ਬੰਗਲਾਦੇਸ਼ : ਰੋਹਿੰਗਿਆ ਕੈਂਪਾਂ ''ਚ ਔਰਤਾਂ ਦਾ ਬੁਰਾ ਹਾਲ, ਰੋਜ਼ ਪੈਦਾ ਹੋ ਰਹੇ ਹਨ 60 ਬੱਚੇ

Saturday, May 19, 2018 - 08:13 PM (IST)

ਬੰਗਲਾਦੇਸ਼ : ਰੋਹਿੰਗਿਆ ਕੈਂਪਾਂ ''ਚ ਔਰਤਾਂ ਦਾ ਬੁਰਾ ਹਾਲ, ਰੋਜ਼ ਪੈਦਾ ਹੋ ਰਹੇ ਹਨ 60 ਬੱਚੇ

ਢਾਕਾ— ਬੰਗਲਾਦੇਸ਼ 'ਚ ਰੋਹਿੰਗਿਆ ਸ਼ੈਲਟਰ ਕੈਂਪ ਦਾ ਹਾਲ ਦਿਨੋਂ ਦਿਨ ਖਰਾਬ ਹੁੰਦਾ ਜਾ ਰਿਹਾ ਹੈ। ਇਥੇ ਹਰ ਦਿਨ ਕਰੀਬ 60 ਬੱਚੇ ਪੈਦਾ ਹੋ ਰਹੇ ਹਨ। ਬੰਗਲਾਦੇਸ਼ ਦੇ ਕਾਕਸ ਬਜ਼ਾਰ ਜ਼ਿਲੇ ਦੇ ਸ਼ਰਣਾਰਥੀ ਕੈਂਪਾਂ 'ਚ ਰਹਿਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਗਰਭਵਤੀ ਹਨ। ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰੀ ਨੇ ਅਨੁਮਾਨ ਲਾਇਆ ਕਿ ਘਰੋਂ ਬੇਘਰ ਲੋਕਾਂ 'ਚ ਕਰੀਬ 40,000 ਗਰਭਵਤੀ ਔਰਤਾਂ ਹਨ ਤੇ ਇਨ੍ਹਾਂ 'ਚੋਂ ਕੁਝ ਅਜਿਹੀ ਹਾਲਤ 'ਚ ਹਨ ਜੋ ਕਿ ਕੁਝ ਹੀ ਹਫਤਿਆਂ 'ਚ ਬੱਚਿਆਂ ਨੂੰ ਜਨਮ ਦੇਣ ਵਾਲੀਆਂ ਹਨ। ਇਸ 'ਚ ਉਨ੍ਹਾਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ, ਜਿਨ੍ਹਾਂ ਨਾਲ ਮਿਆਂਮਾਰ ਫੌਜ ਤੇ ਵਿਧਰੋਹੀਆਂ ਨੇ ਬਲਾਤਕਾਰ ਕੀਤਾ ਹੈ।
ਹਾਲਾਂਕਿ ਯੂਨੀਸੈਫ ਦੀ ਤਾਜ਼ਾ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਦੱਸਣਾ ਬਹੁਤ ਮੁਸ਼ਕਲ ਹੈ ਕਿ ਕਿੰਨੇ ਬੱਚਿਆਂ ਦਾ ਜਨਮ ਸ਼ਰਣਾਰਥੀ ਕੈਂਪਾਂ 'ਚ ਹੋਇਆ ਹੈ ਤੇ ਕਿੰਨਿਆਂ ਦਾ ਜਨਮ ਹੋਣ ਵਾਲਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਬੰਗਲਾਦੇਸ਼ 'ਚ ਕਰੀਬ 9,05,000 ਰੋਹਿੰਗਿਆ ਸ਼ਰਣਾਰਥੀ ਰਹਿ ਰਹੇ ਹਨ। ਬੰਗਲਾਦੇਸ਼ 'ਚ ਯੂਨੀਸੈਫ ਦੇ ਪ੍ਰਤੀਨਿਧੀ ਐਡੌਰਡ ਬੇਗਬੇਡਰ ਦਾ ਕਹਿਣਾ ਹੈ ਕਿ ਕਰੀਬ 60 ਬੱਚੇ ਜਨਮ ਲੈ ਰਹੇ ਹਨ। ਇਹ ਬੱਚੇ ਆਪਣੇ ਘਰਾਂ ਤੋਂ ਦੂਰ ਉਨ੍ਹਾਂ ਔਰਤਾਂ ਦੇ ਗਰਭ 'ਚੋਂ ਜਨਮ ਲੈ ਰਹੇ ਹਨ, ਜੋ ਬੇਘਰ, ਹਿੰਸਾ ਤੇ ਰੇਪ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋਈਆਂ ਹਨ।
ਬੇਗਬੇਡਰ ਦਾ ਕਹਿਣਾ ਹੈ ਕਿ ਯੌਨ ਸ਼ੋਸ਼ਣ ਦੇ ਕਾਰਨ ਕਿੰਨੇ ਬੱਚਿਆਂ ਦਾ ਜਨਮ ਹੋਇਆ ਤੇ ਕਿੰਨਿਆਂ ਦਾ ਜਨਮ ਹੋਣ ਵਾਲਾ ਹੈ, ਇਹ ਦੱਸ ਸਕਣਾ ਮੁਸ਼ਕਲ ਹੈ। ਇਹ ਬਹੁਤ ਮੁਸ਼ਕਲ ਹੈ ਕਿ ਹਰ ਮਾਂ ਤੇ ਬੱਚੇ ਨੂੰ ਸਮਰਥਨ ਤੇ ਜ਼ਰੂਰੀ ਸਹਾਇਤਾ ਮਿਲ ਸਕੇ। ਪਿਛਲੇ ਸਾਲ 25 ਅਗਸਤ ਨੂੰ ਰੋਹਿੰਗਿਆ ਵਰਕਰਾਂ ਵਲੋਂ ਮਿਆਂਮਾਰ ਦੇ ਰਖਾਇਨ ਸੂਬੇ 'ਚ ਫੌਜੀ ਕੈਂਪਾਂ 'ਤੇ ਹਮਲਾ ਕਰਨ 'ਤੇ ਮਿਆਂਮਾਰ ਦੇ ਸੁਰੱਖਿਆ ਬਲਾਂ ਤੇ ਸਥਾਨਕ ਸੰਗਠਨਾਂ ਨੇ ਕਥਿਤ ਰੂਪ ਨਾਲ ਬਦਲਾ ਲਿਆ ਸੀ। ਇਸ ਤੋਂ ਬਾਅਦ ਜ਼ਿਆਦਾਤਰ ਰੋਹਿੰਗਿਆ ਮੁਸਲਮਾਨਾਂ ਨੂੰ ਆਪਣਾ ਘਰ ਛੱਡ ਕੇ ਬੰਗਲਾਦੇਸ਼ ਜਾਣਾ ਪਿਆ। ਇਸ ਦੌਰਾਨ ਯੌਨ ਹਿੰਸਾ ਦੇ ਨਾਲ-ਨਾਲ ਕਤਲ ਤੇ ਪਿੰਡਾਂ ਨੂੰ ਸਾੜਨ ਦੀਆਂ ਘਟਨਾਵਾਂ ਵੀ ਦਰਜ ਹੋਈਆਂ। ਬੰਗਲਾਦੇਸ਼ ਦੇ ਸੀਨੀਅਰ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਅਜੇ ਤੱਕ 18,300 ਗਰਭਵਤੀ ਔਰਤਾਂ ਦੀ ਪਛਾਣ ਕੀਤੀ ਗਈ ਹੈ, ਜੋ ਕਿ ਸ਼ਰਣਾਰਥੀ ਕੈਂਪਾਂ 'ਚ ਰਹਿ ਰਹੀਆਂ ਹਨ। ਇਸ ਤੋਂ ਇਲਾਵਾ ਅਜਿਹੀਆਂ ਔਰਤਾਂ ਦੀ ਗਿਣਤੀ 25,000 ਹੋ ਸਕਦੀ ਹੈ।


Related News