ਲੰਬੇ ਸਮੇਂ ਤੋਂ ਸਰਹਿੰਦ ਨਹਿਰ ’ਚ ਸੁੱਟਿਆ ਜਾ ਰਿਹੈ ਸ਼ਹਿਰ ਦਾ ਗੰਦਾ ਪਾਣੀ
Monday, May 21, 2018 - 07:13 AM (IST)

ਰੂਪਨਗਰ, (ਵਿਜੇ)- ਸ਼ਹਿਰ ’ਚ ਮੁੱਖ ਤੌਰ ’ਤੇ ਸਤਲੁਜ ਦਰਿਆ, ਭਾਖਡ਼ਾ ਨਹਿਰ ਤੇ ਸਰਹਿੰਦ ਨਹਿਰ ਹੈ, ਜਿਸ ’ਚ ਭਾਖਡ਼ਾ ਨਹਿਰ ਨੂੰ ਛੱਡ ਕੇ ਸਤਲੁਜ ਦਰਿਆ ਅਤੇ ਸਰਹਿੰਦ ਨਹਿਰ ’ਚ ਸ਼ਹਿਰ ਦਾ ਗੰਦਾ ਪਾਣੀ ਧਡ਼ੱਲੇ ਨਾਲ ਡਿੱਗ ਰਿਹਾ ਹੈ।
ਜਾਣਕਾਰੀ ਅਨੁਸਾਰ ਕਾਫੀ ਸਮੇਂ ਤੋਂ ਰਾਧਾ ਸੁਆਮੀ ਸਤਿਸੰਗ ਖੇਤਰ ਦੇ ਨੇਡ਼ੇ, ਗਊਸ਼ਾਲਾ ਖੇਤਰ, ਨੰਗਲ ਚੌਕ ਖੇਤਰ ਆਦਿ ਦੇ ਘਰਾਂ ਦਾ ਗੰਦਾ ਪਾਣੀ ਸਰਹਿੰਦ ਨਹਿਰ ’ਚ ਲਗਾਤਾਰ ਡਿੱਗ ਰਿਹਾ ਹੈ, ਜਿਸ ਨਾਲ ਨਹਿਰ ਦਾ ਪਾਣੀ ਦੂਸ਼ਿਤ ਹੋ ਰਿਹਾ ਹੈ। ਇਸ ਸਬੰਧ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਕਈ ਸਾਲ ਪਹਿਲਾਂ ਨਿਰਦੇਸ਼ ਜਾਰੀ ਕੀਤੇ ਸੀ ਕਿ ਕੋਈ ਵੀ ਗੰਦਾ ਪਾਣੀ ਕਿਸੇ ਵੀ ਦਰਿਆ ਜਾਂ ਨਦੀ ’ਚ ਨਾ ਸੁੱਟਿਆ ਜਾਵੇ ਪਰ ਇਸ ਪਾਸੇ ਨਗਰ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਸਮੇਂ-ਸਮੇਂ ’ਤੇ ਵਾਤਾਵਰਣ ਨੂੰ ਸਾਫ ਕਰਨ ਦੀ ਗੱਲਬਾਤ ਕਾਗਜ਼ਾਂ ’ਚ ਹੁੰਦੀ ਹੈ ਪਰ ਗਰਾਊਂਡ ਲੈਵਲ ’ਤੇ ਗੰਦਾ ਪਾਣੀ ਡਿੱਗਦਾ ਰਹਿੰਦਾ ਹੈ।
ਇਸ ਦੇ ਲਈ ਨਾ ਤਾਂ ਨਗਰ ਕੌਂਸਲ ਅਤੇ ਨਾ ਹੀ ਸਰਕਾਰ ਗੰਭੀਰ ਹੈ। ਆਸਰੋਂ ਇੰਡਸਟਰੀਜ਼ ਬੈਲਟ ਵੱਲੋਂ ਕੁਝ ਪਾਣੀ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਕਥਿਤ ਪਾਇਆ ਜਾਂਦਾ ਹੈ, ਜਿਸ ਦੇ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ। ਨਦੀਆਂ ਅਤੇ ਦਰਿਆਵਾਂ ’ਚ ਗੰਦਾ ਪਾਣੀ ਪਾਉਣਾ ਆਮ ਗੱਲ ਹੈ ਕਿਉਂਕਿ ਇਸ ਦੇ ਲਈ ਸਰਕਾਰ ਵੱਲੋਂ ਕੋਈ ਸਖਤ ਕਾਨੂੰਨ ਨਹੀਂ ਬਣਾਏ ਗਏ ਅਤੇ ਨਾ ਹੀ ਸਬੰਧਤ ਅਧਿਕਾਰੀ ਇਨ੍ਹਾਂ ਗੱਲਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਰਾਧਾ ਸੁਆਮੀ ਸਤਿਸੰਗ ਭਵਨ ਦੇ ਨੇਡ਼ੇ ਜੋ ਪਾਣੀ ਸਰਹਿੰਦ ਨਹਿਰ ’ਚ ਡਿੱਗਦਾ ਹੈ, ਉਹ ਮੁਹੱਲਾ ਉੱਚਾ ਖੇਡ਼ਾ, ਛੋਟਾ ਖੇਡ਼ਾ, ਮੀਰਾਂਬਾਈ ਚੌਕ, ਵਾਲਮੀਕਿ ਮੁਹੱਲਾ ਆਦਿ ਦਾ ਹੈ।