ਰਾਸ਼ਿਦ ਦੀ ਗੇਂਦਬਾਜ਼ੀ ਦੇਖ ਪਰੇਸ਼ਾਨ ਹੋਏ ਧੋਨੀ, ਅੱਧੀ ਰਾਤ ਨੂੰ ਬੁਲਾਈ ਐਮਰਜੈਂਸੀ ਮੀਟਿੰਗ

05/26/2018 5:43:26 PM

ਨਵੀਂ ਦਿੱਲੀ (ਬਿਊਰੋ)— ਚੇਨਈ ਸੁਪਰ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਐਤਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਆਈ.ਪੀ.ਐੱਲ. ਦਾ ਮੁਕਾਬਲਾ ਹੋਣਾ ਹੈ। ਇਸ ਸੀਜ਼ਨ ਹੈਦਰਾਬਾਦ ਦੀ ਟੀਮ ਭਲੇ ਹੀ ਚੋਟੀ 'ਤੇ ਰਹੀ ਹੋਵੇ ਪਰ ਚੇਨਈ ਦੇ ਹਥੋਂ ਉਸਨੂੰ ਹਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚੇਨਈ ਅਤੇ ਹੈਦਰਾਬਾਦ ਵਿਚਾਲੇ ਖੇਡੇ ਗਏ 3 ਮੈਚ 'ਚ ਚੇਨਈ ਉਸ 'ਤੇ ਭਾਰੀ ਨਜ਼ਰ ਆਈ ਹੈ। ਹਾਲਾਂਕਿ, ਫਾਈਨਲ 'ਚ ਹੈਦਰਾਬਾਦ ਉਲਟਫੇਰ ਕਰ ਕੇ ਜਿੱਤ ਹਾਸਲ ਕਰ ਸਕਦੀ ਹੈ। ਕੋਲਕਾਤਾ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰਾਸ਼ਿਦ ਖਾਨ ਆਪਣੀ ਗੇਂਦਬਾਜ਼ੀ ਤੋਂ ਚੇਨਈ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਸਕਦੇ ਹਨ। ਰਾਸ਼ਿਦ ਖਾਨ ਨੇ ਪਹਿਲੇ ਕੁਆਲੀਫਾਇਰ 'ਚ ਧੋਨੀ ਨੂੰ ਗੁਗਲੀ ਗੇਂਦ 'ਤੇ ਬੋਲਡ ਕੀਤਾ ਸੀ। ਇਹੀ ਕਾਰਨ ਹੈ ਕਿ ਹੈਦਰਾਬਾਦ ਦੇ ਜਿੱਤਦੇ ਹੀ ਧੋਨੀ ਨੇ ਟੀਮ ਦੇ ਨਾਲ ਇਕ ਐਮਰਜੈਂਸੀ ਮੀਟਿੰਗ ਕੀਤੀ ਹੈ। ਸੂਤਰਾਂ ਮੁਤਾਬਕ ਧੋਨੀ ਨੇ ਆਪਣੇ ਹੋਟਲ ਰੂਮ 'ਚ ਹੀ ਬੱਲੇਬਾਜ਼ੀ ਕੋਚ ਮਾਈਕ ਹਸੀ ਅਤੇ ਕੁਝ ਖਿਡਾਰੀਆਂ ਦੇ ਨਾਲ ਕੁਝ ਦੇਰ ਗੱਲਬਾਤ ਕੀਤੀ। ਧੋਨੀ ਨੇ ਇਸ ਦੌਰਾਨ ਪਹਿਲੇ ਕੁਆਲੀਫਾਇਰ 'ਚ ਪਰੇਸ਼ਾਨ ਕਰਨ ਵਾਲੇ ਗੇਂਦਬਾਜ਼ ਰਾਸ਼ਿਦ ਖਾਨ ਨੂੰ ਲੈ ਕੇ ਆਪਣੀ ਗੱਲ ਰਖੀ।

ਰਾਸ਼ਿਦ ਖਾਨ ਨੇ ਪਹਿਲੇ ਕੁਆਲੀਫਾਇਰ 'ਚ ਚੇਨਈ ਨੂੰ ਪਰੇਸ਼ਾਨ ਕਰਕੇ 11 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ ਸਨ। ਉਥੇ ਹੀ ਕੋਲਕਾਤਾ ਖਿਲਾਫ 10 ਗੇਂਦਾਂ 'ਚ 34 ਦੌੜਾਂ ਬਣਾਉਣ ਦੇ ਇਲਾਵਾ 3 ਵਿਕਟ ਹਾਸਲ ਕੀਤੇ, ਦੋ ਕੈਚ ਫੜੇ ਅਤੇ ਇਕ ਰਨ-ਆਊਟ ਕੀਤਾ। ਜਦਕਿ ਚੇਨਈ ਲਈ ਪਹਿਲੇ ਕੁਆਲੀਫਾਇਰ 'ਚ ਫਾਫ ਡੁ ਪਲੇਸਿਸ ਨੇ ਅਜੇਤੂ 67 ਦੌੜਾਂ ਬਣਾ ਕੇ ਆਪਣੇ ਦਮ 'ਤੇ ਜਿੱਤ ਦਿਵਾਈ ਸੀ। ਸੈਮ ਬਿਲਿੰਗ ਦੇ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਖੇਡਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਇਸ ਦਾ ਪੂਰਾ ਫਾਇਦਾ ਚੁੱਕਿਆ।

ਚੇਨਈ ਨੂੰ ਸਨਰਾਈਜ਼ਰਜ਼ ਦੇ ਆਲਰਾਉਂਡਰ ਕਾਰਲੋਸ ਬ੍ਰੈਥਵੇਟ 'ਤੇ ਵੀ ਰੋਕ ਲਗਾਉਣੀ ਹੋਵੇਗੀ ਜੋ ਟੀ-20 ਵਿਸ਼ਵ ਕੱਪ 2016 'ਚ ਵੈਸਟਇੰਡੀਜ਼ ਦੀ ਖਿਤਾਬੀ ਜਿੱਤ ਦਾ ਗਵਾਹ ਸੀ। ਉਸਨੇ ਕੋਲਕਾਤਾ ਦੇ ਖਿਲਾਫ ਡੈਥ ਓਵਰਾਂ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਚੇਨਈ ਖਿਲਾਫ 43 ਦੌੜਾਂ ਬਣਾਈਆਂ। ਦੂਜੇ ਪਾਸੇ ਸਨਰਾਈਜ਼ਰਜ਼ ਨੂੰ ਕਪਤਾਨ ਕੇਨ ਵਿਲਿਅਮਸਨ ਤੋਂ ਇਹੀ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜੋ ਉਨ੍ਹਾਂ ਲੀਗ ਚਰਣ 'ਚ ਕੀਤਾ। ਸ਼ਿਖਰ ਧਵਨ ਨੂੰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਟੀਮ ਨੂੰ ਚੰਗੀ ਸ਼ੁਰੂਆਤ ਦੇਣੀ ਹੋਵੇਗੀ।


Related News