7 ਵਿਅਕਤੀਆਂ ਨੂੰ ਜ਼ਿੰਦਾ ਸਾੜਨ ਵਾਲੇ ਦੀ ਰਹਿਮ ਦੀ ਅਪੀਲ ਖਾਰਿਜ
Monday, Jun 04, 2018 - 10:52 PM (IST)

ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਕ ਹੀ ਪਰਿਵਾਰ ਦੇ 7 ਵਿਅਕਤੀਆਂ ਨੂੰ ਜ਼ਿੰਦਾ ਸਾੜ ਕੇ ਮਾਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਇਕ ਵਿਅਕਤੀ ਦੀ ਰਹਿਮ ਦੀ ਅਪੀਲ ਖਾਰਿਜ ਕਰ ਦਿੱਤੀ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਮਗਰੋਂ ਕੋਵਿੰਦ ਕੋਲ ਇਹ ਪਹਿਲੀ ਅਪੀਲ ਦਾਇਰ ਕੀਤੀ ਗਈ ਸੀ।
ਬਿਹਾਰ ਦੇ ਵੈਸ਼ਾਲੀ ਜ਼ਿਲੇ ਦੇ ਰਾਘੋਪੁਰ ਬਲਾਕ 'ਚ ਵਾਪਰੀ ਇਹ ਦਰਦਨਾਕ ਘਟਨਾ 2006 ਦੀ ਹੈ, ਜਿਸ ਵਿਚ ਜਗਤ ਰਾਏ ਨਾਂ ਦੇ ਵਿਅਕਤੀ ਦੀ ਮੱਝ ਚੋਰੀ ਹੋਣ ਦੇ ਮਾਮਲੇ 'ਚ ਵਜਿੰਦਰ ਮਹਿਤੋ ਅਤੇ ਉਸ ਦੇ ਪਰਿਵਾਰ ਦੇ 6 ਮੈਂਬਰਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ। ਮਹਿਤੋ ਨੇ ਸਤੰਬਰ 2005 ਵਿਚ ਮੱਝ ਚੋਰੀ ਹੋਣ ਦਾ ਇਕ ਮਾਮਲਾ ਦਰਜ ਕਰਵਾਇਆ ਸੀ, ਜਿਸ 'ਚ ਜਗਤ ਰਾਏ ਤੋਂ ਇਲਾਵਾ ਵਜ਼ੀਰ ਰਾਏ ਅਤੇ ਅਜੇ ਰਾਏ ਨੂੰ ਮੁਲਜ਼ਮ ਬਣਾਇਆ ਗਿਆ ਸੀ। ਇਹ ਮੁਲਜ਼ਮ, ਜੋ ਹੁਣ ਦੋਸ਼ੀ ਹਨ, ਮਹਿਤੋ 'ਤੇ ਮਾਮਲਾ ਵਾਪਸ ਲੈਣ ਦਾ ਦਬਾਅ ਪਾ ਰਹੇ ਸਨ। ਜਗਤ ਨੇ ਬਾਅਦ ਵਿਚ ਮਹਿਤੋ ਦੇ ਘਰ 'ਚ ਅੱਗ ਲਾ ਦਿੱਤੀ, ਜਿਸ 'ਚ ਮਹਿਤੋ ਦੀ ਪਤਨੀ ਅਤੇ 5 ਬੱਚਿਆਂ ਦੀ ਮੌਤ ਹੋ ਗਈ।
ਅੱਗ ਵਿਚ ਬੁਰੀ ਤਰ੍ਹਾਂ ਝੁਲਸੇ ਮਹਿਤੋ ਦੀ ਵੀ ਕੁਝ ਮਹੀਨਿਆਂ ਮਗਰੋਂ ਮੌਤ ਹੋ ਗਈ। ਰਾਏ ਨੂੰ ਇਸ ਮਾਮਲੇ 'ਚ ਦੋਸ਼ੀ ਪਾਇਆ ਗਿਆ ਅਤੇ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ। ਬਾਅਦ 'ਚ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਹੇਠਲੀ ਅਦਾਲਤ ਦੀ ਸਜ਼ਾ ਬਰਕਰਾਰ ਰੱਖੀ। ਇਸ ਤੋਂ ਬਾਅਦ ਰਾਏ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਸਕੱਤਰੇਤ ਨੂੰ ਭੇਜੀ ਗਈ।