ਅਗੇਤੇ ਝੋਨੇ ਦੀ ਲਵਾਈ ਨੂੰ ਪੂਰੀ ਸਖਤੀ ਨਾਲ ਰੋਕਿਆ ਜਾਵੇਗਾ : ਜ਼ਿਲਾ ਖੇਤੀਬਾੜੀ ਅਫ਼ਸਰ

05/25/2018 5:26:25 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਜ਼ਿਲੇ ਵਿਚ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਜ਼ਮੀਨ ਦੀ ਸਿਹਤ ਸੰਭਾਲ ਦੇ ਸਬੰਧ 'ਚ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਕਾਨੂੰਨ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸਾਇਲ ਵਾਟਰ ਐਕਟ, 2009 'ਚ ਸੋਧ ਕਰਦੇ ਹੋਏ ਇਸ ਵਾਰ ਝੋਨੇ ਦੀ ਲਵਾਈ 15 ਜੂਨ ਦੀ ਥਾਂ 20 ਜੂਨ ਕਰ ਦਿੱਤੀ ਹੈ। ਇਹ ਵਿਚਾਰ ਬਲਜਿੰਦਰ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਅਗਾਊ ਜਾਣਕਾਰੀ ਹਿੱਤ ਸਾਂਝੇ ਕੀਤੇ ਹਨ। 
ਉਨ੍ਹਾਂ ਕਿਹਾ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ 236 ਪਿੰਡਾਂ 'ਚੋਂ 32 ਪਿੰਡਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਦੇ ਹੁਕਮਾਂ ਮੁਤਾਬਿਕ 20 ਜੂਨ ਤੋਂ ਪਹਿਲਾ ਝੋਨਾ ਲਗਾਉਣ ਦੀ ਛੋਟ ਦਿੱਤੀ ਗਈ ਹੈ ਕਿਉਂਕਿ ਇਹ ਪਿੰਡ ਸੇਮ ਦੀ ਮਾਰ ਹੇਠ ਹਨ। ਇਨ੍ਹਾਂ ਪਿੰਡਾਂ ਵਿਚ ਪਾਣੀ ਦਾ ਪੱਧਰ ਇਕ ਮੀਟਰ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਛੋਟ ਵਾਲੇ ਪਿੰਡਾਂ ਸਬੰਧੀ ਜਾਣਕਾਰੀ ਕਿਸਾਨ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਚੋ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਗੇਤਾ ਝੋਨਾ ਲਗਾਉਣ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਥੱਲੇ ਜਾ ਰਿਹਾ ਹੈ। ਮਾਹਿਰਾਂ ਵੱਲੋਂ ਕੀਤੇ ਸਰੱਵੇ ਅਨੁਸਾਰ ਹਰ ਸਾਲ 0.5 ਤੋਂ 1 ਮੀਟਰ ਤੱਕ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਜੇਕਰ ਅਸੀਂ ਇਸੇ ਤਰ੍ਹਾਂ ਪਾਣੀ ਦੀ ਦੁਰਵਰਤੋਂ ਕਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਪੰਜਾਬ ਰੇਗਿਸਤਾਨ ਬਣ ਜਾਵੇਗਾ।
ਇਸ ਸਮੇਂ ਉਨ੍ਹਾਂ ਨਾਲ ਮੌਜੂਦ ਕਰਨਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ ਨੇ ਦੱਸਿਆ ਕਿ ਪੰਜਾਬ ਦੇ ਕੁੱਲ 144 ਬਲਾਕਾਂ 'ਚੋਂ 112 ਬਲਾਕ ਪਹਿਲਾਂ ਹੀ ਡਾਰਕ ਜੋਨ 'ਚ ਹਨ ਅਤੇ ਇਨ੍ਹਾਂ ਡਾਰਕ ਜੋਨਾਂ 'ਚੋਂ ਲਗਭਗ 42 ਬਲਾਕ ਸਰਕਾਰ ਵੱਲੋਂ ਨੋਟੀਫਾਈ ਘੋਸ਼ਿਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਲੱਗਭਗ 14 ਲੱਖ ਟਿਊਬਵੈਲ ਹਨ। ਝੋਨੇ ਦੀ ਲਵਾਈ 5 ਦਿਨ ਲੇਟ ਕਰਨ ਨਾਲ ਤਕਰੀਬਨ 24 ਲੱਖ ਮਿਲਿਅਨ ਲਿਟਰ ਪਾਣੀ ਦੀ ਬੱਚਤ ਹੋਵੇਗੀ। ਜੇਕਰ ਕੋਈ ਕਿਸਾਨ ਉਪਰੋਕਤ ਮਿਤੀਆਂ ਤੋਂ ਪਹਿਲਾਂ ਝੋਨੇ ਦੀ ਲਵਾਈ ਕਰੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨ ਦੇ ਖਰਚੇ 'ਤੇ ਝੋਨੇ ਨੂੰ ਮੌਕੇ 'ਤੇ ਹੀ ਵਾਹਿਆ ਜਾਵੇਗਾ।  ਆਖਰ ਵਿਚ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਬਲਜਿੰਦਰ ਸਿੰਘ ਬਰਾੜ ਨੇ ਕਿਸਾਨਾਂ ਨੂੰ ਫਿਰ ਅਪੀਲ ਕੀਤੀ ਕਿ ਉਹ ੁਪ੍ਰਸ਼ਾਸਨ ਅਤੇ ਖੇਤੀਬਾੜੀ ਮਹਿਕਮੇ ਦਾ ਸਹਿਯੋਗ ਦੇਣ ਅਤੇ ਝੋਨੇ ਦੀ ਲਵਾਈ 20 ਜੂਨ ਤੋਂ ਬਾਅਦ ਹੀ ਕਰਨ। ਇਸ ਸਮੇਂ ਕਿਸਾਨਾਂ ਤੋਂ ਇਲਾਵਾ ਸ੍ਰੀ ਗੁਰਪ੍ਰੀਤ ਸਿੰਘ, ਏ. ਓ., ਸ੍ਰੀ ਜਗਤਾਰ ਸਿੰਘ, ਏ. ਈ. ਓ. ਆਦਿ ਹਾਜ਼ਰ ਸਨ।


Related News