50 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਸਣੇ 4 ਖਿਲਾਫ ਮੁਕੱਦਮਾ ਦਰਜ, 3 ਗ੍ਰਿਫਤਾਰ

05/26/2018 7:43:40 AM

ਜਲਾਲਾਬਾਦ (ਸੇਤੀਆ) : ਸਰਕਾਰ ਵਲੋਂ ਨਸ਼ਾ ਤਸਕਰਾਂ ਨੂੰ ਰੋਕਣ ਲਈ ਗਠਿਤ ਕੀਤੇ ਗਏ ਐੱਸ. ਟੀ. ਐੱਫ. ਵਿਭਾਗ ਵਲੋਂ ਬੀਤੇ ਦਿਨੀਂ ਸਥਾਨਕ ਅਨਾਜ ਮੰਡੀ ਵਿਚ ਗਸ਼ਤ ਦੌਰਾਨ 50 ਗ੍ਰਾਮ ਹੈਰੋਇਨ ਅਤੇ ਇਕ ਮੋਟਰਸਾਈਕਲ ਬਰਾਮਦ ਦੋ ਔਰਤਾਂ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰਕੇ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਨਾਮਜ਼ਦ ਲੋਕਾਂ ਵਿਚ ਮਲਕੀਤ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਚੱਕ ਭੰਗੇ ਵਾਲਾ ਥਾਣਾ ਮਮਦੋਟ, ਬੋਹੜ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਸਵਾਈ ਕੇ ਭਖੜੀ ਥਾਣਾ ਲਖੋਕੇ ਬਹਿਰਾਮ, ਪਰਮਜੀਤ ਕੌਰ ਉਰਫ ਕੈਲਾਸ਼ ਪਤਨੀ ਪੂਰਨ ਸਿੰਘ ਵਾਸੀ ਜੋਧਾ ਭੈਣੀ ਹਾਲ ਲਮੋਚੜ ਕਲਾਂ, ਕ੍ਰਿਸ਼ਨਾ ਰਾਣੀ ਉਰਫ ਪੂਜਾ ਵਾਸੀ ਰਿੰਪਾ ਸਿੰਘ ਵਾਸੀ ਸੁਖੇਰਾ ਬੋਦਲਾ ਸ਼ਾਮਲ ਹਨ। 
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਛਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਪਾਰਟੀ ਸਹਿਤ ਸ਼ੱਕੀ ਲੋਕਾਂ ਦੀ ਚੈਕਿੰਗ ਲਈ ਨਵੇਂ ਬੱਸ ਅੱਡੇ ਨਜ਼ਦੀਕ ਚੈਕਿੰਗ ਅਭਿਆਨ ਚਲਾਇਆ ਹੋਇਆ ਸੀ ਕਿ ਇਸ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਬੋਹੜ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋ ਔਰਤਾਂ ਨਾਲ ਜਲਾਲਾਬਾਦ ਕੋਲੋਂ ਲੰਘ ਰਿਹਾ ਹੈ। ਜਿਸ ਕੋਲ ਹੈਰੋਇਨ ਹੈ। ਇਸ ਦੌਰਾਨ ਜਦੋਂ ਨਾਕਾਬੰਦੀ ਕਰਕੇ ਅਨਾਜ ਮੰਡੀ ਨਜ਼ਦੀਕ ਬੋਹੜ ਸਿੰਘ ਨੂੰ ਰੋਕਿਆ ਗਿਆ ਅਤੇ ਉਸ ਪਾਸੋਂ ਤਲਾਸ਼ੀ ਲੈਣ ਤੇ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਬੋਹੜ ਸਿੰਘ ਅਤੇ ਮੋਟਰਸਾਈਕਲ 'ਤੇ ਸਵਾਰ ਦੋ ਔਰਤਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ ਗਿਆ। ਮੁੱਢਲੀ ਜਾਂਚ ਵਿਚ ਪਤਾ ਲੱਗਾ ਕਿ ਉਕਤ ਲੋਕ ਮਲਕੀਤ ਸਿੰਘ ਉਰਫ ਕਾਕੂ ਪੁੱਤਰ ਰੇਸ਼ਮ ਸਿੰਘ ਵਾਸੀ ਚੱਕ ਭੰਗੋ ਵਾਲਾ ਥਾਣਾ ਮਮਦੋਟ ਤੋਂ ਹੈਰੋਇਨ ਲਿਆਉਂਦੇ ਸਨ ਅਤੇ ਅੱਗੇ ਵੇਚਦੇ ਸਨ। ਪੁਲਸ ਨੇ ਮਲਕੀਤ ਸਿੰਘ ਦੇ ਵਿਰੁੱਧ ਵੀ ਮਾਮਲਾ ਦਰਜ ਕੀਤਾ ਹੈ।


Related News