ ਦੌਰਾ ਤੇਜ਼ ਹੁੰਦਾ ਹੈ ਅਤੇ ਟਾੱਕਸਿਨ ਵੀ ਬਾਹਰ ਨਿਕਲਦੇ ਹਨ।

ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਸਿਹਤਮੰਦ ਹੋਣ ਲਈ ਆਪਣੀ ਦੈਨਿਕ ਗਤੀਵਿਧੀਆਂ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ।ਰੋਜ਼ ਜਲਦੀ ਉੱਠਣਾ, ਕਸਰਤ ਅਤੇ ਮੈਡਿਟੇਸ਼ਨ ਕਰਨਾ, ਸੰਤੁਲਿਤ ਭੋਜਨ ਦਾ ਸੇਵਨ ਕਰਨਾ ਅਤੇ ਵਧੀਆ ਨੀਂਦ ਲੈਣ ਦੇ ਨਾਲ ਜੰਕ ਫੂਡ ਤੋਂ ਦੂਰ ਰਹਿਣਾ ਅਤੇ ਤਣਾਅ-ਮੁਕਤ ਜੀਵਨ ਵਤੀਤ ਕਰਨਾ ਸਿਹਤਮੰਦ ਜ਼ਿੰਦਗੀ ਜਿਉਣ ਦੀ ਕੁੰਜੀ ਹੈ।

 ਪੂਜਾ ਸ਼ਰਮਾ

ਅੰਗ੍ਰੇਜ਼ੀ ਲੈਕਚਰਾਰ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼
ਨਵਾਂਸ਼ਹਿਰ (ਸੁਭਾਸ਼ ਨਗਰ)
ਫੋਨ ਨੰਬਰ 9914459033


Vandana

Content Editor

Related News