ਢਾਈ ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
Thursday, May 17, 2018 - 08:32 PM (IST)

ਚੋਹਲਾ ਸਾਹਿਬ/ਤਰਨਤਾਰਨ,(ਨਈਅਰ)—ਥਾਣਾ ਚੋਹਲਾ ਸਾਹਿਬ ਦੀ ਪੁਲਸ ਪਾਰਟੀ ਵਲੋਂ 520 ਗ੍ਰਾਮ ਹੈਰੋਇਨ ਸਮੇਤ ਇਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ। ਜਦਕਿ ਉਸ ਦਾ ਦੂਜਾ ਸਾਥੀ ਕਾਰ ਸਮੇਤ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ ਕੀਮਤ ਢਾਈ ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁੱਖ ਅਫਸਰ ਸਬ-ਇੰਸਪੈਕਟਰ ਸੁਖਰਾਜ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਵਲੋਂ ਨਸ਼ਿਆ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਉਨ੍ਹਾਂ ਸਮੇਤ ਏ. ਐੱਸ. ਆਈ. ਬਲਰਾਜ ਸਿੰਘ ਏ. ਐੱਸ. ਆਈ. ਬਲਦੇਵ ਸਿੰਘ ਅਤੇ ਏ. ਐੱਸ. ਆਈ. ਚਰਨਜੀਤ ਸਿੰਘ ਸਮੇਤ ਪੁਲਸ ਪਾਰਟੀ ਚੋਹਲਾ ਸਾਹਿਬ ਤੋਂ ਬਿੱਲਿਆ ਵਾਲਾ ਪੁੱਲ ਵੱਲ ਗਸ਼ਤ ਕਰ ਰਹੇ ਸਨ ਕਿ ਡੇਰਾ ਰਾਧਾ ਸੁਆਮੀ ਸਤਸੰਗ ਘਰ ਸਾਹਮਣੇ ਖੜੀ ਇਕ ਕਾਰ ਕੋਲ 2 ਨੌਜਵਾਨ ਜੋ ਆਪਸ 'ਚ ਗੱਲਾਂ ਕਰ ਰਹੇ ਸਨ, ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਗਏ।
ਸ਼ੱਕ ਪੈਣ 'ਤੇ ਜਦ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਕ ਨੌਜਵਾਨ ਤੇਜ਼ੀ ਨਾਲ ਡਰਾਈਵਰ ਵਾਲੀ ਸ਼ੀਟ 'ਤੇ ਬੈਠ ਕੇ ਕਾਰ ਨੂੰ ਭਜਾ ਕੇ ਲੈ ਗਿਆ। ਦੂਜੇ ਨੌਜਵਾਨ ਨੂੰ ਕਾਬੂ ਕਰਕੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋ 520 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰਾਮੂਵਾਲਾ ਥਾਣਾ ਖੇਮਕਰਨ ਵਜੋ ਹੋਈ। ਜਦਕਿ ਕਾਰ ਸਮੇਤ ਫਰਾਰ ਹੋਏ ਦੂਜੇ ਸਾਥੀ ਦੀ ਪਛਾਣ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਵਲਟੋਹਾ ਵਜੋਂ ਹੋਈ। ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ ਢਾਈ ਕਰੋੜ ਰੁਪਏ ਤੋਂ ਵੀ ਜ਼ਿਆਦਾ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਬੰਧੀ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਾਬੂ ਕੀਤੇ ਗਏ ਨੌਜਵਾਨ ਕੋਲੋਂ ਹੋਰ ਵੀ ਅਹਿਮ ਸੁਰਾਗ ਪਤਾ ਲੱਗਣ ਦੀ ਉਮੀਦ ਹੈ।