ਪੋਸਟ ਮੈਟ੍ਰਿਕ ਸਕੌਲਰਸ਼ਿਪ ਸਕੀਮ ਤੋਂ ਪਿੱਛੇ ਹੱਥ ਖਿੱਚ ਰਹੀ ਸਰਕਾਰ, ਬੀ.ਐਡ. ਵਿਦਿਆਰਥੀ ਪਰੇਸ਼ਾਨ

06/01/2018 1:25:40 PM

ਟਾਂਡਾ ਉੜਮੁੜ , ( ਪੰਡਿਤ ਵਰਿੰਦਰ, ਕੁਲਦੀਸ਼ )— ਪੋਸਟ ਮੈਟ੍ਰਿਕ ਸਕੌਲਰਸ਼ਿਪ ਸਕੀਮ ਤੋਂ ਸਰਕਾਰ ਵੱਲੋਂ ਪਿੱਛੇ ਹੱਥ ਖਿੱਚਣ ਤੇ ਸਕੀਮ ਅਧੀਨ ਮੁਫ਼ਤ ਸਿੱਖਿਆ ਹਾਸਲ ਕਰਨ ਲਈ ਨਿੱਜੀ ਸਿੱਖਿਆ ਸੰਸਥਾਵਾਂ ਵਿੱਚ ਦਾਖਲਾ ਲੈਣ ਵਾਲੇ ਐਸ .ਸੀ.ਵਿਦਿਆਰਥੀ ਹੁਣ ਠੱਗੇ ਮਹਿਸੂਸ ਕਰ ਰਹੇ ਹਨ। ਉੱਥੇ ਨਿੱਜੀ ਸਿੱਖਿਆ ਸੰਸਥਾਵਾਂ ਵੀ ਸਰਕਾਰ ਵੱਲੋਂ ਮਦਦ ਨਾ ਮਿਲਣ ਅਤੇ ਅਦਾਰਿਆਂ ਦੇ ਖਰਚ ਦਾ ਹਵਾਲਾ ਦਿੰਦੇ ਹੋਏ  ਫ੍ਰੀ ਸਿੱਖਿਆ ਦੇਣ ਤੋਂ ਬੇਬੱਸੀ ਜਾਹਰ ਕਰ ਰਹੇ ਹਨ। ਇਸੇ ਪ੍ਰੇਸ਼ਾਨੀ ਨੂੰ ਝੱਲ ਰਹੇ ਡਿਪਸ ਕਾਲਜ ਆਫ ਐਜੂਕੇਸ਼ਨ ਰੜਾ ਦੇ ਵਿਦਿਆਰਥੀਆਂ ਨੇ ਕਾਲਜ ਵੱਲੋਂ ਹੁਣ ਫੀਸਾਂ ਮੰਗਣ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦੀ ਸਮੱਸਿਆ ਦੇ ਹੱਲ ਲਈ ਵਿਧਾਇਕ ਟਾਂਡਾ ਸੰਗਤ ਸਿੰਘ ਗਿਲਜੀਆਂ ਨੂੰ ਇਕ ਮੰਗ ਪੱਤਰ ਭੇਟ ਕੀਤਾ। |                                    
ਇਸ ਮੌਕੇ ਵਿਦਿਆਰਥੀਆਂ ਰਣਜੀਤ ਕੌਰ, ਪੂਨਮ, ਨਰਿੰਦਰ ਕੌਰ, ਹਰਪ੍ਰੀਤ ਕੌਰ, ਸੁਖਜੀਤ ਕੌਰ, ਮੋਨਿਕਾ, ਰਾਜਵਿੰਦਰ ਕੌਰ, ਅਮਨਦੀਪ ਕੌਰ, ਕੋਮਲਪ੍ਰੀਤ ਕੌਰ, ਦਲਜੀਤ ਕੌਰ, ਮਨਦੀਪ ਕੌਰ, ਨੇਹਾ , ਪੱਲਵੀ, ਰਮਨਦੀਪ ਕੌਰ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ , ਅਸ਼ਵਨੀ ਕੁਮਾਰ ,ਸੰਦੀਪ ਕੌਰ ਆਦਿ ਨੇ ਵਿਧਾਇਕ ਗਿਲਜੀਆਂ ਨੂੰ ਦੱਸਿਆ ਕਿ ਕਾਲਜ ਵਿੱਚ ਦਾਖਲਾ ਲੈਣ ਸਮੇ ਉਨ੍ਹਾਂ ਕੋਲੋਂ ਮਹਿਜ 1000 ਰੁਪਏ ਦਾਖਲਾ ਫੀਸ ਲੈ ਕੇ ਫ੍ਰੀ ਸਿੱਖਿਆ ਦੇਣ ਦਾ ਕਹਿ ਕੇ ਦਾਖ਼ਲਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਜਦ ਉਨ੍ਹਾਂ ਦੇ 5 ਜੂਨ ਤੋਂ ਸ਼ੁਰੂ ਹੋਣ ਵਾਲੇ ਇਮਤਿਹਾਨਾਂ ਤੋਂ ਪਹਿਲਾ ਕਾਲਜ ਪ੍ਰਬੰਧਨ ਉਨ੍ਹਾਂ ਨੂੰ ਫੀਸ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਰੋਲ ਨੰਬਰ ਦੇਣ ਤੋਂ ਇਨਕਾਰੀ ਹੋ ਰਿਹਾ ਹੈ, ਜਿਸਕੇ ਕਰਕੇ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪੋਸਟ ਮੈਟ੍ਰਿਕ ਸਕੌਲਰਸ਼ਿਪ ਸਕੀਮ ਤਹਿਤ ਫ੍ਰੀ ਸਿੱਖਿਆ ਹਾਸਲ ਕਰਨ ਲਈ ਕਾਲਜ 'ਚ ਦਾਖਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਮੰਗੀ ਜਾ ਰਹੀ 44000 ਹਜ਼ਾਰ ਫੀਸ ਦੇਣ ਤੋਂ ਅਸਮਰੱਥ ਹਨ। ਵਿਦਿਆਥੀਆਂ ਦੀ ਸਮੱਸਿਆ ਸੁਣਨ ਉਪਰੰਤ ਵਿਧਾਇਕ ਗਿਲਜੀਆਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਸਮੱਸਿਆ ਦੇ ਹੱਲ ਲਈ ਮੈਨਜਮੈਂਟ ਨਾਲ ਗੱਲ ਕਰਨਗੇ। ਇਸ ਸੰਬੰਧੀ ਸੰਸਥਾ ਦੇ ਜੀ. ਐਮ .ਬਲਵਿੰਦਰ ਪਾਲ ਸਿੰਘ ਬੱਲ ਨੇ ਦੱਸਿਆ ਕਿ ਇਹ ਸਮੱਸਿਆ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕੌਲਰਸ਼ਿਪ ਸਕੀਮ ਵਿੱਚ ਫ਼ੰਡ ਨਾ ਜਾਰੀ ਕਰਨ ਕਾਰਨ ਸਾਮਣੇ ਆਈ ਹੈ ਉਨ੍ਹਾਂ ਦੱਸਿਆ ਕਿ  ਸੰਸਥਾ ਵੱਲੋਂ ਐਸ .ਸੀ . ਵਿਦਿਆਰਥੀਆਂ ਨੂੰ ਦਾਖਲੇ ਸਮੇ ਕਿਹਾ ਗਿਆ ਸੀ ਕਿ ਜੇਕਰ ਸਰਕਾਰ ਫੀਸਾਂ ਲਈ ਫ਼ੰਡ ਨਹੀਂ ਦਿੰਦੀ ਤਾਂ ਉਨ੍ਹਾਂ ਨੂੰ ਫੀਸਾਂ ਦੇਣੀਆਂ ਪੈਣਗੀਆਂ। ਹੁਣ ਬੀ .ਐਡ. ਦੇ ਦੂਸਰੇ ਸੈਮਸਟਰ ਲਈ ਲਗਭਗ  60 ਹਜ਼ਾਰ ਦੀ ਫੀਸ ਵਿੱਚੋਂ ਸਰਕਾਰ ਵੱਲੋਂ ਮਹਿਜ 16 ਹਜ਼ਾਰ ਹੀ ਦਿੱਤੇ ਗਏ ਹਨ।  ਉਨ੍ਹਾਂ ਦੱਸਿਆ ਕਿ ਨਿੱਜੀ ਅਦਾਰੇ ਚਲਾਉਣ ਲਈ ਫੀਸ ਲੈਣੀ ਉਨ੍ਹਾਂ ਦੀ ਬੇਬੱਸੀ ਹੈ, ਪਰ ਫਿਰ ਵੀ ਵਿਦਿਆਰਥੀਆਂ ਦੇ ਹਿੱਤ ਲਈ ਉਨ੍ਹਾਂ ਨੂੰ ਕਿਸ਼ਤਾਂ ਵਿੱਚ ਫੀਸ ਦੇਣ ਦੀ ਸਹੁਲਤ ਦਿੱਤੀ ਹੈ। 


Related News