ਕਿਸਾਨਾਂ ਨੂੰ ਮੰਡੀਆਂ ''ਚ ਨਹੀਂ ਮਿਲ ਰਿਹਾ ਸ਼ਬਜੀਆਂ ਦਾ ਸਹੀ ਭਾਅ, ਵਿਕਰੇਤਾ ਕਰ ਰਹੇ ਦੁੱਗਣੀ ਕਮਾਈ

Saturday, Jun 02, 2018 - 06:31 AM (IST)

ਕਿਸਾਨਾਂ ਨੂੰ ਮੰਡੀਆਂ ''ਚ ਨਹੀਂ ਮਿਲ ਰਿਹਾ ਸ਼ਬਜੀਆਂ ਦਾ ਸਹੀ ਭਾਅ, ਵਿਕਰੇਤਾ ਕਰ ਰਹੇ ਦੁੱਗਣੀ ਕਮਾਈ

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ , (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਅੱਜ ਇਕ ਜੂਨ ਤੋਂ ਦਸ ਜੂਨ ਤੱਕ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਕੋਈ ਵੀ ਕਿਸਾਨ ਸ਼ਹਿਰਾਂ ਵਿਚ ਸਬਜ਼ੀਆਂ ਅਤੇ ਦੁੱਧ ਆਦਿ ਨਾ ਲੈ ਕੇ ਆਵੇ। ਕਿਉਂਕਿ ਕਿਸਾਨਾਂ ਨੂੰ ਸਬਜ਼ੀਆਂ ਦੇ ਸਹੀ ਭਾਅ ਸ਼ਹਿਰਾਂ ਵਿਚ ਨਹੀਂ ਮਿਲ ਰਹੇ ਤੇ ਉਨ੍ਹਾਂ ਨੂੰ ਘਾਟਾ ਹੀ ਪੈ ਰਿਹਾ ਹੈ। ਆਪਣੇ ਖੇਤਾਂ 'ਚ ਸਬਜ਼ੀਆਂ ਲਾਉਣ ਵਾਲੇ ਕਿਸਾਨਾਂ ਤੇ ਠੇਕੇ ਤੇ ਜ਼ਮੀਨਾਂ ਲੈ ਕੇ ਸਬਜ਼ੀਆਂ ਬੀਜਣ ਵਾਲੇ ਹੋਰਨਾਂ ਵਰਗਾ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ 'ਚ ਉਹਨਾਂ ਨੂੰ ਲੁੱਟਿਆ ਹੀ ਜਾ ਰਿਹਾ ਹੈ। ਭਾਵੇਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਇਸ ਖੇਤਰ 'ਚ ਜ਼ਿਆਦਾ ਅਸਰ ਵੇਖਣ ਨੂੰ ਨਹੀਂ ਮਿਲਿਆ। ਪਰ ਫੇਰ ਪਿੰਡਾਂ 'ਚੋਂ ਸ਼ਹਿਰਾਂ ਵਿਚ ਦੁੱਧ ਅਤੇ ਸਬਜ਼ੀਆਂ ਲਿਆਉਣ ਵਾਲੇ ਬਹੁਤੇ ਲੋਕਾਂ ਨੇ ਗਰੇਜ਼ ਹੀ ਕੀਤਾ। ਸ਼ਬਜੀਆਂ ਲਾਉਣ ਵਾਲੇ ਮਿੱਠੂ ਸਿੰਘ, ਗੁਰਚਰਨ ਸਿੰਘ ਅਤੇ ਤਾਰਾ ਸਿੰਘ ਨੇ ਕਿਹਾ ਕਿ ਸ਼ਬਜੀਆਂ ਲਾਉਣ ਤੇ ਖਰਚਾ ਜ਼ਿਆਦਾ ਆ ਜਾਂਦਾ ਹੈ। ਪਰ ਸ਼ਹਿਰਾਂ ਵਿਚ ਖਰੀਦਿਆ ਮਿੱਟੀ ਦੇ ਭਾਅ ਜਾਂਦਾ ਹੈ। 
ਕਿਹੜੀ ਸਬਜ਼ੀ ਦਾ ਸ਼ਹਿਰ ਕੀ ਕੀ ਮਿਲਦਾ ਹੈ ਰੇਟ
ਸਬਜ਼ੀਆਂ ਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਗੁਆਰੇ ਦੀਆਂ ਫਲੀਆ ਸਾਡੇ ਕੋਲੋਂ 10, 12 ਰੁਪਏ ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ ਵਿਚ ਪ੍ਰਤੀ ਕਿਲੋ ਖਰੀਦੀਆਂ ਜਾਂਦੀਆ ਹਨ। ਪਰ ਜਦ ਉਹ ਰੇਹੜੀਆਂ ਜਾਂ ਦੁਕਾਨਾਂ ਤੇ ਟਿੱਕ ਜਾਂਦੀਆਂ ਹਨ ਤਾਂ ਉਨ੍ਹਾਂ ਦਾ ਭਾਅ 30 ਤੋਂ 40 ਰੁਪਏ ਕਿਲੋ ਹੋ ਜਾਂਦਾ ਹੈ। ਇਸੇ ਤਰ੍ਹਾਂ ਭਿੰਡੀ ਖਰੀਦੀ 8 ਰੁਪਏ ਪ੍ਰਤੀ ਕਿਲੋ ਜਾਂਦੀ ਹੈ। ਪਰ ਬਾਅਦ ਵਿਚ 25-30 ਰੁਪਏ ਕਿਲੋ ਵੇਚੀ ਜਾਂਦੀ ਹੈ। ਜਦ ਕਿ ਭਿੰਡੀਆ ਤੇ ਫਲੀਆਂ ਦੀ ਤੜਾਈ ਹੀ 6-7 ਰੁਪਏ ਕਿਲੋ ਹੈ। 15-20 ਕਿਲੋ ਚਿੱਬੜਾਂ ਦਾ ਭਾਅ ਮੰਡੀਆਂ 'ਚ 100 ਰੁਪਏ ਦਿੱਤਾ ਜਾਂਦਾ ਹੈ। ਜਦ ਕਿ ਇਹੋ ਚਿੱਬੜ ਬਾਅਦ ਵਿਚ 20 ਰੁਪਏ ਕਿਲੋ ਦਿੱਤੇ ਜਾਂਦੇ ਹਨ। ਹਰੀਆਂ ਮਿਰਚਾਂ ਨੂੰ ਸਬਜ਼ੀ ਮੰਡੀਆਂ ਵਿਚ ਕੋਈ ਪੁੱਛਦਾ ਨਹੀਂ ਤੇ 5-7 ਰੁਪਏ ਕਿਲੋ ਖਰੀਦੀਆਂ ਜਾਂਦੀਆਂ ਤੇ ਫੇਰ ਵੇਚੀਆਂ 20-30 ਰੁਪਏ ਕਿਲੋ ਜਾਂਦੀਆਂ ਹਨ। ਕੱਦੂ ਹੁਣ ਸਿਰਫ਼ 3-4 ਰੁਪਏ ਕਿਲੋ ਲਏ ਜਾਂਦੇ ਹਨ। ਪਰ ਬਾਅਦ ਵਿਚ ਵੇਚੇ 10 ਤੋਂ 20 ਰੁਪਏ ਕਿਲੋ ਜਾਂਦੇ ਹਨ। ਇਹੋ ਹਾਲ ਟਮਾਟਰਾਂ ਦਾ ਹੈ। ਮੰਡੀਆਂ ਵਿਚੋਂ 5 ਰੁਪਏ ਕਿਲੋ ਖਰੀਦ ਕੇ ਫੇਰ 20-25 ਰੁਪਏ ਵੇਚੇ ਜਾਂਦੇ ਹਨ। ਸ਼ਿਮਲਾ ਮਿਰਚਾਂ 8 ਰੁਪਏ ਕਿਲੋ ਖਰੀਦ ਕੇ 20-25 ਰੁਪਏ ਵੇਚੀਆਂ ਜਾਂਦੀਆਂ ਹਨ। ਜਦ ਕਿ ਸ਼ਿਮਲਾ ਮਿਰਚਾਂ ਦੀ ਤੜਾਈ 3 ਰੁਪਏ ਪ੍ਰਤੀ ਕਿਲੋ ਪੈਦੀ ਹੈ। ਪੇਠਾ ਵੀ ਮੰਡੀਆਂ ਵਿਚ 5 ਰੁਪਏ ਕਿਲੋ ਖਰੀਦਿਆ ਜਾਂਦਾ ਹੈ । ਪਰ ਵੇਚਿਆ 10 ਤੋਂ 15 ਰੁਪਏ ਕਿਲੋ ਜਾਂਦਾ ਹੈ। ਦੇਸੀ ਟਿੰਡੋ ਬਹੁਤ ਘੱਟ ਰੇਟ ਤੇ ਲੈ ਕੇ 40 ਰੁਪਏ ਕਿਲੋ ਵੇਚੀਆ ਜਾ ਰਹੀਆਂ ਹਨ । ਤੋਰੀਆਂ , ਅੱਲਾ, ਬੈਂਗਣ, ਵੈਂਗਣੀ ਅਤੇ ਹੋਰ ਸ਼ਬਜੀਆਂ ਦਾ ਵੀ ਇਹੋ ਹੀ ਹਾਲ ਹੈ। ਸਬਜ਼ੀਆਂ ਲਾਉਣ ਵਾਲਿਆਂ ਨੂੰ ਨਹੀਂ ਹੋ ਰਹੀ ਕਮਾਈ
ਜਿਹੜੇ ਲੋਕ ਸ਼ਬਜੀਆਂ ਲਾ ਕੇ ਰਹੇ ਹਨ, ਉਨ੍ਹਾਂ ਨੂੰ ਤਾਂ ਕਮਾਈ ਬਿਲਕੁੱਲ ਹੀ ਨਹੀਂ ਹੋ ਰਹੀ। ਆਮਦਨ ਘੱਟ ਹੈ ਤੇ ਖਰਚੇ ਜ਼ਿਆਦਾ ਹਨ। ਪਰ ਜਿਹੜੇ ਲੋਕ ਮੰਡੀਆਂ 'ਚੋਂ ਸਬਜ਼ੀਆਂ ਖਰੀਦ ਕੇ ਅੱਗੇ ਵੇਚਦੇ ਹਨ। ਉਹ ਮੁਨਾਫ਼ਾ ਦੁਗਣਾ ਤਿਗਣਾ ਖੱਟ ਰਹੇ ਹਨ। ਅਵਾਰਾ ਪਸ਼ੂ ਵੀ ਸਬਜ਼ੀਆਂ ਵਿਚ ਆ ਕੇ ਵੜ ਜਾਂਦੇ ਹਨ ਤੇ ਸ਼ਬਜੀਆਂ ਨੂੰ ਤਬਾਹ ਕਰ ਜਾਂਦੇ ਹਨ। ਸਖਤ ਗਰਮੀਂ ਦੇ ਕਾਰਨ ਵੀ ਸਬਜ਼ੀਆਂ ਤੇ ਅਸਰ ਪੈਦਾ ਹੈ ਤੇ ਪਾਣੀ ਦੀ ਘਾਟ ਵੀ ਕਈ ਵਾਰ ਸਬਜ਼ੀਆਂ ਦਾ ਨੁਕਸਾਨ ਕਰ ਜਾਂਦੀ ਹੈ। 
ਦੁੱਧ ਵੀ ਖਰੀਦਿਆ ਜਾਂਦਾ ਹੈ ਸਸਤਾ
ਇਕ ਪਾਸੇ ਸੂਬਾ ਸਰਕਾਰ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਬਾਰੇ ਜੋਰ ਦੇ ਰਹੀ ਹੈ। ਪਰ ਦੂਜੇ ਪਾਸੇ ਦੁੱਧ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਮੁਨਾਫ਼ਾ ਕਿਧਰੇ ਨਹੀਂ ਹੋ ਰਿਹਾ। ਦੁੱਧ ਖਰੀਦਣ ਵਾਲੇ ਦੁੱਧ ਦਾ ਰੇਟ ਬਹੁਤ ਘੱਟ ਦੇ ਰਹੇ ਹਨ। ਪਰ ਉਸੇ ਦੁੱਧ ਨੂੰ ਬਾਅਦ ਵਿਚ ਵੱਧ ਰੇਟ ਵੇਚਿਆ ਜਾਂਦਾ ਹੈ। ਪਿੰਡਾਂ ਵਿਚੋਂ 30-35 ਰੁਪਏ ਪ੍ਰਤੀ ਕਿਲੋ ਦੁੱਧ ਖਰੀਦ ਕੇ ਤੇ ਅੱਗੇ 50 ਰੁਪਏ ਕਿਲੋ ਵੇਚਿਆ ਜਾਂਦਾ ਹੈ।


Related News