ਤੰਬਾਕੂ ਕੈਂਸਰ ਨਾਲ ਲੜਨ ਲਈ ''ਈ-ਸਿਗਰਟ'' ਬਿਹਤਰ ਬਦਲ
Thursday, May 31, 2018 - 11:57 PM (IST)

ਗੁਹਾਟੀ— ਵਿਸ਼ਵ ਤੰਬਾਕੂ ਦਿਵਸ ਮੌਕੇ ਮਾਹਰਾਂ ਨੇ ਸਿਗਰਟਨੋਸ਼ੀ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਲੋਕਾਂ ਨੂੰ ਬਚਾਉਣ ਲਈ ਈ-ਸਿਗਰਟ ਦੀ ਵਰਤੋਂ ਨੂੰ ਉਤਸ਼ਾਹ ਦੇਣ ਦਾ ਸੁਝਾਅ ਦਿੱਤਾ ਹੈ। ਸ਼ਿਲਾਂਗ ਵਿਚ 'ਨਾਰਥ-ਈਸਟਰਨ ਹਿੱਲ ਯੂਨੀਵਰਸਿਟੀ' ਦੇ ਜੈਵ-ਰਸਾਇਣ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਆਰ. ਐੱਨ. ਸਰਨ ਕਈ ਸਾਲਾਂ ਤੋਂ ਕੈਂਸਰ ਅਤੇ ਉਸ ਦੇ ਕਾਰਨਾਂ 'ਤੇ ਅਧਿਐਨ ਕਰ ਰਹੇ ਹਨ।
ਸਰਨ ਨੇ ਕਿਹਾ ਕਿ ਇਲੈਕਟ੍ਰਾਨਿਕ ਸਿਗਰਟ ਦੇ ਸੇਵਨ ਨਾਲ ਆਮ ਸਿਗਰਟ ਦੀ ਤੁਲਣਾ ਵਿਚ ਕੈਂਸਰ ਦਾ ਖਤਰਾ 90 ਤੋਂ 92 ਫੀਸਦੀ ਤੱਕ ਘੱਟ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੈਂਸਰ ਨਾਲ ਲੜਾਈ ਲਈ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਈ-ਸਿਗਰਟ ਦਾ ਸੇਵਨ ਕਰਨ ਦਾ ਮੌਕਾ ਦੇਣ ਲਈ ਇਕ ਨੀਤੀ ਬਣਾਉਣੀ ਚਾਹੀਦੀ ਹੈ। ਬ੍ਰਿਟੇਨ ਵਿਚ ਸਿਹਤ ਅਤੇ ਸਮਾਜਿਕ ਦੇਖਭਾਲ ਵਿਭਾਗ ਦੀ ਕਾਰਜਕਾਰੀ ਏਜੰਸੀ 'ਪਬਲਿਕ ਹੈਲਥ ਇੰਗਲੈਂਡ' (ਪੀ. ਐੱਚ. ਈ.) ਦੇ ਡਾਇਰੈਕਟਰ ਜਾਨ ਨਿਊਟਨ ਨੇ ਵੀ ਕੁਝ ਅਜਿਹੇ ਹੀ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਗ੍ਰੇਟ ਬ੍ਰਿਟੇਨ ਵਿਚ ਈ-ਸਿਗਰਟ ਸਿਗਰਟਨੋਸ਼ੀ ਛੱਡਣ ਲਈ ਇਕ ਲੋਕਪ੍ਰਿਯ ਬਦਲ ਬਣ ਗਈ ਹੈ।