ਹਥਿਆਰਾਂ ਨਾਲ ਲੈਸ 3 ਬਦਮਾਸ਼ਾਂ ਨੇ ਦੁਕਾਨਦਾਰ ਲੁੱਟਿਆ

Sunday, May 13, 2018 - 05:00 AM (IST)

ਹਥਿਆਰਾਂ ਨਾਲ ਲੈਸ 3 ਬਦਮਾਸ਼ਾਂ ਨੇ ਦੁਕਾਨਦਾਰ ਲੁੱਟਿਆ

ਲੁਧਿਆਣਾ(ਮਹੇਸ਼)-ਸਲੇਮ ਟਾਬਰੀ ਦੇ ਪ੍ਰੀਤਮ ਪੁਰਾ ਇਲਾਕੇ ਵਿਚ ਹਥਿਆਰਾਂ ਨਾਲ ਲੈਸ 3 ਬਦਮਾਸ਼ਾਂ ਨੇ ਸ਼ੁੱਕਰਵਾਰ ਰਾਤ ਨੂੰ ਇਕ ਦੁਕਾਨਦਾਰ ਨੂੰ ਲੁੱਟ ਲਿਆ ਤੇ ਵਿਰੋਧ ਕਰਨ 'ਤੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਤਿੰਨੋਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਇਲਾਕਾ ਪੁਲਸ ਨੇ ਪੀੜਤ ਸੰਜੇ ਕੁਮਾਰ ਦੀ ਸ਼ਿਕਾਇਤ 'ਤੇ ਅਣਪਛਾਤੇ ਬਦਮਾਸ਼ਾਂ ਖਿਲਾਫ ਲੁੱਟ ਖੋਹ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਸੰਜੇ ਦੀ ਸ਼ਿਵਪੁਰੀ ਇਲਾਕੇ ਵਿਚ ਕਰਿਆਨੇ ਦੀ ਦੁਕਾਨ ਹੈ। ਰਾਤ ਕਰੀਬ 10.15 ਵਜੇ ਉਹ ਆਪਣੀ ਐਕਟਿਵਾ 'ਤੇ ਦਵਾਈ ਲੈਣ ਲਈ ਮੈਡੀਕਲ ਸਟੋਰ ਵੱਲ ਜਾ ਰਿਹਾ ਸੀ ਜਦੋਂ ਉਹ ਪ੍ਰੀਤਮ ਪੁਰਾ ਸਲੂਜਾ ਹੌਜ਼ਰੀ ਨੇੜੇ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਹਨੇਰੇ ਵਿਚ ਘਾਤ ਲਾ ਕੇ ਬੈਠੇ 3 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। 2 ਬਦਮਾਸ਼ਾਂ ਨੇ ਉਸ ਨੂੰ ਦਬੋਚ ਲਿਆ, ਜਦਕਿ ਤੀਸਰੇ ਨੇ ਉਸ ਦੀ ਜੇਬ ਚੋਂ ਉਸ ਦਾ ਮੋਬਾਇਲ, ਏ. ਟੀ. ਐੱਮ. ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ ਤੇ ਹੋਰ ਕੀਮਤ ਸਾਮਾਨ ਕੱਢ ਲਿਆ। ਕਿਸੇ ਤਰ੍ਹਾਂ ਨਾਲ ਹਿੰਮਤ ਕਰ ਕੇ ਜਦੋਂ ਉਹ ਬਦਮਾਸ਼ਾਂ ਨਾਲ ਭਿੜਿਆ ਤਾਂ ਉਨ੍ਹਾਂ ਨੇ ਲੋਹੇ ਦੀ ਰਾਡ ਨਾਲ ਉਸ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਉਸ ਦਾ ਰੌਲਾ-ਰੱਪਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਤਾਂ ਤਿੰਨੋਂ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਕੁਲਦੀਪ ਨੇ ਦੱਸਿਆ ਕਿ ਬਦਮਾਸ਼ਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਕ ਹੋਰ ਮਾਮਲੇ ਵਿਚ ਬਸਤੀ ਜੋਧੇਵਾਲ ਥਾਣਾ ਪੁਲਸ ਨੇ ਟਿੱਬਾ ਰੋਡ 'ਤੇ ਪੁਨੀਤ ਨਗਰ ਦੇ ਰਾਜਨ ਕੁਮਾਰ ਦੀ ਸ਼ਿਕਾਇਤ 'ਤੇ ਈ. ਡਬਲਯੂ. ਐੱਸ. ਕਾਲੋਨੀ ਦੇ ਵਿਨੋਦ ਕੁਮਾਰ ਖਿਲਾਫ ਲੁੱਟ-ਖੋਹ ਦਾ ਕੇਸ ਦਰਜ ਕੀਤਾ ਹੈ, ਜਿਸ ਵਿਚ ਅਜੇ ਤਕ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ।
ਰਾਜਨ ਨੇ ਦੱਸਿਆ ਕਿ ਉਹ ਬੁੱਧਵਾਰ ਸ਼ਾਮ 8 ਵਜੇ ਆਪਣੇ ਕੰਮ 'ਤੇ ਜਾ ਰਿਹਾ ਹੈ ਤਾਂ ਰਸਤੇ ਵਿਚ ਦੋਸ਼ੀ ਪਿੱਛੋਂ ਮੋਟਰਸਾਈਕਲ 'ਤੇ ਆਇਆ ਅਤੇ ਜਾਣਬੁੱਝ ਕੇ ਉਸ ਨਾਲ ਝਗੜਨ ਲੱਗਾ। ਇਸ ਦੌਰਾਨ ਦੋਸ਼ੀ ਉਸ ਦਾ ਮੋਬਾਇਲ ਖੋਹ ਕੇ ਮੌਕ ਤੋਂ ਫਰਾਰ ਹੋ ਗਿਆ। ਉਸ ਸਮੇਂ ਉਸ ਨੇ ਉਸ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ। ਬਾਅਦ ਵਿਚ ਉਸ ਨੂੰ ਦੋਸ਼ੀ ਦੇ ਨਾਂ ਦਾ ਪਤਾ ਲੱਗਾ।


Related News