ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਰਹਿੰਦੇ ਕਬਜ਼ਾਧਾਰਕਾਂ ਨੂੰ ਖਦੇੜਿਆ

05/13/2018 1:15:01 AM

ਪਟਿਆਲਾ(ਰਣਜੀਤ ਰਾਣਾ)-ਸ਼ਾਹੀ ਸ਼ਹਿਰ ਨਾਲ ਲੱਗਦੇ ਹਲਕਾ ਸਨੌਰ ਦੇ ਪਿੰਡ ਸਾਹਿਬ ਨਗਰ ਥੇੜੀ ਦੀ ਸ਼ਾਮਲਾਟ ਜ਼ਮੀਨ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਮਾਣਯੋਗ ਹਾਈਕੋਰਟ ਵਿਚ ਚੱਲ ਰਿਹਾ ਸੀ, ਜਿਸ ਸਬੰਧੀ ਪਹਿਲਾਂ ਤੋਂ ਜਾਰੀ ਹੋਈਆਂ ਹਦਾਇਤਾਂ ਅਨੁਸਾਰ ਅਦਾਲਤ ਵਿਚ 23 ਮਈ ਦੀ ਪੇਸ਼ੀ 'ਤੇ ਸਮੁੱਚੀ ਕਾਰਵਾਈ ਦੀ ਰਿਪੋਰਟ ਪੇਸ਼ ਕਰਨੀ ਹੈ, ਜਿਸ ਨੂੰ ਲੈ ਕੇ ਅੱਜ ਮੁੜ ਰਹਿੰਦੇ ਕਬਜ਼ਾਧਾਰੀਆਂ ਨੂੰ ਸਿਵਲ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਖਦੇੜ ਦਿੱਤਾ ਗਿਆ। ਕਬਜ਼ਾ ਛੱਡਣ ਅਤੇ ਮਲਬਾ ਚੁੱਕਣ ਲਈ ਐੱਸ. ਪੀ. ਕੇਸਰ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ, ਡੀ. ਐੱਸ. ਪੀ. ਸੁਖਜਿੰਦਰ ਸਿੰਘ ਰੰਧਾਵਾ, ਬੀ. ਡੀ. ਪੀ. ਓ. ਅਮਰੀਕ ਸਿੰਘ ਬਲਾਕ ਸਨੌਰ, ਐੱਸ. ਐੱਚ. ਓ. ਗੁਰਨਾਮ ਸਿੰਘ ਬਖਸ਼ੀਵਾਲਾ, ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਇੰਚਾਰਜ ਥਾਣਾ ਅਰਬਨ ਅਸਟੇਟ, ਸਬ-ਇੰਸਪੈਕਟਰ ਸਾਕਸ਼ੀ ਸ਼ਰਮਾ, ਸ਼ਿਵ ਕਿਰਪਾਲ ਬੇਦੀ, ਐੱਸ. ਈ. ਪੀ. ਓ. ਗੁਰਪ੍ਰੀਤ ਸਿੰਘ ਮਾਂਗਟ ਸਮੁੱਚੇ ਅਧਿਕਾਰੀਆਂ ਨੇ ਨਾਜਾਇਜ਼ ਕਾਬਜ਼ਕਾਰਾਂ ਨੂੰ ਘਰ-ਘਰ ਜਾ ਕੇ ਸਮੁੱਚਾ ਸਾਮਾਨ ਅਤੇ ਮਲਬਾ ਚੁੱਕਣ ਦੀ ਹਦਾਇਤ ਕੀਤੀ ਅਤੇ ਕਈ ਥਾਵਾਂ 'ਤੇ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾ ਕੇ ਕਾਬਜ਼ਕਾਰਾਂ ਨੂੰ ਖਦੇੜਿਆ ਅਤੇ ਸਾਮਾਨ ਵੀ ਬਾਹਰ ਕਢਵਾਇਆ। ਮੌਕੇ 'ਤੇ ਸਰਕਾਰ ਦੇ ਸਰਕਾਰੀ ਬੋਰਡਾਂ ਨੂੰ ਲਾਹ ਕੇ ਮੁੜ ਤੋਂ ਸਰਕਾਰੀ ਕਬਜ਼ਾ ਹੋਣ ਦੀ ਤਸਦੀਕ ਕਰ ਦਿੱਤੀ ਗਈ।
ਐੱਸ. ਪੀ. ਨੇ ਪਟਵਾਰੀ ਨੂੰ ਪਾਈ ਝਾੜ
ਸਾਹਿਬ ਨਗਰ ਥੇੜੀ ਵਿਚ ਜਦੋਂ ਅੱਜ ਸਮੁੱਚਾ ਸਿਵਲ ਤੇ ਪੁਲਸ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਸੀ ਤਾਂ ਉਥੇ ਮੌਜੂਦ ਇਕ ਕੋਠੀ ਦੀ ਜਗ੍ਹਾ ਸ਼ਾਮਲਾਟ ਜ਼ਮੀਨ ਵਿਚ ਆਉਣ ਸਬੰਧੀ ਜਦੋਂ ਐੱਸ. ਪੀ. ਕੇਸਰ ਸਿੰਘ ਨੇ ਮੌਜੂਦਾ ਪਟਵਾਰੀ ਕਮਲਜੀਤ ਸ਼ਰਮਾ ਨੂੰ ਨਿਸ਼ਾਨਦੇਹੀ ਉਪਰੰਤ ਹੱਦਬੰਦੀ 'ਤੇ ਠੱਡੀਆਂ ਨਾ ਲਾਉਣ ਬਾਰੇ ਪੁੱਛਿਆ ਤਾਂ ਉਸ ਨੇ ਪੁਖਤਾ ਜਵਾਬ ਦੇਣ ਦੀ ਬਜਾਏ ਗੱਲ ਹਾਸੇ ਵਿਚ ਪਾ ਦਿੱਤੀ। ਇਸ 'ਤੇ ਖਫਾ ਹੁੰਦੇ ਹੋਏ ਐੱਸ. ਪੀ. ਨੇ ਪਟਵਾਰੀ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਅ ਰਹੇ, ਇਸ ਬਾਰੇ ਆਪ ਦੇ ਵਿਭਾਗ ਦੇ ਉੱਚ ਅਧਿਕਾਰੀਆਂ ਸਮੇਤ ਡੀ. ਸੀ. ਪਟਿਆਲਾ ਨੂੰ ਦੱਸਾਂਗਾ ਕਿ ਇਸ ਮੁਲਾਜ਼ਮ ਦੀ ਨਾਲਾਇਕੀ ਕਾਰਨ ਕਬਜ਼ਾ ਕਾਰਵਾਈ ਵਿਚ ਦੇਰੀ ਹੋਈ ਅਤੇ ਸਮੁੱਚੇ ਅਫਸਰਾਂ ਤੇ ਮੁਲਾਜ਼ਮਾਂ ਦਾ ਸਮਾਂ ਬਰਬਾਦ ਕੀਤਾ ਗਿਆ।
ਮਲਬਾ ਚੁੱਕਣ ਲਈ ਦਿੱਤਾ ਦੋ ਦਿਨ ਦਾ ਸਮਾਂ
ਇਸ ਮੌਕੇ ਐੱਸ. ਪੀ. ਕੇਸਰ ਸਿੰਘ ਤੇ ਡੀ. ਡੀ. ਪੀ. ਓ. ਸੁਰਿੰਦਰ ਸਿੰਘ ਢਿੱਲੋਂ ਨੇ ਮੌਜੂਦਾ ਸਰਪੰਚ ਜਗਦੀਸ਼ ਸਿੰਘ ਪੂਨੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਦੋ ਦਿਨਾਂ ਵਿਚ ਰਹਿੰਦੇ ਸਮੁੱਚੇ ਕਾਬਜ਼ਕਾਰਾਂ ਨੇ ਸਾਮਾਨ ਨਾ ਚੁੱਕਿਆ ਤਾਂ ਮੁੜ ਤੋਂ ਉਥੇ ਪਿਆ ਮਲਬਾ ਸਰਕਾਰੀ ਜਾਇਦਾਦ ਵਜੋਂ ਜ਼ਬਤ ਕਰ ਲਿਆ ਜਾਵੇਗਾ।
ਇਕ ਨਿੱਜੀ ਸਕੂਲ ਵੱਲੋਂ ਸ਼ਾਮਲਾਟ ਜ਼ਮੀਨ ਵਿਚ ਚਲਾਈ ਜਾ ਰਹੀ ਮੈੱਸ ਸਬੰਧੀ ਵੀ ਸਕੂਲ ਪ੍ਰਬੰਧਕਾਂ ਨੂੰ ਖਾਲੀ ਕਰਨ ਦੀ ਹਦਾਇਤ ਕਰ ਦਿੱਤੀ ਹੈ ਅਤੇ ਜਿੰਦਰਾ ਤੇ ਸੀਲ ਲਾ ਕੇ ਪੰਚਾਇਤ ਵਿਭਾਗ ਨੇ ਕਬਜ਼ਾ ਕਰ ਲਿਆ ਹੈ।
ਇਹ ਹੈ ਮਾਮਲਾ
ਪਟਿਆਲਾ ਨਾਲ ਲੱਗਦੇ ਅਰਬਨ ਅਸਟੇਟ ਵਿਚਾਲੇ ਵੱਸਦੇ ਪਿੰਡ ਸਾਹਿਬ ਨਗਰ ਥੇੜੀ ਦੀ 505 ਕਨਾਲ ਸ਼ਾਮਲਾਟ ਜ਼ਮੀਨ ਦਾ ਮਾਮਲਾ 21.4.2016 ਤੋਂ ਮਾਣਯੋਗ ਹਾਈਕੋਰਟ ਵਿਚ ਪੈਂਡਿੰਗ ਚੱਲ ਰਿਹਾ ਸੀ, ਜਿਸ ਸਬੰਧੀ ਜ਼ਿਲਾ ਪ੍ਰਸ਼ਾਸਨ ਨੇ ਹੁਣ 23 ਮਈ ਨੂੰ ਅਦਾਲਤ ਵਿਚ ਕਾਰਵਾਈ ਰਿਪੋਰਟ ਤੋਂ ਪਹਿਲਾਂ ਨਾਜਾਇਜ਼ ਤੌਰ 'ਤੇ ਕਾਬਜ਼ਕਾਰਾਂ ਦੇ ਕਬਜ਼ੇ ਵਿਚੋਂ ਅੱਜ ਪੂਰਨ ਤੌਰ 'ਤੇ ਕਬਜ਼ਾ ਲੈ ਲਿਆ ਗਿਆ।
ਕਬਜ਼ਾ ਪ੍ਰਾਪਤ ਸ਼ਾਮਲਾਟ ਜ਼ਮੀਨ ਵਿਚ ਉਸਾਰੀਆਂ ਲਗਾਤਾਰ ਜਾਰੀ : ਸ਼ਰਮਾ
ਪਿੰਡ ਸਾਹਿਬ ਨਗਰ ਥੇੜੀ ਦੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਅਤੇ ਰਿੱਟ ਪਟੀਸ਼ਨਰ ਵਿਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਕੀਤੀ ਕਬਜ਼ਾ ਕਾਰਵਾਈ ਉਪਰੰਤ ਸ਼ਾਮਲਾਟ ਜ਼ਮੀਨ ਵਿਚ ਚਾਰ ਦੁਕਾਨਾਂ, ਇਕ ਸ਼ੋਅਰੂਮ, ਇਕ ਸ਼ੈੱਡ ਉਸਾਰਿਆ ਗਿਆ ਹੈ ਅਤੇ ਦਰੱਖਤ ਵੱਢੇ ਗਏ ਹਨ, ਜਿਸ ਵੱਲ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਭਾਵੇਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕਾ ਦੇਖਿਆ ਗਿਆ ਪਰ ਕਾਰਵਾਈ ਕੋਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਦਾ ਇਹੀ ਰਵੱਈਆ ਰਿਹਾ ਤਾਂ ਨਾਜਾਇਜ਼ ਕਾਬਜ਼ਕਾਰਾਂ ਦੇ ਹੌਸਲੇ ਬੁਲੰਦ ਹੋਣਗੇ ਤੇ ਪੰਚਾਇਤ ਦਾ ਵਿੱਤੀ ਨੁਕਸਾਨ ਹੁੰਦਾ ਰਹੇਗਾ। ਇਸ ਸਮੁੱਚੀ ਨਾਂਹ-ਪੱਖੀ ਕਾਰਵਾਈ ਦੀ ਵੀਡੀਓ ਤੇ ਫੋਟੋਜ਼ ਤਿਆਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ।


Related News