ਕਾਂਗਰਸ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਨਹੀਂ ਕਰ ਰਹੀ ਪ੍ਰੇਰਿਤ: ਸਵਨਾ
Tuesday, Jun 05, 2018 - 11:30 AM (IST)

ਫਾਜ਼ਿਲਕਾ, (ਨਾਗਪਾਲ,ਲੀਲਾਧਰ)—ਜਿੱਥੇ ਪਿਛਲੀ ਬਾਦਲ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਗਈ ਸੀ, ਉਸ ਦੇ ਮੁਕਾਬਲੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਕੋਈ ਯੋਗ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਨੌਜਵਾਨਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਪ੍ਰਗਟਾਵਾ ਅੱਜ ਸਮਾਈਲ ਸਪੋਰਟਸ ਕਲੱਬ ਪਿੰਡ ਕਰਨੀਖੇੜਾ ਵੱਲੋਂ ਕਰਵਾਏ ਜਾ ਰਹੇ ਦੂਜੇ ਸਿੰਗਲ ਵਿਕਟ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੈਚ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਫਾਜ਼ਿਲਕਾ ਦੇ ਅਕਾਲੀ ਆਗੂ ਤੇ ਸੋਈ ਦੇ ਜ਼ਿਲਾ ਪ੍ਰਧਾਨ ਨਰਿੰਦਰ ਪਾਲ ਸਿਘ ਸਾਵਨਾ ਦੇ ਇਨਾਮ ਵੰਡ ਸਮਾਰੋਹ ਦੌਰਾਨ ਇਕੱਠੇ ਹੋਏ ਖਿਡਾਰੀਆਂ ਤੇ ਪਿੰਡ ਦੇ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਉਸ ਸਮੇਂ ਖੇਡ ਵਿਭਾਗ ਵੀ ਸੀ, ਦੀ ਅਗਵਾਈ 'ਚ ਹਰ ਪਿੰਡ 'ਤੇ ਸ਼ਹਿਰ 'ਚ ਜਾ ਕੇ ਜਿੱਥੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਿਮ ਦਾ ਸਾਮਾਨ, ਖੇਡ ਕਿੱਟਾਂ ਅਤੇ ਨਕਦ ਰਕਮਾਂ ਦਿੱਤੀਆਂ ਗਈਆਂ ਸਨ, ਉੱਥੇ ਨੌਜਵਾਨਾਂ ਨੂੰ ਖੇਡ ਗਰਾਊਂਡਾਂ ਦਾ ਪ੍ਰਬੰਧ ਵੀ ਕਰਕੇ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪਾਰਟੀ ਪ੍ਰਧਾਨ ਸੁਖਬੀਰ ਸਿੰਧ ਬਾਦਲ ਵੱਲੋਂ ਪੰਜਾਬ ਦੇ ਉਨ੍ਹਾਂ ਖਿਡਾਰੀਆਂ ਨੂੰ ਕਰੋੜਾਂ ਰੁਪਏ ਤੇ ਨੌਕਰੀਆਂ ਵੀ ਦਿੱਤੀਆਂ ਗਈਆਂ ਸਨ, ਜਿਨ੍ਹਾਂ ਵੱਲੋਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਪ੍ਰਾਪਤ ਕਰਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਗਿਆ ਸੀ।
ਸਵਾਨਾ ਨੇ ਕਿਹਾ ਕਿ ਅੱਜ ਪੰਜਾਬ ਦਾ ਖੇਡ ਵਿਭਾਗ ਖੇਡਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਗੰਭੀਰ ਵਿਖਾਈ ਨਹੀਂ ਦੇ ਰਿਹਾ। ਵਿਭਾਗੀ ਕਰਮਚਾਰੀ ਵਿੱਤੀ ਸੰਕਟ ਦੀ ਦੁਹਾਈ ਦੇ ਕੇ ਹੀ ਆਪਣਾ ਟਾਈਮ ਪਾਸ ਕਰ ਰਹੇ ਹਨ, ਜੋ ਕਿ ਨੌਜਵਾਨ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਕੋਝਾ ਮਜ਼ਾਕ ਹੈ।
ਉਨ੍ਹਾਂ ਪਿੰਡ ਕਰਨੀ ਖੇੜਾ ਦੇ ਕਲੱਬ ਪ੍ਰਧਾਨ ਅਮਨ ਕੁੱਕੜ ਦੇ ਨਾਲ ਕਲੱਬ ਮੈਂਬਰਾਂ ਦੀ ਇਕਸ ਟੂਰਨਾਮੈਂਟ ਨੂੰ ਹਰ ਸਾਲ ਕਰਵਾਉਣ 'ਤੇ ਸ਼ਲਾਘਾ ਕੀਤੀ। ਇਸ ਤੋਂ ਬਾਅਦ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਜੇਤੂ ਟੀਮ ਸੁਰੇਸ਼ ਵਾਲਾ ਨੂੰ 1500 ਰੁਪਏ ਦੇ ਨਾਲ ਜੇਤੂ ਟਰਾਫੀਆਂ ਵੀ ਵੰਡੀਆਂ ਗਈਆਂ। ਅੰਤ 'ਚ ਕਲੱਬ ਦੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਨਰਿੰਦਰਪਾਲ ਸਿੰਘ ਸਵਨਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਸ.ਸਵਨਾ ਦੇ ਨਾਲ ਸੁਰਿੰਦਰ ਕੰਬੋਜ ਜੱਟਵਾਲੀ, ਸ਼ਿਵ ਕੁਮਾਰ ਜਾਜੋਰੀਆ, ਜ਼ਿਲਾ ਮੀਤ ਪ੍ਰਧਾਨ ਭਾਜਪਾ ਯੁਵਾ ਮੋਰਚਾ, ਰਮੇਸ਼ ਕੁਮਾਰ ਖੂੰਗਰ ਮੰਡਲ ਪ੍ਰਧਾਨ ਭਾਜਪਾ ਯੁਵਾ ਮੋਰਚਾ ਤੋਂ ਇਲਾਵਾ ਸੁਰਿੰਦਰ ਕੁਮਾਰ, ਮਨੋਹਰ ਲਾਲ. ਲੱਧੂ ਰਾਮ, ਕ੍ਰਿਸ਼ਨ ਕੁਮਾਰ, ਸੌਰਵ ਚੋਹਾਨ, ਅਮਿਤ ਕੁਮਾਰ ਅਤੇ ਪਿੰਡ ਵਾਸੀ ਹਾਜ਼ਰ ਸਨ।