ਸੋਡਾ ਬਣਾਉਣ ਵਾਲੀਅਾਂ ਫੈਕਟਰੀਆਂ ’ਚ ਛਾਪੇਮਾਰੀ; 5 ਸੈਂਪਲ ਭਰੇ
Monday, May 21, 2018 - 07:17 AM (IST)

ਨਵਾਂਸ਼ਹਿਰ, (ਤ੍ਰਿਪਾਠੀ)- ਜ਼ਿਲਾ ਸਿਹਤ ਵਿਭਾਗ ਦੀ ਟੀਮ ਨੇ ਬਿਨਾਂ ਫੂਡ ਸੇਫਟੀ ਲਾਈਸੈਂਸ ਚੱਲ ਰਹੀ ਇਕ ਸੋਡਾ ਫੈਕਟਰੀ ’ਤੇ ਅਚਨਚੇਤ ਰੇਡ ਕਰ ਸੋਡੇ ਦੇ ਸੈਂਪਲ ਲਏ।
ਇਸੇ ਤਰ੍ਹਾਂ ਜਾਂਚ ਟੀਮ ਨੇ ਹੋਰ ਦੁਕਾਨਾਂ ਤੋਂ ਰਿਫਾਇੰਡ ਤੇਲ, ਬੇਸਣ, ਆਈਸਕ੍ਰੀਮ ਅਤੇ ਦੁੱਧ ਦੇ ਸੈਂਪਲ ਵੀ ਭਰੇ ਹਨ, ਜਿਨ੍ਹਾਂ ਨੂੰ ਜਾਂਚ ਲਈ ਵਿਭਾਗ ਦੀ ਲੈਬਾਰਟਰੀ ’ਚ ਭੇਜਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਕਮਿਸ਼ਨਰ ਫੂਡ ਮਨੋਜ ਖੋਸਲਾ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਵੇਖਦਿਅਾਂ ਲੋਕਾਂ ਨੂੰ ਸ਼ੁੱਧ ਸਾਮਾਨ ਉਪਲੱਬਧ ਕਰਵਾਉਣ ਲਈ ਰੇਲਵੇ ਰੋਡ ਸਥਿਤ ਲੈਮਨ ਸੋਡਾ ਬਣਾਉਣ ਵਾਲੀਆਂ 2 ਫੈਕਟਰੀਆਂ ’ਤੇ ਰੇਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਥੇ ਸੋਡਾ ਬਣਾਉਣ ਵਾਲੀਆਂ ਫੈਕਟਰੀਆਂ ਕੋਲ ਫੂਡ ਸੇਫਟੀ ਲਾਈਸੈਂਸ ਨਹੀਂ ਸਨ, ਉਥੇ ਹੀ ਉਨ੍ਹਾਂ ਦੀ ਹਾਈਜੈਨਿਕ ਕੰਡੀਸ਼ਨ ਵੀ ਕਾਫ਼ੀ ਘਟੀਆ ਸੀ। ਦੋਨਾਂ ਫੈਕਟਰੀਆਂ ਨੂੰ ਇੰਪਰੂਵਮੈਂਟ ਕਰਨ ਦੇ ਨੋਟਿਸ ਜਾਰੀ ਕੀਤੇ ਹਨ, ਜਦਕਿ ਇਕ ਫੈਕਟਰੀ ਤੋਂ ਸੋਡੇ ਦਾ ਸੈਂਪਲ ਵੀ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਰਚ-ਅਪ੍ਰੈਲ ਮਹੀਨੇ ’ਚ ਵੱਖ-ਵੱਖ ਖਾਦ ਪਦਾਰਥਾਂ ਦੇ 6 ਸੈਂਪਲ ਭਰ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਸਨ, ਜਿਸ ਵਿਚੋਂ 4 ਸਬ ਸਟੈਂਡਰਡ ਪਾਏ ਗਏ ਹਨ ਤੇ ਸਬ ਸਟੈਂਡਰਡ ਪਾਏ ਗਏ ਸੈਂਪਲਾਂ ਖਿਲਾਫ਼ ਅਗਲੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਰਿਹਾ ਹੈ। ਇਸ ਮੌਕੇ ਫੂਡ ਸੇਫਟੀ ਅਧਿਕਾਰੀ ਸੰਗੀਤਾ ਸਹਿਦੇਵ ਵੀ ਉਨ੍ਹਾਂ ਨਾਲ ਸੀ।