ਤਨਖਾਹ ਦੀ ਅਦਾਇਗੀ ਨੂੰ ਲੈ ਕੇ ਨਰੇਗਾ ਕਾਮਿਆਂ ਵੱਲੋਂ ਪ੍ਰਦਰਸ਼ਨ

Sunday, May 20, 2018 - 12:59 AM (IST)

ਤਨਖਾਹ ਦੀ ਅਦਾਇਗੀ ਨੂੰ  ਲੈ  ਕੇ ਨਰੇਗਾ ਕਾਮਿਆਂ ਵੱਲੋਂ ਪ੍ਰਦਰਸ਼ਨ

  ਰੂਪਨਗਰ,   (ਵਿਜੇ)-  ਨਰੇਗਾ ਮਜ਼ਦੂਰਾਂ ਨੇ ਤਨਖਾਹ ਦੀ ਅਦਾਇਗੀ ਨੂੰ ਲੈ ਕੇ ਇਥੇ  ਪ੍ਰਦਰਸ਼ਨ ਕੀਤਾ। ਇਸ ਮੌਕੇ ਨਰੇਗਾ ਮਜ਼ਦੂਰਾਂ ਦੀ ਅਗਵਾਈ ਕਰਦੇ ਕਾਮਰੇਡ ਮਾਸਟਰ ਦਲੀਪ  ਸਿੰਘ ਨੇ ਦੱਸਿਆ ਕਿ 30-35 ਨਰੇਗਾ ਮਜ਼ਦੂਰ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਪਿਛਲੇ ਪੈਸੇ  ਵੀ ਨਾ ਮਿਲਣ ਕਾਰਨ ਉਨ੍ਹਾਂ ’ਚ ਭਾਰੀ ਰੋਸ ਹੈ। 
ਜਦੋਂਕਿ ਵੇਤਨ ਨਾ ਮਿਲਣ  ਕਾਰਨ ਉਨ੍ਹਾਂ ਨੂੰ ਬੱਚਿਆਂ ਦੀ ਪਡ਼੍ਹਾਈ ਅਤੇ ਘਰ ਦੇ ਖਰਚ ਨੂੰ ਲੈ ਕੇ ਆਰਥਕ  ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਦੱਸਿਆ ਕਿ ਪਿੰਡ ਭਰਤਗਡ਼੍ਹ ਅਤੇ  ਬਡ਼ਾ ਪਿੰਡ ਦੇ ਨਰੇਗਾ ਮਜ਼ਦੂਰਾਂ ਨੂੰ ਅੱਜ ਰੇਲਵੇ ਟ੍ਰੈਕ ’ਤੇ ਕੰਮ ਕਰਨ ਤੋਂ ਮਨ੍ਹਾ ਕਰ  ਦਿੱਤਾ ਗਿਆ, ਜਿਸ ਕਾਰਨ  ਮਜ਼ਦੂਰ ਭਡ਼ਕ ਗਏ ਅਤੇ ਰੂਪਨਗਰ ’ਚ ਡਿਪਟੀ ਕਮਿਸ਼ਨਰ ਦੇ ਨਿਵਾਸ  ’ਤੇ ਪਹੁੰਚ ਗਏ ਪਰ ਇੰਨੇ ’ਚ ਸਿਟੀ ਪੁਲਸ ਵੱਲੋਂ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੂੰ ਦਫਤਰ ’ਚ ਮਿਲਣ ਨੂੰ ਕਹਿ ਕੇ ਉਨ੍ਹਾਂ ਨੂੰ ਭੇਜ ਦਿੱਤਾ ਗਿਆ। ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਬੈਠੇ ਨਰੇਗਾ ਮਜ਼ਦੂਰਾਂ ਨੇ  ਉਨ੍ਹਾਂ ਦੇ ਜਾਬ ਕਾਰਡ ਸਹਾਇਕ ਪ੍ਰੋਜੈਕਟ ਅਧਿਕਾਰੀ ਨੂੰ ਜਲਦ ਬਣਾ ਕੇ ਦੇਣ ਦੀ ਮੰਗ ਕੀਤੀ। 
ਇਸ ਮੌਕੇ ਲੇਖਰਾਮ, ਬਲਵਿੰਦਰ ਸਿੰਘ, ਸੋਨੀਆ, ਕਿਰਨਜੀਤ ਕੌਰ, ਪੂਜਾ ਦੇਵੀ, ਕਸ਼ਮੀਰ ਕੌਰ, ਸੁਰਿੰਦਰ ਕੌਰ, ਮੀਨਾ ਬੇਗਮ, ਮਨਜੀਤ ਕੌਰ, ਜਸਵੀਰ ਕੌਰ, ਮਾਨਸਾ, ਕਮਲਜੀਤ ਕੌਰ ਆਦਿ ਮੌਜੂਦ ਸਨ।
 


Related News