ਇਟਲੀ ਦੇ ਪਨੀਰ ਦੀ ਦੁਨੀਆ ''ਚ ਸਭ ਤੋਂ ਵੱਧ ਮੰਗ
Sunday, May 13, 2018 - 04:04 AM (IST)

ਰੋਮ (ਕੈਂਥ)- ਇਟਲੀ ਭਰ ਵਿਚ ਇਟਾਲੀਅਨ ਲੋਕਾਂ ਲਈ ਪਨੀਰ ਬਣਾਉਣ ਦਾ ਧੰਦਾ ਅਹਿਮ ਹੈ ਜਿਸਨੂੰ ਨੇਪੜੇ ਚਾੜ੍ਹਨ ਲਈ ਵਿਦੇਸ਼ੀ ਖਾਸ ਕਰਕੇ ਪੰਜਾਬੀ ਅਹਿਮ ਯੋਗਦਾਨ ਪਾਉਂਦੇ ਹਨ । ਜਿਸ ਤਰ੍ਹਾਂ ਇਟਲੀ ਦੇ ਲਾਸੀਓ ਸੂਬੇ ਦੇ ਖੇਤੀਬਾੜੀ ਨਾਲ ਸਬੰਧਤ ਇਟਾਲੀਅਨਾਂ ਦਾ ਕਹਿਣਾ ਹੈ ਕਿ ਇਸ ਸੂਬੇ ਦੀ ਖੇਤੀ ਨੂੰ ਆਬਾਦ ਕਰਨ ਵਿਚ ਭਾਰਤੀ ਲੋਕਾਂ ਦਾ ਬਹੁਤ ਵੱਡਾ ਹੱਥ ਹੈ। ਉਸੇ ਤਰ੍ਹਾਂ ਇਟਲੀ ਦਾ ਸੂਬਾ ਕੰਪਾਨੀਆ ਜਿਹੜਾ ਇਟਲੀ ਦਾ ਸਭ ਤੋਂ ਵੱਡਾ ਸੂਬਾ ਹੈ, ਦੇ ਡੇਅਰੀ ਫਾਰਮਾਂ ਨਾਲ ਸਬੰਧਤ ਇਟਾਲੀਅਨਾਂ ਦਾ ਵੀ ਇਹੀ ਕਹਿਣਾ ਹੈ ਕਿ ਇਸ ਸੂਬੇ ਵਿਚ ਡੇਅਰੀ ਫਾਰਮਾਂ ਅਤੇ ਪਨੀਰ ਦੇ ਕਾਰੋਬਾਰ ਨੂੰ ਚਾਰ ਚੰਨ ਲਾਉਣ ਵਾਲੇ ਭਾਰਤੀ ਲੋਕ ਹੀ ਹਨ ਜਿਹੜੇ ਕਿ ਆਪਣੇ ਦ੍ਰਿੜ ਇਰਾਦਿਆਂ ਅਤੇ ਬੁਲੰਦ ਹੌਸਲਿਆਂ ਨਾਲ ਹਰ ਅਸੰਭਵ ਕੰਮ ਨੂੰ ਸੰਭਵ ਕਰ ਦਿਖਾਉਂਦੇ ਹਨ ।ਇਟਲੀ ਦਾ ਪਨੀਰ ਯੂਰਪ ਭਰ ਵਿਚ ਮੰਨਿਆ ਹੋਇਆ ਹੈ ਸ਼ਾਇਦ ਇਸ ਲਈ ਹੀ ਇਟਲੀ ਦੇ ਮਸ਼ਹੂਰ ਪਨੀਰ ਪਰਮੇਜ਼ਨ ਦੀ ਕੰਪਨੀ ਪੈਰਮਿਜੀਆਨੋ ਰੇਜੀਆਨੋ ਨੇ ਸੰਨ 2017 ਵਿਚ ਰਿਕਾਰਡ ਤੋੜ 147,000 ਟਨ ਪਨੀਰ ਬਾਜ਼ਾਰ ਵਿਚ ਦਿੱਤਾ, ਜਿਸ ਤੋਂ 2.2 ਬਿਲੀਅਨ ਯੂਰੋ ਦੀ ਕਮਾਈ ਹੋਈ। ਇਟਲੀ ਦਾ ਬਣਿਆ ਪਨੀਰ ਦੁਨੀਆ ਭਰ ਵਿਚ ਸਭ ਤੋਂ ਜ਼ਿਆਦਾ ਖਾਧਾ ਜਾ ਰਿਹਾ ਹੈ। ਹਾਲਾਂਕਿ ਪੈਰਮਿਜੀਆਨੋ ਰੇਜੀਆਨੋ ਨੇ ਆਪਣੇ ਪਨੀਰ ਪਰਮੇਜ਼ਨ ਦੀ ਔਸਤ ਕੀਮਤ ਵਿਚ 9.81 ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕੀਤਾ ਹੈ ਜੋ ਕਿ ਪਿਛਲੇ ਸਾਲ ਨਾਲੋਂ 14 ਫੀਸਦੀ ਵੱਧ ਹੈ। ਪਨੀਰ ਕੰਪਨੀ ਦੇ ਨਿਰਮਾਤਾ ਦਾ ਮੰਨਣਾ ਹੈ ਕਿ ਇਸ ਸਾਲ 2018 ਵਿਚ ਪਹਿਲਾਂ ਨਾਲੋਂ ਵੱਧ ਰਿਕਾਰਡਿਡ ਪਨੀਰ ਦਾ ਕਾਰੋਬਾਰ ਹੋਵੇਗਾ।