ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ ਹੋਈ, ਜੋਰਦਾਰ ਨਾਅਰੇਬਾਜੀ ਕੀਤੀ

05/19/2018 6:07:01 PM

ਕੋਟਕਪੂਰਾ (ਨਰਿੰਦਰ) - ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੀ ਇਕਾਈ ਜ਼ਿਲਾ ਫਰੀਦਕੋਟ ਦੀ ਮੀਟਿੰਗ ਲਾਲਾ ਲਾਜਪਤ ਰਾਏ ਮਿਊਂਸਪਲ ਪਾਰਕ ਕੋਟਕਪੂਰਾ ਵਿਖੇ ਹੋਈ। ਮੀਟਿੰਗ ਦੌਰਾਨ ਲਾਈਨਮੈਂਨਾਂ ਵੱਲੋਂ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਖਜ਼ਾਨਚੀ ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਬੇਰੁਜ਼ਗਾਰ ਲਾਈਨਮੈਨ ਰੋਜ਼ਗਾਰ ਪ੍ਰਾਪਤੀ ਲਈ ਲੰਮੇ ਅਰਸੇ ਤੋਂ ਸੰਘਰਸ਼ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਲਾਈਨਮੈਨਾਂ ਦੇ ਤਿੱਖੇ ਸੰਘਰਸ਼ ਹੇਠ ਜਨਵਰੀ 2011 'ਚ 5 ਹਜ਼ਾਰ ਲਾਈਨਮੈਨਾਂ ਦਾ ਇਸ਼ਤਿਹਾਰ ਜਾਰੀ ਕਰਕੇ ਕੌਂਸਲਿੰਗ ਕਰਨ ਤੋਂ ਬਾਅਦ ਸਿਰਫ 1 ਹਜ਼ਾਰ ਲਾਈਨਮੈਨਾਂ ਨੂੰ ਹੀ ਨਿਯੁਕਤੀ ਪੱਤਰ ਜਾਰੀ ਕੀਤੇ ਸਨ ਤੇ ਉਦੋਂ ਤੋਂ ਹੀ ਬਾਕੀ ਰਹਿੰਦੇ 4 ਹਜ਼ਾਰ ਲਾਈਨਮੈਨ ਅੱਜ ਤੱਕ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਬੇਰੁਜ਼ਗਾਰ ਲਾਈਨਮੈਨਾਂ ਦਾ ਰੋਜ਼ਗਾਰ ਲਈ ਪੱਕਾ ਮੋਰਚਾ 2016 'ਚ ਪਟਿਆਲਾ ਵਿਖੇ ਚੱਲ ਰਿਹਾ ਸੀ ਤਾਂ ਕਾਂਗਰਸ ਪਾਰਟੀ ਵਲੋਂ ਮਹਾਰਾਣੀ ਪ੍ਰਨੀਤ ਕੌਰ, ਰਜਿੰਦਰ ਕੌਰ ਭੱਠਲ, ਸਾਧੂ ਸਿੰਘ ਧਰਮਸੋਤ, ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ, ਜੋ ਮੌਜੂਦਾ ਕੈਬਨਿਟ 'ਚ ਮੰਤਰੀ ਹਨ, ਵਲੋਂ ਲਾਈਨਮੈਨਾਂ ਦੀ ਹਮਾਇਤ ਕਰਦਿਆਂ ਭੁੱਖ ਹੜਤਾਲ ਰੱਖੀ ਗਈ ਸੀ ਤੇ ਵਿਸ਼ਵਾਸ ਦਵਾਇਆ ਸੀ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਸਾਰੇ ਲਾਈਨਮੈਨਾਂ ਨੂੰ ਪੱਕਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਪਰ ਇਸ ਦੇ ਉਲਟ ਜਦੋ ਕਾਂਗਰਸ ਦੀ ਅਗਵਾਈ ਹੇਠ ਸਰਕਾਰ ਬਣ ਗਈ ਤਾਂ ਉਨ੍ਹਾਂ ਨੇ ਲਾਈਨਮੈਨਾਂ ਨਾਲ ਧੋਖਾ ਕਰਦੇ ਹੋਏ 15 ਸੌ ਸਹਾਇਕ ਲਾਈਨਮੈਨਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ, ਜਿਸ ਦਾ ਯੂਨੀਅਨ ਨੇ ਵਿਰੋਧ ਕੀਤਾ ਤਾਂ ਪਾਵਰਕਾਮ ਦੀ ਮੈਨੇਜਮੈਂਟ ਨੇ ਜੱਥੇਬੰਦੀ ਨਾਲ ਸਮਝੌਤਾ ਕੀਤਾ, ਜਿਸ ਤਹਿਤ ਉਮਰ ਹੱਦ ਪਾਰ ਕਰ ਰਹੇ ਲਾਈਨਮੈਨਾਂ ਨੂੰ ਐਡਜਸਟ ਕਰਨ ਲਈ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਅਤੇ ਪੋਸਟਾਂ ਦੀ ਗਿਣਤੀ 15 ਸੌ ਤੋਂ ਵਧਾ ਕੇ 28 ਸੌ ਕਰ ਦਿੱਤੀ ਪਰ ਪੁਰਾਣੇ ਸਾਥੀ ਮੈਰਿਟ ਸੂਚੀ 'ਚ ਫਿਰ ਵੀ ਨਹੀਂ ਸ਼ਾਮਲ ਹੋਏ, ਜਿਸ ਕਾਰਨ ਪੁਰਾਣੇ ਸਾਥੀਆਂ 'ਚ ਸਰਕਾਰ ਤੇ ਪਾਵਰਕਾਮ ਪ੍ਰਤੀ ਭਾਰੀ ਰੋਸ ਹੈ। ਇਸ ਦੌਰਾਨ ਜ਼ਿਲਾ ਪ੍ਰਧਾਨ ਹਰਪ੍ਰੀਤ ਸਿੰਘ ਮੜ੍ਹਾਕ ਨੇ ਕਿਹਾ ਕਿ ਕਾਂਗਰਸ ਸਰਕਾਰ ਰਹਿੰਦੇ 4 ਹਜ਼ਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਕੇ ਆਪਣਾ ਚੋਣ ਮੈਨੀਫੈਸਟੋਂ ਘਰ-ਘਰ 'ਚ ਨੌਕਰੀ ਵਾਲਾ ਵਾਧਾ ਪੂਰਾ ਕਰੇ। ਉਨ੍ਹਾਂ ਫਰੀਦਕੋਟ ਜ਼ਿਲੇ ਦੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਪਰਿਵਾਰਾਂ ਸਮੇਤ ਪਟਿਆਲੇ ਸੂਬਾ ਪੱਧਰੀ ਧਰਨੇ 'ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਣਾਮ ਸਿੰਘ ਖਾਰਾ, ਜਗਸੀਰ ਸਿੰਘ ਭਗਤੁਆਨਾ, ਅਮਨਦੀਪ ਜੈਤੋ, ਬੂਟਾ ਸਿੰਘ ਆਦਿ ਹਾਜ਼ਰ ਸਨ।


Related News