2 ਨੌਜਵਾਨਾਂ ਨੂੰ ਜ਼ਖਮੀ ਕਰਨ ਵਾਲੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ
Friday, May 18, 2018 - 03:16 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਕਾਰ ਦੀ ਸਾਈਡ ਮਾਰ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਜ਼ਖਮੀ ਕਰਨ ਵਾਲੇ ਕਾਰ ਚਾਲਕ ਖ਼ਿਲਾਫ਼ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਰਤਗਡ਼੍ਹ ਪੁਲਸ ਚੌਕੀ ਦੇ ਜਾਂਚ ਅਧਿਕਾਰੀ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ 12 ਮਈ ਨੂੰ ਕਰੀਬ ਸਵੇਰੇ 11 ਵਜੇ ਰਾਜੇਸ਼ (21) ਪੁੱਤਰ ਸੁਰੇਸ਼ ਕੁਮਾਰ ਵਾਸੀ ਮੁਹੱਲਾ ਕੁਰਾਲੀ ਵਾਲਾ ਸ੍ਰੀ ਅਨੰਦਪੁਰ ਸਾਹਿਬ ਅਤੇ ਅਨਮੋਲ ਪੁਰੀ ਉਰਫ ਰਾਜਾ (20) ਪੁੱਤਰ ਰਾਮ ਪਾਲ ਵਾਸੀ ਪਿੰਡ ਬਰਾਰੀ ਥਾਣਾ ਨੰਗਲ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਰੋਪਡ਼ ਵੱਲ ਜਾ ਰਹੇ ਸਨ। ਇਸ ਦੌਰਾਨ ਇਨ੍ਹਾਂ ਦੇ ਪਿੱਛੇ ਆ ਰਹੀ ਅਾਲਟੋ ਕਾਰ ਨੇ ਮੋਟਰਸਾਈਕਲ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਦੋਵੇਂ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ। ਰਾਜੇਸ਼ ਕੁਮਾਰ ਦੀ ਲੱਤ ਟੁੱਟ ਗਈ ਜੋ ਇਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਅਧੀਨ ਹੈ। ਪੁਲਸ ਨੇ ਜ਼ਖਮੀ ਦੇ ਬਿਆਨਾਂ ਦੇ ਅਾਧਾਰ ’ਤੇ ਕਾਰ ਦੇ ਡਰਾਈਵਰ ਭਜਨ ਲਾਲ ਪੁੱਤਰ ਮਾਡ਼ੂ ਰਾਮ ਵਾਸੀ ਪਿੰਡ ਪਹਾਡ਼ਪੁਰ ਸਮਲਾਹ ਥਾਣਾ ਸ੍ਰੀ ਅਨੰਦਪੁਰ ਸਾਹਿਬ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਤੇਜ਼ ਕਰ ਦਿੱਤੀ ਹੈ।