ਹਾਊਸ ਦੀ ਦੂਜੀ ਮੀਟਿੰਗ ''ਚ ਆਵੇਗਾ ਪੇਡ ਪਾਰਕਿੰਗ ਦਾ ਪ੍ਰਪੋਜ਼ਲ

04/26/2018 12:57:59 PM

ਮੋਹਾਲੀ (ਰਾਣਾ) : ਹਾਊਸ ਦੀ ਜੋ ਹੁਣ ਦੂਜੀ ਮੀਟਿੰਗ ਹੋਵੇਗੀ, ਉਸ ਵਿਚ ਨਗਰ ਨਿਗਮ ਵਲੋਂ ਮੋਹਾਲੀ ਸ਼ਹਿਰ ਵਿਚ ਪੇਡ ਪਾਰਕਿੰਗ ਲਿਆਉਣ ਦਾ ਪ੍ਰਪੋਜ਼ਲ ਲਿਆਂਦਾ ਜਾ ਰਿਹਾ ਹੈ । ਇਹ ਪ੍ਰਪੋਜ਼ਲ ਸਿਰੇ ਚੜ੍ਹੇਗਾ ਜਾਂ ਅੱਧ-ਵਿਚਾਲੇ ਹੀ ਲਟਕ ਜਾਵੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਸਬੰਧੀ ਨਿਗਮ ਨੇ ਪੂਰੀ ਤਿਆਰੀ ਕਰ ਲਈ ਹੈ । ਉਥੇ ਹੀ ਦੂਜੇ ਪਾਸੇ ਸ਼ਹਿਰ ਦੇ ਸਾਰੇ ਦੁਕਾਨਦਾਰ ਵੀ ਪੇਡ ਪਾਰਕਿੰਗ ਦੇ ਵਿਰੋਧ ਵਿਚ ਹਨ । ਨਿਗਮ ਦਾ ਮੰਨਣਾ ਹੈ ਕਿ ਮਾਰਕੀਟਾਂ ਵਿਚ ਪਾਰਕਿੰਗ ਸਬੰਧੀ ਰੋਜ਼ਾਨਾ ਹੋਣ ਵਾਲੇ ਵਿਵਾਦਾਂ ਤੇ ਚੋਰੀ ਦੀਆਂ ਘਟਨਾਵਾਂ ਤੋਂ ਵੀ ਰਾਹਤ ਮਿਲੇਗੀ । ਥਿੰਕ ਟੈਂਕ ਦੇਸ਼ ਦੇ ਨਾਮੀ ਸ਼ਹਿਰਾਂ ਵਿਚ ਚੱਲ ਰਹੇ ਪੇਡ ਪਾਰਕਿੰਗ ਦੇ ਮਾਡਲ ਨੂੰ ਤਿਆਰ ਕਰ ਰਿਹਾ ਹੈ । ਉਥੇ ਹੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਪੇਡ ਪਾਰਕਿੰਗ ਦੇ ਹੱਕ ਵਿਚ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸ਼ਹਿਰ ਦੇ ਲੋਕਾਂ ਦੀਆਂ ਜੇਬ 'ਤੇ ਬੋਝ ਪਵੇਗਾ। 3-ਬੀ2 ਮਾਰਕੀਟ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਜੇਕਰ ਨਿਗਮ ਵਲੋਂ ਪੇਡ ਪਾਰਕਿੰਗ ਦਾ ਪ੍ਰਪੋਜ਼ਲ ਨਾ ਰੋਕਿਆ ਗਿਆ ਤਾਂ ਉਹ ਫਿਰ ਪੇਡ ਪਾਰਕਿੰਗ ਸੰਘਰਸ਼ ਕਮੇਟੀ ਵਲੋਂ ਇਸ ਦਾ ਵਿਰੋਧ ਕਰਨਗੇ ਤੇ ਸ਼ਹਿਰ ਵਿਚ ਪੇਡ ਪਾਰਕਿੰਗ ਲਾਗੂ ਨਹੀਂ ਹੋਣ ਦੇਣਗੇ।  
ਹੋਣੀ ਚਾਹੀਦੀ ਹੈ ਪੇਡ ਪਾਰਕਿੰਗ : ਮੇਅਰ  
ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਪੇਡ ਪਾਰਕਿੰਗ ਹੋਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਮਾਰਕੀਟ ਵਿਚ ਵਾਹਨ ਜ਼ਿਆਦਾ ਖੜ੍ਹੇ ਹੋਣਗੇ ਤੇ ਮਾਰਕੀਟ ਵਿਚ ਹੋਣ ਵਾਲੀਆਂ ਵਾਹਨ ਚੋਰੀ ਤੇ ਕੁੱਟ-ਮਾਰ ਦੀਆਂ ਘਟਨਾਵਾਂ ਵੀ ਘੱਟ ਹੋਣਗੀਆਂ । ਇਸ ਤੋਂ ਇਲਾਵਾ ਮਾਰਕੀਟ ਵਿਚ ਖੜ੍ਹੇ ਹੋ ਕੇ ਸ਼ਰਾਬ ਪੀਣ ਦੀਆਂ ਜੋ ਸ਼ਿਕਾਇਤਾਂ ਆਉਂਦੀਆਂ ਹਨ ਉਨ੍ਹਾਂ 'ਤੇ ਵੀ ਲਗਾਮ ਲੱਗੇਗੀ । ਮਾਰਕੀਟ ਵਿਚ ਆਉਣ ਵਾਲੇ ਲੋਕ ਖੁਦ ਆਪਣੇ ਵਾਹਨ ਨੂੰ ਸੁਰੱਖਿਅਤ ਸਮਝ ਕੇ ਆਰਾਮ ਨਾਲ ਸ਼ਾਪਿੰਗ ਕਰ ਸਕਣਗੇ। 


Related News