ਕਾਂਗਰਸ ਲੀਡਰਸ਼ਿਪ ਵੱਲੋਂ ਜ਼ਿਲਾ ਹੈੱਡ ਕੁਆਰਟਰ ''ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
Friday, Jun 01, 2018 - 01:15 AM (IST)

ਗੁਰਦਾਸਪੁਰ, (ਹਰਮਨਪ੍ਰੀਤ, ਦੀਪਕ, ਵਿਨੋਦ)- ਦੇਸ਼ ਅੰਦਰ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਦੇ ਰੋਸ ਵਜੋਂ ਕਾਂਗਰਸ ਹਾਈਕਮਾਂਡ ਵੱਲੋਂ ਰੋਸ ਪ੍ਰਦਰਸ਼ਨ ਕਰਨ ਦੇ ਕੀਤੇ ਗਏ ਐਲਾਨ ਤਹਿਤ ਅੱਜ ਜ਼ਿਲਾ ਹੈੱਡ ਕੁਆਰਟਰ ਗੁਰਦਾਸਪੁਰ ਵਿਖੇ ਜ਼ਿਲੇ ਨਾਲ ਸਬੰਧਤ ਕਾਂਗਰਸੀ ਆਗੂਆਂ ਨੇ ਰੋਸ ਮਾਰਚ ਕਰਨ ਉਪਰੰਤ ਡਿਪਟੀ ਕਮਿਸ਼ਨਰ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਜ਼ਿਲਾ ਪ੍ਰਧਾਨ ਅਸ਼ੋਕ ਚੌਧਰੀ ਦੀ ਅਗਵਾਈ ਹੇਠ ਇਕੱਤਰ ਹੋਏ ਆਗੂਆਂ ਨੇ ਕੇਂਦਰ ਸਰਕਾਰ ਦੀ ਡੱਟ ਕੇ ਨਿੰਦਾ ਕੀਤੀ ਅਤੇ ਪੱਤਰ ਰਾਹੀਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਚਾਰ ਸਾਲਾਂ ਦਾ ਕਾਰਜਕਾਲ ਪੂਰਾ ਕਰ ਕੇ ਜਸ਼ਨ ਮਨਾ ਰਹੀ ਹੈ। ਪਰ ਦੂਜੇ ਪਾਸੇ ਸਮੁੱਚਾ ਦੇਸ਼ ਆਰਥਿਕ ਸੰਕਟ 'ਚੋਂ ਗੁਜ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ 6 ਸਾਲ ਪਹਿਲਾਂ 31 ਮਈ 2012 ਨੂੰ ਭਾਜਪਾ ਨੇ ਅੱਜ ਦੇ ਦਿਨ ਭਾਰਤ ਬੰਦ ਦਾ ਸੱਦਾ ਦੇ ਕੇ ਕਈ ਤਰ੍ਹਾਂ ਦੇ ਵੱਡੇ ਦਾਅਵੇ ਕੀਤੇ ਸਨ। ਪਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਭੁੱਲ ਗਏ ਹਨ।
ਉਨ੍ਹਾਂ ਕਿਹਾ ਕਿ 2012 ਵਿਚ ਜਦੋਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ 104.09 ਡਾਲਰ ਪ੍ਰਤੀ ਬੈਰਲ ਸੀ ਤਾਂ ਡਾ. ਮਨਮੋਹਨ ਦੀ ਸਰਕਾਰ ਵੱਲੋਂ ਡੀਜ਼ਲ 40.91 ਰੁਪਏ ਅਤੇ ਪੈਟਰੋਲ 73.18 ਰੁਪਏ ਪ੍ਰਤੀ ਲੀਟਰ ਦੇ ਰੇਟ 'ਤੇ ਮੁਹੱਇਆ ਕਰਵਾਇਆ ਜਾਂਦਾ ਸੀ। ਪਰ ਹੁਣ ਜਦੋਂ ਕੱਚੇ ਤੇਲ ਦੀ ਕੀਮਤ ਸਿਰਫ਼ 67.50 ਡਾਲਰ ਹੈ ਤਾਂ ਮੋਦੀ ਸਰਕਾਰ ਨੇ ਡੀਜ਼ਲ ਦਾ ਰੇਟ 69 ਰੁਪਏ ਅਤੇ ਪੈਟਰੋਲ ਦਾ ਰੇਟ 78 ਰੁਪਏ ਪ੍ਰਤੀ ਲੀਟਰ ਤੱਕ ਪਹੁੰਚਾ ਦਿੱਤਾ ਹੈ। ਇਸੇ ਤਰ੍ਹਾਂ ਉਨ੍ਹਾਂ ਹੋਰ ਵੀ ਕਈ ਉਦਾਹਰਨਾਂ ਦਿੰਦਿਆਂ ਕੇਂਦਰ ਸਰਕਾਰ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੁਰੰਤ ਘੱਟ ਕੀਤੀਆਂ ਜਾਣ ਤਾਂ ਜੋ ਬੇਤਹਾਸਾ ਮਹਿੰਗਾਈ ਨਾਲ ਜੂਝ ਰਹੇ ਦੇਸ਼ ਵਾਸੀਆਂ ਨੂੰ ਰਾਹਤ ਮਿਲ ਸਕੇ।
ਅੱਜ ਦੇ ਰੋਸ ਪ੍ਰਦਰਸ਼ਨ ਦੌਰਾਨ ਸਾਬਕਾ ਮੰਤਰੀ ਅਸ਼ਵਨੀ ਸੇਖੜੀ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਸੁਸ਼ੀਲ ਮਹਾਜਨ, ਤਰਸੇਮ ਸਹੋਤਾ, ਹਰਦੀਪ ਸਿੰਘ ਬੇਦੀ, ਰਜਵੰਤ ਸਿੰਘ ਬਾਵਾ, ਅਨੂੰ ਗੰਡੋਤਰਾ, ਮਨਜੀਤ ਸਿੰਘ ਮੰਝ, ਦਰਸ਼ਨ ਮਹਾਜਨ, ਮਹਿੰਦਰ ਲਾਲ, ਬਲਵਿੰਦਰ ਸਿੰਘ, ਪ੍ਰਸ਼ੋਤਮ ਭੁੱਚੀ ਸਾਬਕਾ ਕੌਂਸਲਰ, ਸੁੱਚਾ ਸਿੰਘ ਮੁਲਤਾਨੀ, ਅਮਨਦੀਪ ਕੌਰ ਰੰਧਾਵਾ, ਗੁਰਿੰਦਰ ਲਾਲ, ਹਰਜਿੰਦਰ ਸਿੰਘ ਸਰਪੰਚ ਗੋਹਤ ਪੋਕਰ, ਸੁਰਿੰਦਰ ਸ਼ਰਮਾ, ਜਿੰਮੀ ਬਰਾੜ, ਗਗਨ ਕਰਲੂਪੀਆ, ਸੁਭਾਸ਼ ਚੰਦਰ ਮੇਘੀਆਂ, ਸੁਰਿੰਦਰ ਮਹਾਜਨ, ਲਖਵਿੰਦਰ ਸਿੰਘ ਫੌਜੀ ਆਦਿ ਹਾਜ਼ਰ ਸਨ।