ਸ਼ਾਹਕੋਟ ''ਚ ਭਾਰਤੀ ਚੋਣ ਕਮਿਸ਼ਨ ਦੀ ਟਾਸਕ ਫੋਰਸ ਤਾਇਨਾਤ ਕੀਤੀ ਜਾਵੇ: ਅਕਾਲੀ ਦਲ

Sunday, May 20, 2018 - 09:32 PM (IST)

ਸ਼ਾਹਕੋਟ ''ਚ ਭਾਰਤੀ ਚੋਣ ਕਮਿਸ਼ਨ ਦੀ ਟਾਸਕ ਫੋਰਸ ਤਾਇਨਾਤ ਕੀਤੀ ਜਾਵੇ: ਅਕਾਲੀ ਦਲ

ਸ਼ਾਹਕੋਟ — ਸ਼੍ਰੋਮਣੀ ਅਕਾਲੀ ਦਲ ਨੇ ਅੱਜ (ਐਤਵਾਰ) ਮੰਗ ਕੀਤੀ ਹੈ ਕਿ ਸ਼ਾਹਕੋਟ 'ਚ ਭਾਰਤੀ ਚੋਣ ਕਮਿਸ਼ਨ ਵੱਲੋਂ ਇੱਕ ਸੁਤੰਤਰ ਟੀਮ ਤਾਇਨਾਤ ਕੀਤੀ ਜਾਵੇ, ਜਿਹੜੀ ਉੱਚੀ ਪੱਧਰੀ ਟਾਸਕ ਫੋਰਸ ਵਜੋਂ ਕੰਮ ਕਰੇ ਅਤੇ ਨਾਲ ਹੀ 28 ਮਈ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਪੰਜਾਬ ਵਿਚਲੀ ਸੱਤਾਧਾਰੀ ਪਾਰਟੀ ਨੂੰ ਹੇਰਾਫੇਰੀਆਂ ਕਰਨ ਤੋਂ ਰੋਕਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੀ ਇੱਕ ਚਿੱਠੀ 'ਚ ਕਿਹਾ ਹੈ ਕਿ ਸ਼ਾਹਕੋਟ 'ਚ ਸਿਰਫ ਇੱਕ ਚੋਣ ਨਿਗਰਾਨ ਦੀ ਨਿਯੁਕਤੀ ਕਰਨਾ ਕਾਫੀ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਅਕਾਲੀ ਦਲ ਨੇ 28 ਮਈ ਨੂੰ ਹਰ ਪੋਲਿੰਗ ਬੂਥ 'ਚ ਹੋਣ ਵਾਲੇ ਸਮੁੱਚੇ ਚੋਣ ਅਮਲ ਦੀ ਵੀਡਿਓਗ੍ਰਾਫੀ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।
ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਗਈ ਇੱਕ ਵੱਡੀ ਚਿੱਠੀ, ਜਿਸ ਦੀ ਇੱਕ ਨਕਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਵੀ ਭੇਜੀ ਗਈ ਹੈ, 'ਚ ਡਾਕਟਰ ਚੀਮਾ ਨੇ ਦੋਸ਼ ਲਾਇਆ ਹੈ ਕਿ ਸਿਵਲ ਅਤੇ ਪੁਲਸ ਅਧਿਕਾਰੀਆਂ ਸਮੇਤ ਸਮੁੱਚੀ ਸਰਕਾਰੀ ਮਸ਼ੀਨਰੀ ਕਾਂਗਰਸ ਪਾਰਟੀ ਦੀ ਚੋਣ-ਪ੍ਰਚਾਰ ਕਰਨ ਵਾਲੀ ਟੀਮ ਵਾਂਗ ਕੰਮ ਕਰ ਰਹੀ ਹੈ। ਉਨ੍ਹਾਂ ਨੇ ਪਾਰਟੀ ਵੱਲੋਂ ਇਸ ਗੱਲ ਦਾ ਖ਼ਦਸ਼ਾ ਜਾਹਿਰ ਕੀਤਾ ਕਿ ਸੂਬਾ ਸਰਕਾਰ ਇੱਕ ਆਜ਼ਾਦ ਅਤੇ ਨਿਰਪੱਖ ਚੋਣ ਨਹੀਂ ਹੋਣ ਦੇਵੇਗੀ।
ਅਕਾਲੀ ਦਲ ਨੇ ਕਿਹਾ ਕਿ ਇਹਨਾਂ ਹਾਲਾਤਾਂ ਨੂੰ ਵੇਖਦੇ ਹੋਏ ਪਾਰਟੀ ਨੇ ਸਮੁੱਚੇ ਹਲਕੇ 'ਚ ਤੁਰੰਤ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ। ਜੇਕਰ ਅਜਿਹਾ ਤੁਰੰਤ ਨਾ ਕੀਤਾ ਗਿਆ ਤਾਂ ਸੂਬਾ ਸਰਕਾਰ ਆਪਣੀ ਪਸੰਦ ਦੇ ਅਧਿਕਾਰੀਆਂ ਨੂੰ ਪੋਲਿੰਗ ਪਾਰਟੀਆਂ ਵਜੋਂ ਤਾਇਨਾਤ ਕਰ ਦੇਵੇਗੀ ਤਾਂ ਕਿ ਉਹ ਸੱਤਾਧਾਰੀ ਪਾਰਟੀ ਦੇ ਹਿੱਤ ਪੂਰਨ ਲਈ ਕੰਮ ਕਰਨ।
ਪਾਰਟੀ ਨੇ ਇਹ ਵੀ ਮੰਗ ਕੀਤੀ ਹੈ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਪੋਲਿੰਗ ਪਾਰਟੀਆਂ ਨੂੰ ਕਮਿਸ਼ਨ ਵੱਲੋਂ ਸਿੱਧੇ ਹੀ ਨਿਯੁਕਤ ਕੀਤਾ ਜਾਣਾ ਠੀਕ ਰਹੇਗਾ। ਨਹੀਂ ਤਾਂ ਸੂਬਾ ਸਰਕਾਰ ਆਪਣੀ ਪਸੰਦ ਦੇ ਅਧਿਕਾਰੀਆਂ ਨੂੰ ਪੋਲਿੰਗ ਪਾਰਟੀਆਂ ਵਜੋਂ ਤਾਇਨਾਤ ਕਰਨ 'ਚ ਕਾਮਯਾਬ ਹੋ ਜਾਵੇਗੀ।
ਅਕਾਲੀ ਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁੱਖ ਸਕੱਤਰ ਨੂੰ ਸਖ਼ਤ ਹਦਾਇਤਾਂ ਜਾਰੀ ਕਰਕੇ ਕਹਿਣ ਕਿ ਉਹ ਸਾਰੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਤੋਂ ਵਰਜਣ, ਜਿਨ੍ਹਾਂ ਨਾਲ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਏ ਜਾਣ 'ਚ ਵਿਘਨ ਪੈ ਸਕਦਾ ਹੋਵੇ।
ਭਾਰਤੀ ਚੋਣ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਅਕਾਲੀ ਦਲ ਨੇ ਇਹ ਵੀ ਦੋਸ਼ ਲਾਇਆ ਹੈ ਕਿ ਕਾਂਗਰਸ ਵੱਲੋਂ ਵੋਟਰਾਂ 'ਤੇ ਗੈਰਕਾਨੂੰਨੀ ਦਬਾਅ ਪਾਉਣ ਲਈ ਵੱਖ ਵੱਖ ਸਰਕਾਰੀ ਵਿਭਾਗਾਂ ਜਿਵੇਂ ਪੇਂਡੂ ਵਿਕਾਸ ਅਤੇ ਪੰਚਾਇਤ, ਸਹਿਕਾਰਤਾ ਵਿਭਾਗ, ਬਿਜਲੀ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈਜ਼ ਅਤੇ ਪੁਲਿਸ ਵਿਭਾਗ ਦੀ ਮੱਦਦ ਲਈ ਜਾ ਰਹੀ ਹੈ।
ਡਾਕਟਰ ਚੀਮਾ ਨੇ ਇਹ ਵੀ ਦੋਸ਼ ਲਾਇਆ ਕਿ ਸਥਾਨਕ ਬੀਡੀਪੀਓਜ਼ ਉੱਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੂੰ ਜਿਤਾਉਣ ਵਾਸਤੇ ਕੰਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ ਅਤੇ ਅਜਿਹਾ ਨਾ ਕਰਨ ਦੀ ਸੂਰਤ ਵਿਚ ਵਿਜੀਲੈਂਸ ਵੱਲੋਂ ਝੂਠੇ ਕੇਸ ਦਰਜ ਕੀਤੇ ਜਾਣ ਸਮੇਤ ਸਖ਼ਤ ਵਿਭਾਗੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਵੱਖ ਵੱਖ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਅਤੇ ਪ੍ਰਧਾਨਾਂ ਨੇ ਵੀ ਸ਼ਿਕਾਇਤ ਕੀਤੀ ਹੈ ਕਿ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਵੀ ਅਜਿਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 
ਅਕਾਲੀ ਦਲ ਨੇ ਖਾਸ ਮਿਸਾਲਾਂ ਦਿੰਦੇ ਹੋਏ ਦੱਸਿਆ ਕਿ ਕਿਸ ਤਰਾਂ ਸੱਤਾ ਅਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ (ਐਤਵਾਰ) ਨੂੰ ਬਿਜਲੀ ਵਿਭਾਗ ਦੀ ਇੱਕ ਟੀਮ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ 'ਚ ਪੈਂਦੇ ਪਿੰਡ ਮੂਲੇਵਾਲ ਖੇੜਾ 'ਚ ਸਾਡੇ ਸਰਪੰਚ ਸੋਹਨ ਸਿੰਘ ਦੇ ਘਰ 'ਚ ਛਾਪਾ ਮਾਰਿਆ, ਕਿਉਂਕਿ ਉਸ ਨੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਬਿਜਲੀ ਵਿਭਾਗ ਦੀ ਟੀਮ ਨੇ ਬਿਨਾਂ ਕਿਸੇ ਕਾਰਣ ਤੋਂ ਸੋਹਨ ਸਿੰਘ ਦੀ ਬਿਜਲੀ ਦੀ ਸਪਲਾਈ ਕੱਟ ਦਿੱਤੀ ਅਤੇ ਪੁਰਾਣਾ ਮੀਟਰ ਵੀ ਲਾਹ ਕੇ ਲੈ ਗਏ। ਇੰਨਾ ਹੀ ਨਹੀਂ ਉਹ ਉਸ ਨੂੰ ਕਾਂਗਰਸੀ ਉਮੀਦਵਾਰ ਦੀ ਮਦਦ ਨਾ ਕਰਨ 'ਤੇ ਨਤੀਜੇ ਭੁਗਤਣ ਦੀ ਧਮਕੀ ਵੀ ਦੇ ਕੇ ਗਏ। ਬਿਜਲੀ ਅਧਿਕਾਰੀ ਸੋਹਨ ਸਿੰਘ ਦੇ ਦੋ ਭਰਾਵਾਂ ਮਨਮੋਹਨ ਸਿੰਘ ਅਤੇ ਦਰਬਾਰਾ ਸਿੰਘ ਦੇ ਵੀ ਪੁਰਾਣੇ ਬਿਜਲੀ ਦੇ ਮੀਟਰ ਉਤਾਰ ਕੇ ਲੈ ਗਏ। ਛਾਪੇ ਵਾਲੀ ਟੀਮ ਦੇ ਚਲੇ ਜਾਣ ਮਗਰੋਂ ਸਰਪੰਚ ਨੂੰ ਕਿਸੇ ਅਜਨਬੀ ਨੇ ਫੋਨ 'ਤੇ ਵੀ ਧਮਕੀ ਦਿੱਤੀ।
ਡਾਕਟਰ ਚੀਮਾ ਨੇ ਕਿਹਾ ਕਿ ਸੂਬੇ ਦਾ ਬਿਜਲੀ ਮੰਤਰੀ ਖੁਦ ਉਸੇ ਪਿੰਡ 'ਚ ਡੇਰਾ ਜਮਾਈ ਬੈਠਾ ਹੈ ਅਤੇ ਸੱਤਾਧਾਰੀ ਪਾਰਟੀ ਵੱਲੋਂ ਕੀਤੀ ਜਾ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ ਦੀ ਨਿਗਰਾਨੀ ਕਰ ਰਿਹਾ ਹੈ।
ਅਕਾਲੀ ਦਲ ਨੇ ਅੱਗੇ ਕਿਹਾ ਕਿ ਇਸ ਹਲਕੇ ਨਾਲ ਸੰਬੰਧ ਰੱਖਣ ਵਾਲੇ ਪੁਲਸ ਅਧਿਕਾਰੀਆਂ 'ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਆਪਣੇ ਪਰਿਵਾਰਾਂ ਤੋਂ ਸੱਤਾਧਾਰੀ ਪਾਰਟੀ ਦਾ ਸਮਰਥਨ ਕਰਵਾਉਣ। ਇੱਥੋਂ ਤਕ ਕਿ ਜਿਹਨਾਂ ਪੁਲਿਸ ਅਧਿਕਾਰੀਆਂ ਨੇ ਪਹਿਲਾਂ ਇਸ ਹਲਕੇ 'ਚ ਸੇਵਾ ਨਿਭਾਈ ਹੈ, ਉਨ੍ਹਾਂ ਨੂੰ ਕਾਂਗਰਸੀ ਵਰਕਰਾਂ ਵਜੋਂ ਕੰਮ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਆਪਣੇ ਰਸੂਖ ਵਰਤ ਕੇ ਵੋਟਰਾਂ ਨੂੰ ਕਾਂਗਰਸ ਦੇ ਹੱਕ 'ਚ ਭੁਗਤਾਉਣ।


Related News