ਟਕਸਾਲ ਮੁਖੀ ਮੁਆਫੀ ਮੰਗਣ ਤਾਂ ਮੈਂ ਗੱਲਬਾਤ ਲਈ ਤਿਆਰ ਹਾਂ : ਸੰਤ ਢੱਡਰੀਆਂ ਵਾਲੇ

05/26/2018 12:38:56 AM

ਪਟਿਆਲਾ (ਜੋਸਨ) - ਸਿੱਖ ਪੰਥ ਦੇ ਸਿਰਮੌਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅੱਜ ਗੁਰਦੁਆਰਾ ਸ੍ਰੀ ਪ੍ਰਮੇਸ਼ਵਰ ਦੁਆਰ ਵਿਖੇ ਕਿਹਾ ਕਿ ਜੇਕਰ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਪਹਿਲਾਂ ਜਨਤਕ ਤੌਰ 'ਤੇ ਮੁਆਫ਼ੀ ਮੰਗਦੇ ਹਨ ਤਾਂ ਮੈਂ ਖੁਦ ਉਨ੍ਹਾਂ ਨਾਲ ਗੱਲ ਕਰ ਲਵਾਂਗਾ। ਮੈਂ ਕਦੇ ਵੀ ਕਿਸੇ ਲੜਾਈ-ਝਗੜੇ ਦੇ ਪੱਖ ਵਿਚ ਨਹੀਂ ਅਤੇ ਨਾ ਹੀ ਸਿੱਖ ਕੌਮ ਨੂੰ ਢਾਅ ਲਾਉਣ ਵਾਲੇ ਕਾਰਜਾਂ ਵਿਚ ਵਿਸ਼ਵਾਸ ਰਖਦਾਂ ਹਾਂ। ਭਾਈ ਢੱਡਰੀਆਂ ਵਾਲੇ ਨੇ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਰੀਆਂ ਸੰਪਰਦਾਵਾਂ ਨੂੰ ਪੰਥ ਦੇ ਇਕ ਝੰਡੇ ਥੱਲੇ ਇਕੱਠਾ ਕਰੇ ਤਾਂ ਮੈਂ ਆਪਣੇ ਅਸਥਾਨ ਪ੍ਰਮੇਸ਼ਵਰ ਦਵਾਰ ਦਾ ਸਭ ਕੁਝ (ਜ਼ਮੀਨ, ਜਾਇਦਾਦ) ਪੰਥ ਨੂੰ ਦੇ ਦੇਵਾਂਗਾ। ਇਸ ਲਈ ਅਜਿਹੇ ਮਾਮਲਿਆਂ ਵਿਚ ਪੰਥ ਦੀ ਸਿਰਮੌਰ ਜਥੇਬੰਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਚ ਆਗੂਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਮੁੱਚੀ ਸਿੱਖ ਕੌਮ ਇਕ ਮੰਚ 'ਤੇ ਇਕੱਠੀ ਹੋਵੇ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੀ ਰਹੇ। ਜੇਕਰ ਮੈਂ ਸੁਰੱਖਿਆ ਨਾ ਲਵਾਂ ਤਾਂ ਮੈਨੂੰ ਮਾਰ ਦਿੱਤਾ ਜਾਏਗਾ। ਮੈਨੂੰ ਸਿੱਧੀਆਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਦਮਦਮੀ ਟਕਸਾਲ ਖਿਲਾਫ ਨਹੀਂ ਬੋਲਿਆ ਪਰ ਉਹ ਮੈਨੂੰ ਤੰਗ ਕਰਦੇ ਹਨ ਅਤੇ ਲੜਾਈ ਵੀ ਉਨ੍ਹਾਂ ਨੇ ਹੀ ਸ਼ੁਰੂ ਕੀਤੀ ਸੀ।
  ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਮੈਂ ਕਦੇ ਵੀ ਸਰੋਵਰ ਤੇ ਲੰਗਰ ਖਿਲਾਫ ਨਹੀਂ ਬੋਲਿਆ। ਸਿਰਫ ਇਹੀ ਕਿਹਾ ਸੀ ਕਿ ਪਾਣੀ ਦੇ ਨਾਲ ਬਾਣੀ ਵੀ ਲੈ ਕੇ ਆਓ। ਉਨ੍ਹਾਂ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਸਿੱਧਾ ਹਮਲਾ ਕਰਦਿਆਂ ਕਿਹਾ ਕਿ ਮੇਰੇ 'ਤੇ ਹੋਏ ਮਾਮਲੇ ਵਿਚ ਕੋਈ ਵੀ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਆਗੂ ਨਹੀਂ ਬੋਲਦਾ। ਮੇਰਾ ਪ੍ਰਚਾਰ ਸਿੱਖੀ ਦੇ ਪਸਾਰ ਲਈ ਹੈ, ਜੋ ਕਿ ਜਾਰੀ ਰਹੇਗਾ। ਮੇਰੇ ਪ੍ਰਚਾਰ ਬਾਰੇ ਦੇਸ਼ਾਂ-ਵਿਦੇਸ਼ਾਂ ਵਿਚ ਸਾਰੀਆਂ ਸੰਗਤਾਂ ਜਾਣਦੀਆਂ ਹਨ। ਕੁਝ ਲੋਕ ਉਨ੍ਹਾਂ ਨੂੰ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਮੈਂ ਸੰਗਤ ਵਿਚ ਆਪਣੀ ਗੱਲ ਰੱਖੀ ਹੈ ਅਤੇ ਕਿਸੇ ਵੀ ਕਾਨੂੰਨੀ ਦਾਅਪੇਚ ਵਿਚ ਨਹੀਂ ਫਸਿਆ। ਸਿਰਫ ਇਕੋ ਕੇਸ ਕਤਲ ਦੇ ਮਾਮਲੇ ਨੂੰ ਲੈ ਕੇ ਚੱਲ ਰਿਹਾ ਹੈ। ਉਸ ਤੋਂ ਇਲਾਵਾ ਹੋਰ ਕੋਈ ਕੇਸ ਮੈਂ ਨਹੀਂ ਕੀਤਾ। ਮੈਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ। ਅਸੀਂ ਡੈਮੋਕਰੇਸੀ ਵਿਚ ਵਿਸ਼ਵਾਸ ਰਖਦੇ ਹਾਂ ਅਤੇ ਵੇਖਣਾ ਸਰਕਾਰ ਨੇ ਹੈ। ਭਾਈ ਢੱਡਰੀਆਂ ਵਾਲਿਆਂ ਨੇ ਇਹ ਵੀ ਕਿਹਾ ਕਿ ਸਰਕਾਰ ਧਮਕੀਆਂ ਦੇਣ ਵਾਲਿਆਂ ਖਿਲਾਫ ਕੁਝ ਨਹੀਂ ਕਰ ਰਹੀ। ਜੇਕਰ ਅਸੀਂ ਕੁਝ ਬੋਲਾਂਗੇ ਤਾਂ ਸਰਕਾਰ ਸਾਨੂੰ ਵੀ ਕੁਝ ਨਾ ਕਹੇ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ, ਉਸ ਸਮੇਂ ਟਕਸਾਲ ਮੁਖੀ ਵੀ ਉਥੇ ਮੌਜੂਦ ਸਨ। ਇਹ ਸਾਰਾ ਘਟਨਕ੍ਰਮ ਉਨ੍ਹਾਂ ਦੀ ਮੌਜੂਦਗੀ ਵਿਚ ਹੀ ਹੋਇਆ ਹੈ।


Related News