ਮੇਰੇ ਭਰਾ ਨੂੰ ਛੇੜਛਾੜ ਦੇ ਝੂਠੇ ਮਾਮਲੇ ''ਚ ਫਸਾਇਆ : ਅਮਰਜੀਤ

Sunday, May 20, 2018 - 05:57 AM (IST)

ਮੇਰੇ ਭਰਾ ਨੂੰ ਛੇੜਛਾੜ ਦੇ ਝੂਠੇ ਮਾਮਲੇ ''ਚ ਫਸਾਇਆ : ਅਮਰਜੀਤ

ਅੰਮ੍ਰਿਤਸਰ, (ਜ. ਬ., ਨਵਦੀਪ)- ਮੇਰਾ ਭਰਾ ਬੇਕਸੂਰ ਹੈ, ਉਸ ਨੇ ਕੁਝ ਨਹੀਂ ਕੀਤਾ। ਪਿੰਡ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਮੇਰੇ ਭਰਾ ਨੂੰ ਫਸਾਇਆ ਹੈ। ਉਹ ਇੰਨਾ ਸ਼ਰਮੀਲਾ ਹੈ ਕਿ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਅਤੇ ਉਸ 'ਤੇ ਕੁੜੀ ਨਾਲ ਛੇੜਛਾੜ ਕਰਨ ਦਾ ਝੂਠਾ ਦੋਸ਼ ਪੁਲਸ ਨੂੰ ਮੋਹਰਾ ਬਣਾ ਕੇ ਕੁਝ ਸਿਆਸੀ ਲੋਕਾਂ ਨੇ ਲਾਇਆ ਹੈ, ਮੈਨੂੰ ਵਾਹਿਗੁਰੂ ਅਤੇ ਅਦਾਲਤ 'ਤੇ ਪੂਰਾ ਭਰੋਸਾ ਹੈ, ਮੇਰੇ ਭਰਾ ਨੂੰ ਜ਼ਮਾਨਤ ਵੀ ਮਿਲੇਗੀ ਅਤੇ ਉਹ ਬਰੀ ਵੀ ਹੋਵੇਗਾ। ਇਹ ਕਹਿੰਦੇ ਹੋਏ ਅੰਮ੍ਰਿਤਸਰ ਦੀ ਅਦਾਲਤ ਦੀ ਦਹਿਲੀਜ਼ 'ਤੇ ਚੱਪਲ ਉਤਾਰ ਕੇ ਹੱਥ ਜੋੜ ਕੇ ਜਾਪ ਕਰਨ ਵਾਲੀ ਅਮਰਜੀਤ ਨੇ ਆਪਣੇ ਹੰਝੂਆਂ ਨੂੰ ਦੁਪੱਟੇ ਨਾਲ ਪੂੰਝਿਆ।
ਘਰ 'ਚ ਕਮਾਉਣ ਵਾਲਾ ਹੋਰ ਕੋਈ ਨਹੀਂ
ਜਗ ਬਾਣੀ ਨਾਲ ਗੱਲਬਾਤ ਦੌਰਾਨ ਅਮਰਜੀਤ ਕਹਿਣ ਲੱਗੀ ਕਿ ਮੈਂ ਅਦਾਲਤ ਦੀ ਦਹਿਲੀਜ਼ 'ਤੇ ਬੈਠ ਕੇ ਅਰਦਾਸ ਤੇ ਜਾਪ ਕਰਦੀ ਹਾਂ ਕਿ ਮੇਰੇ ਭਰਾ ਨੂੰ ਜ਼ਮਾਨਤ ਮਿਲ ਜਾਵੇ, ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਹੈ। ਮਾਤਾ-ਪਿਤਾ ਦੋਵੇਂ ਬਜ਼ੁਰਗ ਹਨ ਤੇ ਮੈਂ ਅੰਗਹੀਣ ਕਿਥੇ ਜਾਵਾਂ। ਘਰ ਵੀਰ ਹੀ ਚਲਾਉਂਦਾ ਸੀ। ਕਰਜ਼ਾ ਲੈ ਕੇ ਅਦਾਲਤ ਦੀ ਦਹਿਲੀਜ਼ 'ਤੇ ਨਿਆਂ ਲਈ ਪੁੱਜੇ ਹਾਂ। ਰੱਬ ਦੇ ਘਰ ਦੇਰ ਹੈ, ਹਨੇਰ ਨਹੀਂ, ਮੈਨੂੰ ਉਮੀਦ ਹੈ ਕਿ ਅਦਾਲਤ ਦੀ ਦਹਿਲੀਜ਼ 'ਤੇ ਬੈਠ ਕੇ ਮੇਰੀ ਦਿਲੋਂ ਕੀਤੀ ਗਈ ਅਰਦਾਸ ਅਤੇ ਜਾਪ ਦਾ ਫਲ ਜ਼ਰੂਰ ਮਿਲੇਗਾ।
ਅਮਰਜੀਤ ਕਹਿੰਦੀ ਹੈ ਕਿ ਅਪਾਹਜ ਪੋਲੀਓਗ੍ਰਸਤ ਹੋਣ ਕਾਰਨ ਕਰਨਾ ਪੈਂਦੈ ਭਾਰੀ ਮੁਸ਼ਕਿਲਾਂ ਦਾ ਸਾਹਮਣਾ
ਪੋਲੀਓਗ੍ਰਸਤ ਹੋਣ ਕਾਰਨ ਉਸ ਨੂੰ ਕਾਫ਼ੀ ਸਮੱਸਿਆ ਆਉਂਦੀ ਹੈ ਪਰ ਭਰਾ ਦੀਆਂ ਅੱਖਾਂ ਵਿਚ ਵਸੀ ਸੂਰਤ ਉਸ ਨੂੰ ਚੈਨ ਨਾਲ ਬੈਠਣ ਨਹੀਂ ਦਿੰਦੀ। ਮੈਂ ਭਰਾ ਨੂੰ ਬੇਗੁਨਾਹ ਸਾਬਿਤ ਕਰ ਕੇ ਰਹਾਂਗੀ, ਇਹੀ ਇਕ ਭੈਣ ਦਾ ਭਰਾ ਨਾਲ ਬਚਨ ਹੈ। ਦੂਸਰੇ ਪਾਸੇ ਐਡਵੋਕੇਟ ਨਮਿਤ ਸਿੰਘ ਕਹਿੰਦੇ ਹਨ ਕਿ ਕਾਨੂੰਨ ਸਬੂਤ ਮੰਗਦਾ ਹੈ ਅਤੇ ਸ਼ਰਧਾ ਵਿਚ ਰੱਬ ਵੱਸਦਾ ਹੈ। ਇਕ ਭੈਣ ਦਾ ਭਰਾ ਲਈ ਇਹ ਜਾਪ ਅਤੇ ਅਰਦਾਸ ਸ਼ਰਧਾ 'ਤੇ ਟਿਕੀ ਹੈ, ਫੈਸਲਾ ਅਦਾਲਤ ਨੇ ਦੇਣਾ ਹੈ ਸਬੂਤਾਂ 'ਤੇ, ਤੰਤਰ-ਮੰਤਰ ਦੀ ਗੱਲ ਕਰੀਏ ਤਾਂ ਇਸ ਦਾ ਅਸਰ ਹੁੰਦਾ ਹੈ ਜਾਂ ਨਹੀਂ, ਇਹ ਲੰਮੀ ਬਹਿਸ ਦਾ ਵਿਸ਼ਾ ਹੈ।


Related News