ਮਜੀਠੀਆ-ਸੰਜੇ ਮਾਣਹਾਨੀ ਕੇਸ ਦੀ ਸੁਣਵਾਈ 23 ਮਈ ਤੱਕ ਟਲੀ

05/18/2018 11:47:03 AM

ਲੁਧਿਆਣਾ (ਮਹਿਰਾ) : ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਐੱਮ. ਪੀ. ਸੰਜੇ ਸਿੰਘ ਖਿਲਾਫ ਦਾਇਰ ਮਾਣਹਾਨੀ ਮਾਮਲੇ ਵਿਚ ਮਜੀਠੀਆ ਅਤੇ ਸੰਜੇ ਸਿੰਘ ਅੱਜ ਜੁਡੀਸ਼ੀਅਲ ਮੈਜਿਸਟਰੇਟ ਜਗਜੀਤ ਸਿੰਘ ਦੀ ਅਦਾਲਤ ਵਿਚ ਨਹੀਂ ਪਹੁੰਚੇ। ਸੰਜੇ ਸਿੰਘ ਦੇ ਵਕੀਲ ਨੇ ਅੱਜ ਸੰਜੇ ਸਿੰਘ ਦੀ ਹਾਜ਼ਰੀ ਮੁਆਫੀ ਨੂੰ ਲੈ ਕੇ ਆਪਣੀ ਅਰਜ਼ੀ ਲਾਈ। 
ਅਦਾਲਤ ਨੇ ਦੋਵਾਂ ਦੀ ਹਾਜ਼ਰੀ ਮੁਆਫੀ ਦੀ ਅਰਜ਼ੀ ਮਨਜ਼ੂਰ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 23 ਮਈ ਤੈਅ ਕਰਦੇ ਹੋਏ ਮਜੀਠੀਆ ਦੀ ਅਰਜ਼ੀ 'ਤੇ ਦੋਵਾਂ ਧਿਰਾਂ ਨੂੰ ਆਪਣੀ-ਆਪਣੀ ਬਹਿਸ ਕਰਨ ਨੂੰ ਕਿਹਾ ਹੈ। ਮਜੀਠੀਆ ਨੇ ਆਪਣੀ ਅਰਜ਼ੀ 'ਚ ਕਿਹਾ ਕਿ ਉਹ ਇਸ ਮਾਮਲੇ 'ਚ ਅਡੀਸ਼ਨਲ ਗਵਾਹੀ ਦੇਣਾ ਚਾਹੁੰਦੇ ਹਨ। ਸੰਜੇ ਸਿੰਘ ਵਲੋਂ ਪਹਿਲੀ ਪੇਸ਼ੀ 'ਤੇ ਅਦਾਲਤ 'ਚ ਮਜੀਠੀਆ ਵਲੋਂ ਦਾਇਰ ਕੀਤੀ ਗਈ ਸੀ. ਆਰ. ਪੀ. ਸੀ. ਦੀ ਧਾਰਾ 311 ਤਹਿਤ ਅਰਜ਼ੀ 'ਤੇ ਆਪਣਾ ਜਵਾਬ ਦਾਖਲ ਕਰ ਦਿੱਤਾ। 
ਵਰਨਣਯੋਗ ਹੈ ਕਿ ਬੀਤੀ ਪੇਸ਼ੀ 'ਤੇ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਗਵਾਹੀ ਕਲਮਬੰਦ ਕਰਵਾਉਣੀ ਸ਼ੁਰੂ ਕੀਤੀ ਸੀ ਪਰ ਗਵਾਹੀ ਪੂਰੀ ਨਾ ਹੋਣ ਕਾਰਨ ਅਦਾਲਤ ਨੇ ਸੁਣਵਾਈ ਰੱਦ ਕਰਦੇ ਹੋਏ ਆਪਣੇ ਹੋਰ ਗਵਾਹ ਵੀ ਅਦਾਲਤ ਵਿਚ ਪੇਸ਼ ਕਰਨ ਲਈ ਕਿਹਾ ਸੀ ਪਰ ਅੱਜ ਵੀ ਮਜੀਠੀਆ ਦੀ ਅਰਜ਼ੀ 'ਤੇ ਬਹਿਸ ਨਹੀਂ ਹੋ ਸਕੀ।
 


Related News