ਲੋਕ ਅਫ਼ਵਾਹਾਂ ਦੀ ਥਾਂ ਆਪਣੇ ਬੱਚਿਆਂ ਦਾ ਸਿਹਤਮੰਦ ਭਵਿੱਖ ਚੁਣਨ : ਸਿਵਲ ਸਰਜਨ

Thursday, May 17, 2018 - 05:51 PM (IST)

ਲੋਕ ਅਫ਼ਵਾਹਾਂ ਦੀ ਥਾਂ ਆਪਣੇ ਬੱਚਿਆਂ ਦਾ ਸਿਹਤਮੰਦ ਭਵਿੱਖ ਚੁਣਨ : ਸਿਵਲ ਸਰਜਨ


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 1,01,532 ਬੱਚੇ ਖਸਰਾ ਅਤੇ ਰੂਬੇਲਾ ਬਿਮਾਰੀਆਂ ਤੋਂ ਸੁਰੱਖਿਅਤ ਹੋ ਚੁੱਕੇ ਹਨ। ਇਹ ਜਾਣਕਾਰੀ ਜ਼ਿਲੇ ਦੇ ਸਿਵਲ ਸਰਜਨ ਡਾ: ਸੁਖਪਾਲ ਸਿੰਘ ਬਰਾੜ ਅਤੇ ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ ਖੋਸਾ ਨੇ ਦਿੱਤੀ। 
ਇਸ ਮੌਕੇ ਸਿਵਲ ਸਰਜਨ ਡਾ: ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਖਸਰਾ ਅਤੇ ਰੂਬੇਲਾ ਬਿਮਾਰੀਆਂ ਦੀ ਰੋਕਥਾਮ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 1 ਮਈ ਤੋਂ ਵੱਡੀ ਮੁਹਿੰਮ ਵਿੱਢੀ ਗਈ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਬਿਮਾਰੀਆਂ ਨੂੰ ਮਨੁੱਖਤਾ ਤੋਂ ਦੂਰ ਰੱਖਣ ਦਾ ਸਾਧਨ ਹੈ ਅਤੇ ਅਸੀਂ ਟੀਕਾਕਰਨ ਪ੍ਰੋਗਰਾਮਾਂ ਰਾਹੀਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ 'ਤੇ ਕਾਬੂ ਪਾ ਚੁੱਕੇ ਹਾਂ।  ਇਸ ਪ੍ਰੋਗਰਾਮ ਨੂੰ ਜ਼ਿਲੇ ਵਿਚ ਲਾਗੂ ਕਰਨ ਲਈ ਸਿਹਤ ਵਿਭਾਗ ਨੇ ਮਾਹਿਰ ਡਾਕਟਰਾਂ ਦੀ ਟੀਮਾਂ ਬਣਾਈਆਂ ਹਨ ਜੋ ਸਕੂਲਾਂ ਵਿਚ ਜਾ ਕੇ 9 ਮਹੀਨੇ ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ ਕਰ ਰਹੇ ਹਨ। ਇਹ ਟੀਕਾ ਪੂਰੀ ਤਰਾਂ ਨਾਲ ਸੁਰੱਖਿਅਤ ਹੈ ਅਤੇ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਦੇਣ ਦੀ ਬਜਾਏ ਆਪਣੇ ਬੱਚਿਆਂ ਦੀ ਤੰਦਰੁਸਤ ਸਿਹਤ ਦਾ ਫਿਕਰ ਕਰਦਿਆਂ ਇਹ ਟੀਕਾ ਲਗਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ 2,19,105 ਬੱਚਿਆਂ ਦੇ ਇਹ ਟੀਕਾ ਲਗਾਇਆ ਜਾਣਾ ਹੈ। 
ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨੇ ਕਿਹਾ ਕਿ ਸਿੱਖਿਆ ਵਿਭਾਗ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਸਿਹਤ ਵਿਭਾਗ ਨਾਲ ਪੂਰਾ ਸਹਿਯੋਗ ਕਰ ਰਿਹਾ ਹੈ। ਅੱਜ ਲੱਖੇਵਾਲੀ ਦੇ ਇਕ ਪ੍ਰਾਈਵੇਟ ਸਕੂਲ ਵੱਲੋਂ ਸਹਿਯੋਗ ਤੋਂ ਇਨਕਾਰ ਕਰਨ 'ਤੇ ਜ਼ਿਲਾ ਸਿੱਖਿਆ ਅਫ਼ਸਰ ਤੋਂ ਇਲਾਵਾ ਐਸ.ਐਮ. ਓ ਚੱਕ ਸ਼ੇਰੇ ਵਾਲਾ ਡਾ: ਕਿਰਨਜੀਤ ਅਤੇ ਜ਼ਿਲਾ ਟੀਕਾਕਰਨ ਅਫ਼ਸਰ ਡਾ: ਜਾਗ੍ਰਿਤੀ ਚੰਦਰ ਨੇ ਸਕੂਲ ਦਾ ਦੌਰਾ ਕਰਕੇ ਸਕੂਲ ਮੈਨੇਜਮੈਂਟ ਨੂੰ ਇਸ ਟੀਕਾਕਰਨ ਵਿਚ ਸਹਿਯੋਗ ਲਈ ਹਦਾਇਤ ਕੀਤੀ, ਜਿਸ ਤੋਂ ਬਾਅਦ ਸਕੂਲ ਟੀਕਾਕਰਨ ਲਈ ਸਹਿਮਤ ਹੋ ਗਿਆ। 


Related News