ਪ੍ਰੀਖਿਆ ਦੀ ਤਿਆਰੀ ਸਮੇਂ ਨਾ ਕਰੋ ਇਹ ਗਲਤੀਆਂ

04/05/2020 2:20:53 PM

ਦੇਸ਼ ਭਰ ਵਿਚ ਬੱਚਿਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ। ਕੁਝ ਬੱਚੇ ਪ੍ਰੀਖਿਆ ਨੂੰ ਲੈਕੇ ਕਾਫੀ ਤਣਾਅ ਵਿਚ ਰਹਿੰਦੇ ਹਨ, ਜਿਸ ਕਰਕੇ ਬੱਚਿਆਂ ਨੂੰ ਯਾਦ ਕੀਤਾ ਹੋਇਆ ਪਾਠ ਯਾਦ ਨਹੀਂ ਰਹਿਦਾ ਹੈ। ਜਿਸਦਾ ਕਾਰਨ ਹੈ ਕਿ ਬੱਚੇ ਪੜ੍ਹਦੇ ਹੋਏ ਕਈ ਤਰ੍ਹਾਂ ਦੀ ਗਲਤੀਆਂ ਕਰਦੇ ਹਨ। ਆਪਣਾ ਪਾਠ ਵੀ ਪ੍ਰੀਖਿਆ ਦੇ ਦੌਰਾਨ ਭੁੱਲ ਜਾਂਦੇ ਹਨ ਤੇ ਨਾਲ ਹੀ ਪ੍ਰੀਖਿਆ ਵਿੱਚ ਉਹਨਾਂ ਦੇ ਚੰਗੇ ਨੰਬਰ ਵੀ ਨਹੀਂ ਆਉਂਦੇ ਹਨ।ਅੱਜ ਅਸੀਂ ਤੁਹਾਨੂੰ ਪ੍ਰੀਖਿਆ ਵਿਚ ਸਫਲਤਾ ਹਾਸਲ ਕਰਨ ਦੇ ਕੁਝ ਤਰੀਕਿਆਂ ਬਾਰੇ ਦੱਸ ਰਹੇ ਹਾਂ। 

ਵੱਖ-ਵੱਖ ਕਿਤਾਬਾਂ ਤੋਂ ਯਾਦ ਕਰਨਾ:-
ਕਈ ਬੱਚੇ ਸਾਰਾ ਸਾਲ ਪੜ੍ਹਾਈ ਨਾ ਕਰਕੇ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਪੜ੍ਹਾਈ ਕਰਦੇ ਹਨ। ਜਿਸ ਕਾਰਨ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਪੜ੍ਹਨ ਤੇ ਕਿਹੜੀ ਪੁਸਤਕ ਪੜ੍ਹਨ। ਇਸ ਕਰਕੇ ਬੱਚੇ ਆਮਤੌਰ 'ਤੇ ਇੱਕ ਵਿਸ਼ੇ ਨੂੰ ਸਮਝਣ ਲਈ ਕਈ ਪੁਸਤਕਾਂ ਪੜ੍ਹਦੇ ਹਨ। ਜਿਸ ਸਦਕਾ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਇਸ ਲਈ ਪ੍ਰੀਖਿਆ ਨੇੜੇ ਵੱਖ-ਵੱਖ ਪੁਸਤਕਾਂ ਦੀ ਥਾਂ ਇੱਕੋ ਪੁਸਤਕ ਪੜ੍ਹਨੀ ਚਾਹੀਦੀ ਹੈ। ਇਸ ਨਾਲ ਜਿੱਥੇ ਪੜ੍ਹਨ ਵਿੱਚ ਸੌਖ ਹੋਵੇਗੀ ਉੱਥੇ ਹੀ ਵਿਸ਼ਾ ਚੰਗੀ ਤਰ੍ਹਾਂ ਸਮਝ ਆਵੇਗਾ।

ਨੀਂਦ ਪੂਰੀ ਨਾ ਕਰਨਾ:-
ਬੱਚੇ ਪ੍ਰੀਖਿਆ ਦੇ ਦਿਨਾਂ ਵਿੱਚ ਆਪਣਾ ਸਲੇਬਸ ਪੂਰਾ ਕਰਨ ਦੇ ਲਈ ਦਿਨ-ਰਾਤ ਲਗਾਤਰ ਪੜ੍ਹਾਈ ਕਰਦੇ ਰਹਿੰਦੇ ਹਨ ਜਿਸ ਕਰਕੇ ਉਹ ਆਪਣੀ ਨੀਂਦ ਪੂਰੀ ਨਹੀਂ ਕਰ ਪਾਉਂਦੇ ਹਨ। ਇਸ ਕਰਕੇ ਪ੍ਰੀਖਿਆ ਦੌਰਾਨ ਕਈ ਵਾਰ ਬੱਚਿਆਂ ਨੂੰ ਘਬਰਾਹਟ, ਚੱਕਰ ਆਉਣਾ ਆਦਿ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਪ੍ਰੀਖਿਆ ਦੇ ਦਿਨਾਂ ਵਿਚ ਬੱਚਿਆਂ ਨੂੰ ਆਪਣੀ ਨੀਂਦ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ।

ਦੁਹਰਾਈ ਨਾ ਕਰਨਾ:-
ਪ੍ਰੀਖਿਆ ਤੋਂ ਪਹਿਲਾਂ ਕਈ ਬੱਚੇ ਉਹੀ ਵਿਸ਼ੇ ਪੜ੍ਹਦੇ ਹਨ ਜੋ ਪਹਿਲਾਂ ਕਦੇ ਵੀ ਨਹੀਂ ਪੜ੍ਹੇ ਹੁੰਦੇ। ਪਰ ਚੰਗੇ ਨੰਬਰ ਪ੍ਰਾਪਤ ਕਰਨ ਲਈ ਦੁਹਰਾਈ ਬਹੁਤ ਜ਼ਰੂਰੀ ਹੈ। ਇਸ ਲਈ ਸਾਲ ਦੀ ਸ਼ੁਰੂਆਤ ਵਿਚ ਹੀ ਪੜ੍ਹਾਈ ਸ਼ੁਰੂ ਕਰਕੇ ਸਮੇਂ-ਸਮੇਂ 'ਤੇ ਦੁਹਰਾਈ ਕਰਨੀ ਲਾਜ਼ਮੀ ਬਣਾਉਣੀ ਚਾਹੀਦੀ ਹੈ।

ਪ੍ਰੀਖਿਆ ਦਾ ਡਰ:- ਕਈ ਬੱਚੇ ਪ੍ਰੀਖਿਆ ਦਾ ਨਾਂ ਸੁਣਦੇ ਹੀ ਡਰ ਜਾਂਦੇ ਹਨ ਕਿਉਂਕਿ ਉਹ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਇਸ ਲਈ ਡਰਨ ਦੀ ਥਾਂ ਡਟਕੇ ਸਾਹਮਣਾ ਕਰਨਾ ਚਾਹੀਦਾ ਹੈ ਤਾਂ ਕਿ ਜੀਵਨ ਵਿੱਚ ਆਉਣ ਵਾਲੀਆਂ ਬਾਕੀ ਪ੍ਰੀਖਿਆਵਾਂ ਦਾ ਬਿਨਾਂ ਡਰੇ ਸਾਹਮਣਾ ਕੀਤਾ ਜਾ ਸਕੇ।

ਸਰੀਰ ਨੂੰ ਹੀ ਨਹੀਂ ਦਿਮਾਗ ਨੂੰ ਵੀ ਦਿਉ ਅਰਾਮ:-
ਆਮਤੌਰ 'ਤੇ ਪ੍ਰੀਖਿਆ ਦੇ ਦਿਨਾਂ ਵਿੱਚ ਬੱਚੇ ਪੜ੍ਹਾਈ ਵਿੱਚ ਇੰਨਾ ਰੁੱਝ ਜਾਂਦੇ ਹਨ ਕਿ ਆਪਣੀ ਸਿਹਤ ਵੱਲ ਵੀ ਧਿਆਨ ਨਹੀਂ ਦਿੰਦੇ ਪਰ ਪ੍ਰੀਖਿਆ ਦੌਰਾਨ ਸਰੀਰ ਦੇ ਨਾਲ ਦਿਮਾਗ ਦਾ ਆਰਾਮ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਲਗਾਤਾਰ ਪੜ੍ਹਨ ਨਾਲ ਦਿਮਾਗ ਨੂੰ ਆਰਾਮ ਨਹੀਂ ਮਿਲ ਪਾਉਂਦਾ ਜਿਸ ਕਰਕੇ ਕਈ ਵਾਰ ਪੜ੍ਹਿਆ ਹੋਇਆ ਵੀ ਭੁੱਲ ਜਾਂਦਾ ਹੈ। ਇਸ ਲਈ ਕੁੱਝ ਦੇਰ ਪੜ੍ਹਨ ਤੋਂ ਬਾਅਦ ਸੈਰ ਕਰੋ। ਆਪਣੀ ਪਸੰਦ ਦੀ ਕੋਈ ਗੇਮ ਖੇਡ ਲਵੋ ਜਾਂ ਫਿਰ ਆਰਾਮ ਕਰ ਲਵੋ। ਇਸ ਤੋਂ ਇਲਾਵਾ ਮਨ ਨੂੰ ਸ਼ਾਂਤ ਕਰਨ ਲਈ ਯੋਗਾ ਵੀ ਕਰ ਸਕਦੇ ਹੋ।

ਇਸ ਸਭ ਤੋਂ ਇਲਾਵਾ ਪ੍ਰੀਖਿਆਵਾਂ ਦੌਰਾਨ ਭਾਵਨਾਤਮਕ ਤੇ ਬੌਧਿਕ ਚਿੰਤਾ ਵੀ ਵਧ ਜਾਂਦੀ ਹੈ ਜਿਸਦੇ ਕਈ ਕਾਰਨ ਹੋ ਸਕਦੇ ਹਨ। ਜਿਵੇਂ
ਕਿ ਵਿਦਿਆਰਥੀਆਂ ਦਾ ਪੜ੍ਹਾਈ ਵੱਲੋਂ ਅਵੇਸਲੇ ਹੋਣਾ।
- ਖਾਣ-ਪੀਣ ਸਬੰਧੀ ਬੁਰੀਆਂ ਆਦਤਾਂ।
- ਅਧੂਰੀ ਤਿਆਰੀ।
- ਪਿਛਲੀ ਪ੍ਰੀਖਿਆ ਵਿਚ ਮਾੜਾ ਪ੍ਰਦਰਸ਼ਨ।
- ਲਗਾਤਾਰ ਪੜ੍ਹਦੇ ਰਹਿਣਾ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਨਾ ਕਰਨਾ।

ਰਣਜੀਤ ਕੌਰ


Vandana

Content Editor

Related News