ਐੱਨ. ਆਈ. ਏ. ਵਲੋਂ ਵਿਸ਼ੇਸ਼ ਅਦਾਲਤ ''ਚ 15 ਮੁਲਜ਼ਮਾਂ ਖਿਲਾਫ ਚਲਾਨ ਪੇਸ਼
Monday, May 21, 2018 - 05:55 AM (IST)

ਮੋਹਾਲੀ (ਕੁਲਦੀਪ) - ਪੰਜਾਬ ਵਿਚ ਟਾਰਗੈੱਟ ਕਿਲਿੰਗ ਦੇ ਕੇਸਾਂ ਦੀ ਜਾਂਚ ਕਰ ਰਹੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਵਲੋਂ ਮੋਹਾਲੀ ਸਥਿਤ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਦੋ ਹੋਰ ਕੇਸਾਂ ਦਾ ਚਲਾਨ ਪੇਸ਼ ਕਰ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਇਹ ਚਲਾਨ ਖੰਨਾ ਦੇ ਪਿੰਡ ਜਗੇੜਾ ਵਿਚ 25 ਫਰਵਰੀ 2017 ਨੂੰ ਡੇਰਾ ਪ੍ਰੇਮੀ ਸਤਪਾਲ ਸ਼ਰਮਾ ਤੇ ਉਸ ਦੇ ਪੁੱਤਰ ਰਮੇਸ਼ ਕੁਮਾਰ ਸ਼ਰਮਾ ਦੇ ਹੋਏ ਕਤਲ ਕੇਸ, ਜਦੋਂਕਿ ਖੰਨਾ ਵਿਚ ਲਲਹੇੜੀ ਚੌਕ ਦੇ ਕੋਲ 23 ਅਪ੍ਰੈਲ 2016 ਨੂੰ ਹਿੰਦੂ ਆਗੂ ਦੁਰਗਾ ਦਾਸ ਗੁਪਤਾ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਨਾਲ ਸਬੰਧਤ ਹੈ । ਏਜੰਸੀ ਨੇ ਇਹ ਚਲਾਨ 15 ਮੁਲਜ਼ਮਾਂ ਖਿਲਾਫ ਪੇਸ਼ ਕੀਤਾ ਹੈ । ਏਜੰਸੀ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਉਕਤ ਦੋਵੇਂ ਕਤਲ ਕੇਸ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸੀਨੀਅਰ ਆਗੂਆਂ ਦੇ ਇਸ਼ਾਰੀਆਂ 'ਤੇ ਕੀਤੇ ਗਏ ਸਨ । ਏਜੰਸੀ ਨੇ ਜਿਨ੍ਹਾਂ ਖਿਲਾਫ ਚਲਾਨ ਪੇਸ਼ ਕੀਤਾ ਹੈ, ਉਨ੍ਹਾਂ ਵਿਚ ਹਰਦੀਪ ਸਿੰਘ ਉਰਫ ਸ਼ੇਰਾ, ਰਮਨਦੀਪ ਸਿੰਘ ਉਰਫ ਕੈਨੇਡੀਅਨ, ਧਰਮਿੰਦਰ ਸਿੰਘ ਉਰਫ ਗੁਗਨੀ, ਅਨਿਲ ਕੁਮਾਰ ਉਰਫ ਕਾਲਾ, ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ ਮਨੀ, ਰਵਿੰਪਾਲ ਸਿੰਘ, ਪਹਾੜ ਸਿੰਘ, ਪ੍ਰਵੇਜ਼ ਉਰਫ ਫਾਰੂ, ਮਲੂਕ ਤੋਮਰ, ਹਰਮੀਤ ਸਿੰਘ ਉਰਫ ਹੈਪੀ ਉਰਫ ਪੀ. ਐੱਚ. ਡੀ. (ਪਾਕਿਸਤਾਨ ਵਿਚ ਹੋਣ ਦਾ ਸ਼ੱਕ), ਗੁਰਜਿੰਦਰ ਸਿੰਘ ਉਰਫ ਸ਼ਾਸਤਰੀ (ਇਟਲੀ 'ਚ ਹੋਣ ਦਾ ਸ਼ੱਕ), ਗੁਰਸ਼ਰਨਬੀਰ ਸਿੰਘ (ਯੂ. ਕੇ. 'ਚ ਹੋਣ ਦਾ ਸ਼ੱਕ) ਤੇ ਗੁਰਜੰਟ ਸਿੰਘ (ਆਸਟ੍ਰੇਲੀਆ 'ਚ ਹੋਣ ਦਾ ਸ਼ੱਕ) ਦੇ ਨਾਂ ਸ਼ਾਮਲ ਹਨ ।