ਮਜੀਠੀਆ-ਸੰਜੇ ਸਿੰਘ ਮਾਣਹਾਨੀ ਕੇਸ ''ਚ ਸੁਣਵਾਈ 17 ਮਈ ਤੱਕ ਟਲੀ

04/26/2018 11:33:16 AM

ਲੁਧਿਆਣਾ (ਮਹਿਰਾ) : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਐੱਮ. ਪੀ. ਸੰਜੇ ਸਿੰਘ ਖਿਲਾਫ ਪੰਜਾਬ ਦੇ ਸਾਬਕਾ ਰੈਵੇਨਿਊ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਤੇ ਸੰਜੇ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਜਗਜੀਤ ਸਿੰਘ ਅਦਾਲਤ ਵਿਚ ਨਹੀਂ ਪਹੁੰਚੇ। ਸੰਜੇ ਸਿੰਘ ਦੇ ਵਕੀਲ ਨੇ ਸੰਜੇ ਸਿੰਘ ਦੀ ਹਾਜ਼ਰੀ ਮੁਆਫੀ ਨੂੰ ਲੈ ਕੇ ਜਿਥੇ ਆਪਣੀ ਅਰਜ਼ੀ ਲਾਈ, ਉਥੇ ਉਨ੍ਹਾਂ ਨੇ ਮਜੀਠੀਆ ਵੱਲੋਂ ਪੇਸ਼ੀ 'ਤੇ ਅਦਾਲਤ ਵਿਚ ਦਾਇਰ ਕੀਤੀ ਗਈ ਸੀ. ਆਰ. ਪੀ. ਸੀ. ਦੀ ਧਾਰਾ 311 ਤਹਿਤ ਅਰਜ਼ੀ 'ਤੇ ਆਪਣਾ ਜਵਾਬ ਵੀ ਦਾਖਲ ਕਰ ਦਿੱਤਾ। ਅਦਾਲਤ ਨੇ ਦੋਵਾਂ ਦੀ ਹਾਜ਼ਰੀ ਮੁਆਫੀ ਦੀ ਅਰਜ਼ੀ ਮਨਜ਼ੂਰ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 17 ਮਈ ਤੈਅ ਕਰਦਿਆਂ ਮਜੀਠੀਆ ਦੀ ਅਰਜ਼ੀ 'ਤੇ ਦੋਵਾਂ ਧਿਰਾਂ ਨੂੰ ਆਪਣੀ-ਆਪਣੀ ਬਹਿਸ ਕਰਨ ਨੂੰ ਕਿਹਾ ਹੈ। ਮਜੀਠੀਆ ਨੇ ਆਪਣੀ ਅਰਜ਼ੀ ਵਿਚ ਕਿਹਾ ਹੈ ਕਿ ਇਸ ਮਾਮਲੇ ਵਿਚ ਅਡੀਸ਼ਨਲ ਗਵਾਹੀ ਦੇਣਾ ਚਾਹੁੰਦੇ ਹਨ। ਵਰਨਣਯੋਗ ਹੈ ਕਿ ਪਿਛਲੀ ਪੇਸ਼ੀ 'ਤੇ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗਵਾਈ ਕਲਮਬੰਦ ਕਰਵਾਉਣੀ ਸ਼ੁਰੂ ਕੀਤੀ ਸੀ ਪਰ ਗਵਾਹੀ ਪੂਰੀ ਨਾ ਹੋਣ ਕਾਰਨ ਅਦਾਲਤ ਨੇ ਸੁਣਵਾਈ ਰੱਦ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਹੋਰ ਗਵਾਹ ਵੀ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਸੀ।


Related News