ਜ਼ਮੀਨੀ ਝਗਡ਼ੇ ’ਚ 2 ਅੌਰਤਾਂ ਸਣੇ ਚਾਰ ਫੱਟਡ਼
Sunday, May 13, 2018 - 06:07 AM (IST)

ਅਬੋਹਰ, (ਸੁਨੀਲ)– ਢਾਣੀ ਕਮਾਈਆਂ ਵਾਲੀ ਵਿਚ ਅੱਜ ਜ਼ਮੀਨੀ ਝਗਡ਼ੇ ਕਾਰਨ 2 ਗੁਟਾਂ ’ਚ ਹੋਏ ਆਪਸੀ ਝਗਡ਼ੇ ਵਿਚ 2 ਅੌਰਤਾਂ ਸਮੇਤ 4 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਇਲਾਜ ਅਧੀਨ ਵਰਿਆਮ ਨਗਰ ਵਾਸੀ ਇੰਦੂ ਪਤਨੀ ਆਨੰਦ ਪ੍ਰਕਾਸ਼ ਵਿਜ ਨੇ ਦੱਸਿਆ ਕਿ ਉਨ੍ਹਾਂ ਦੀ 4 ਏਕਡ਼ ਜ਼ਮੀਨ ਕਮਾਈਆਂ ਵਾਲੀ ਢਾਣੀ ਵਿਚ ਹੈ ਅਤੇ ਉਸ ਦਾ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਜ਼ਮੀਨੀ ਝਗਡ਼ਾ ਚੱਲ ਰਿਹਾ ਹੈ। ਇਸ ਕਾਰਨ ਉਕਤ ਰਿਸ਼ਤੇਦਾਰਾਂ ਨੇ ਅੱਜ ਆਪਣੇ ਸਾਥੀਆਂ ਸਣੇ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਜਦ ਉਸ ਦੀ ਧੀ ਮਨੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਲੋਕਾਂ ਨੇ ਮਨੀ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ, ਜਦ ਉਸ ਨੇ ਆਪਣੀ ਧੀ ਦਾ ਬਚਾਅ ਕੀਤਾ ਤਾਂ ਉਨ੍ਹਾਂ ਉਸ ਨੂੰ ਵੀ ਕੁੱਟ-ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਇੰਦੂ ਨੇ ਦੱਸਿਆ ਕਿ ਪੁਲਸ ਨੇ ਉਕਤ ਹਮਲਾਵਰਾਂ ਨੂੰ ਹਿਰਾਸਤ ’ਚ ਲਿਆ ਹੈ। ਪਿਛਲੇ ਦਿਨੀਂ ਵੀ ਉਕਤ ਹਮਲਾਵਰਾਂ ਨੇ ਉਸ ਦੇ ਪਤੀ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ ਪਰ ਪੁਲਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ।
ਇਸ ਮਾਮਲੇ ਵਿਚ ਜ਼ਖਮੀ ਦੂਜੀ ਧਿਰ ਦੇ ਅਸ਼ਵਿਨੀ ਪੁੱਤਰ ਚਾਂਦ ਕ੍ਰਿਸ਼ਨ ਵਾਸੀ ਪਟੇਲ ਪਾਰਕ ਅਤੇ ਉਸ ਦੇ ਚਾਚਾ ਵਿਜੇ ਕੁਮਾਰ ਨੇ ਦੱਸਿਆ ਕਿ ਅੱਜ ਜਦ ਉਹ ਢਾਣੀ ਕਮਾਈਆਂ ਵਾਲੀ ਵਿਚ ਆਪਣੇ ਖੇਤ ’ਚ ਗਏ ਤਾਂ ਪਹਿਲੀ ਧਿਰ ਦੇ ਲੋਕਾਂ ਨੇ ਹੁੱਲਡ਼ਬਾਜ਼ੀ ਕਰਦੇ ਹੋਏ ਉਨ੍ਹਾਂ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਅਤੇ ਮਾਮਲਿਆਂ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।