ਇੰਜੀਨੀਅਰਿੰਗ ਕਾਲਜਾਂ ਵੱਲੋਂ  ਐੱਸ. ਸੀ. ਵਿਦਿਆਰਥੀਆਂ ਤੋਂ ਫੀਸਾਂ ਲੈਣ ਦਾ ਐਲਾਨ

05/25/2018 8:04:07 AM

ਮੋਗਾ (ਗੋਪੀ ਰਾਊਕੇ) - ਪਿਛਲੇ ਲੰਮੇਂ ਸਮੇਂ ਤੋਂ ਪ੍ਰਾਈਵੇਟ ਕਾਲਜਾਂ ’ਚ ਪਡ਼੍ਹਾਈ ਕਰ ਰਹੇ ਦਲਿਤ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਕਾਲਜ ਪ੍ਰਬੰਧਕਾਂ ਨੂੰ ਨਾ ਮਿਲਣ ਤੋਂ ਖਫਾ ਹੋਏ ਕਾਲਜ ਪ੍ਰਬੰਧਕਾਂ ਨੇ ਅੱਜ  ਮੀਟਿੰਗ ਕਰਕੇ ਇਸ ਵਰ੍ਹੇ ਨਵੇਂ ਦਾਖਲ ਹੋਣ ਵਾਲੇ ਐੱਸ. ਸੀ. ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਬਣਦੀਆਂ ਫੀਸਾਂ ਲੈਣ ਦਾ ਐਲਾਨ ਕਰ ਦਿੱਤਾ ਹੈ। ਅੱਜ ਇਥੇ ਲਾਲਾ ਲਾਜਪਤ ਰਾਏ ਕਾਲਜ ਮੋਗਾ ਵਿਖੇ ‘ਪ੍ਰਾਈਵੇਟ ਇੰਜੀਨੀਅਰਿੰਗ ਅਤੇ ਮੈਨੇਜਮੈਂਟ ਕਾਲਜ ਐਸੋਸੀਏਸ਼ਨ’ ਦੀ ਹੋਈ ਮੀਟਿੰਗ ਦੌਰਾਨ  ਜ਼ਿਲੇ ਦੇ 10 ਪ੍ਰਮੁੱਖ ਕਾਲਜਾਂ ਲਾਲਾ ਲਾਜਪਤ ਰਾਏ ਇੰਜੀਨੀਅਰ ਕਾਲਜ, ਦੇਸ਼ ਭਗਤ ਕਾਲਜ ਆਫ ਫਾਊਡੇਸ਼ਨ ਮੋਗਾ, ਨਾਰਥ ਵੈਸਟਨ ਕਾਲਜ ਢੁੱਡੀਕੇ, ਬੀ. ਆਈ. ਗਰੁੱਪ ਮੋਗਾ, ਐੱਸ. ਐੱਫ਼. ਸੀ. ਮੈਨੇਜਮੈਂਟ ਟੈਕਨਾਲੋਜੀ ਮੋਗਾ, ਐੱਮ. ਐੱਲ. ਐੱਮ. ਟੈਕਨੀਕਲ ਕਾਲਜ ਮੋਗਾ, ਬਾਬਾ ਮੰਗਲ ਸਿੰਘ ਗਰੁੱਪ ਕਾਲਜ ਕਾਲਜ਼ਿਜ ਬੁੱਘੀਪੁਰਾ, ਐਲਪਾਇਨ ਇੰਸਟੀਚਿਊਟ, ਆਈਡਲ ਗਰੁੱਪ ਮਾਣੂੰਕੇ ਗਿੱਲ ਅਤੇ ਫਿਰੋਜ਼ਪੁਰ ਕਾਲਜ ਅਤੇ ਇੰਜੀਨੀਅਰਿੰਗ ਕਾਲਜ ਦੇ ਨੁਮਾਇੰਦਿਆਂ ਨੇ ਦੋ ਟੁੱਕ ਫੈਸਲਾ ਲੈਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਸ. ਸੀ. ਵਿਦਿਆਰਥੀਆਂ ਦੀਆਂ ਫੀਸਾਂ ਕਾਲਜਾਂ ਨੂੰ ਨਾ ਭੇਜਣ ਕਰਕੇ ਕਾਲਜ ਪ੍ਰਬੰਧਕਾਂ ਦੇ ਆਰਥਿਕ ਹਾਲਾਤ ਬੇਹੱਦ ਮਾਡ਼ੇ ਹੋ ਗਏ ਹਨ।
ਉਨ੍ਹਾਂ ਆਖਿਆ ਕਿ ਹੁਣ ਤਾਂ ਸਥਿਤੀ ਇੰਨ੍ਹੀ ਮਾਡ਼ੀ ਹੋ ਗਈ ਹੈ ਕਿ ਕਾਲਜ ਪ੍ਰਬੰਧਕਾਂ ਕੋਲ ਸਟਾਫ ਨੂੰ ਦੇਣ ਲਈ ਤਨਖਾਹਾਂ ਖਾਤਰ ਵੀ ਲੋਡ਼ੀਂਦੇ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋਣ ਨਾਲ ਸਟਾਫ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਖਤਰਾ ਪੈਦਾ ਹੋਣ ਦੀ ਸੰਭਾਵਨਾਵਾਂ ਬਣ ਗਈਅਾਂ। ਉਨ੍ਹਾਂ ਆਖਿਆ ਕਿ 2018-19 ਦੇ ਸੈਸ਼ਨ ਦੌਰਾਨ ਕਾਲਜ ਪ੍ਰਬੰਧਕਾ ਕੋਲ ਹੁਣ ਇਸ ਮਾਮਲੇ ’ਤੇ ਸਖਤ ਫੈਸਲੇ ਲੈਣ ਤੋਂ ਸਿਵਾਏ ਹੋਰ ਕੋਈ ਹੱਲ ਬਾਕੀ ਨਹੀਂ ਬਚਿਆ ਹੈ। ਇਸ ਮੌਕੇ ਦਵਿੰਦਰਪਾਲ ਸਿੰਘ ਰਿੰਪੀ, ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਗੌਰਵ ਗੁਪਤਾ, ਅਭਿਸ਼ੇਕ ਜਿੰਦਲ, ਲਖਵੀਰ ਸਿੰਘ ਗਿੱਲ, ਹੀਰਾ ਲਾਲ ਸ਼ਰਮਾ, ਕੇ. ਕੇ. ਕੋਡ਼ਾ, ਡਾ. ਰਮੇਸ਼ ਬਾਂਸਲ, ਡਾ. ਸਵਰਨਜੀਤ ਸਿੰਘ ਬਰਾਡ਼, ਡਾ. ਵਿਨੋਦ ਗੋਇਲ, ਸ਼ਿਵਮ ਵਿਸ਼ਿਸ਼ਟ ਆਦਿ ਹਾਜ਼ਰ ਸਨ।


Related News