ਅੱਪਰਾ ''ਚ ਤੂਫਾਨ ਤੇ ਅੱਗ ਨੇ ਮਚਾਈ ਤਬਾਹੀ
Sunday, May 13, 2018 - 05:40 AM (IST)

ਅੱਪਰਾ(ਅਜਮੇਰ ਚਾਨਾ)¸ਅੱਜ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਆਸਮਾਨ ਵਿਚ ਅਜਿਹਾ ਗੁਬਾਰ ਚੜ੍ਹਿਆ ਕਿ ਦਿਨੇ ਹੀ ਰਾਤ ਵਾਲਾ ਮਾਹੌਲ ਪੈਦਾ ਹੋ ਗਿਆ। ਇਸ ਦੇ ਨਾਲ ਹੀ ਤੂਫਾਨ ਸ਼ੁਰੂ ਹੋ ਗਿਆ, ਉਪਰੰਤ ਮੀਂਹ ਸ਼ੁਰੂ ਹੋ ਗਿਆ। ਲੱਗਦਾ ਸੀ ਕਿ ਸ਼ਾਇਦ ਤੂਫਾਨ ਲੰਘ ਗਿਆ ਹੈ ਪਰ ਬਾਅਦ 'ਚ ਅਜਿਹਾ ਤੂਫਾਨ ਆਇਆ ਕਿ ਜਾਪ ਰਿਹਾ ਸੀ ਕਿ ਆਸ-ਪਾਸ ਸਭ ਸੜ ਕੇ ਸੁਆਹ ਹੋ ਗਿਆ। ਅੱਪਰਾ, ਥਲਾ, ਮਸਾਣੀ, ਤੂਰਾਂ, ਕਟਾਣਾ, ਲੋਹਗੜ੍ਹ, ਚੀਮਾ ਕਲਾਂ ਗੱਲ ਕੀ ਆਸ-ਪਾਸ ਦਾ ਕੋਈ ਪਿੰਡ ਨਹੀਂ ਬਚਿਆ ਜਿਥੇ ਕਿ ਅੱਗ ਨੇ ਆਪਣਾ ਕਹਿਰ ਨਾ ਵਰਤਾਇਆ ਹੋਵੇ। ਸਭ ਤੋਂ ਵੱਡਾ ਨੁਕਸਾਨ ਕਿਸਾਨਾਂ ਨੂੰ ਹੋਇਆ, ਜਿਨ੍ਹਾਂ ਦੇ ਤੂੜੀ ਦੇ ਕੁੱਪ ਸੜ ਕੇ ਸੁਆਹ ਹੋ ਗਏ ਅਤੇ ਲੱਖਾਂ ਦਾ ਨੁਕਸਾਨ ਹੋ ਗਿਆ। ਇਸ ਦੇ ਨਾਲ ਹੀ ਸੈਂਕੜੇ ਹੀ ਏਕੜ ਕਣਕ ਬਣਾਉਣ ਲਈ ਛੱਡਿਆ ਲਾਣ ਵੀ ਅੱਗ ਦੀ ਭੇਟ ਚੜ੍ਹ ਗਿਆ। ਥਾਂ-ਥਾਂ 'ਤੇ ਟੁੱਟੇ ਹੋਏ ਦਰੱਖਤ ਸੜਕਾਂ ਵਿਚ ਡਿੱਗੇ ਹੋਏ ਆਮ ਵੇਖੇ ਜਾ ਸਕਦੇ ਸਨ ਅਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਗਈ, ਕਈ ਥਾਈਂ ਬਿਜਲੀ ਦੀਆਂ ਤਾਰਾਂ ਵੀ ਟੁੱਟ ਕੇ ਡਿੱਗੀਆਂ ਹੋਈਆਂ ਵੇਖੀਆਂ ਗਈਆਂ। ਲੋਕਾਂ ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਸੀ ਕਿ ਪਤਾ ਨਹੀਂ ਇਹ ਤੂਫਾਨ ਕਦੋਂ ਥੰਮੇਗਾ। ਡੀ. ਐੱਸ. ਪੀ. ਫਿਲੌਰ ਅਮਰੀਕ ਸਿੰਘ ਚਾਹਲ ਨੇ ਭਾਵੇਂ ਖਤਰੇ ਨੂੰ ਵੇਖਦਿਆਂ ਹੋਇਆਂ ਪੁਲਸ ਪਾਰਟੀਆਂ ਨੂੰ ਪਿੰਡਾਂ ਵਿਚ ਭੇਜਿਆ ਪਰ ਫਾਇਰ ਬ੍ਰਿਗੇਡ ਦੀ ਭੂਮਿਕਾ ਨਾਂਹ ਦੇ ਬਰਾਬਰ ਹੀ ਰਹੀ। ਕਿਸੇ ਪਾਸਿਓਂ ਕੋਈ ਖਬਰ ਨਹੀਂ ਆਈ ਕਿ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਹੋਵੇ। ਕਈ ਥਾਈਂ ਪਾਲਤੂ ਪਸ਼ੂਆਂ ਦੇ ਸੜਨ ਦੀਆਂ ਵੀ ਖਬਰਾਂ ਆ ਰਹੀਆਂ ਹਨ, ਜਿਸ ਪੱਧਰ 'ਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਸ ਸਬੰਧੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ।