ਚੇਨਈ ਤੇ ਹੈਦਰਾਬਾਦ ਵਿਚਾਲੇ IPL-11 ਦੀ ਖਿਤਾਬੀ ਜੰਗ ਅੱਜ

05/27/2018 6:33:12 PM

ਮੁੰਬਈ— ਜ਼ਬਰਦਸਤ ਕ੍ਰਿਕਟ, ਢੇਰ ਸਾਰੇ ਰੋਮਾਂਚ, ਮੌਜ-ਮਸਤੀ ਤੇ ਨਵੇਂ ਅਤੇ ਅਣਜਾਣੇ ਚਿਹਰਿਆਂ ਨੂੰ ਸਟਾਰ ਬਣਾ ਦੇਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਟੂਰਨਾਮੈਂਟ ਦਾ 11ਵਾਂ ਸੈਸ਼ਨ ਐਤਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਜ਼ 'ਚੋਂ ਕਿਸੇ ਇਕ ਨੂੰ ਚੈਂਪੀਅਨ ਬਣਾਉਣ ਨਾਲ ਖਤਮ ਹੋ ਜਾਵੇਗਾ।
ਲੱਗਭਗ ਦੋ ਮਹੀਨਿਆਂ ਤਕ ਚੱਲੀ ਦੁਨੀਆ ਦੀ ਸਭ ਤੋਂ ਪ੍ਰਸਿੱਧ ਘਰੇਲੂ ਟੀ-20 ਲੀਗ 'ਚ ਉਤਰਾਅ-ਚੜ੍ਹਾਅ ਦੇ ਦੌਰ 'ਚੋਂ ਲੰਘਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਦੀ ਕਪਤਾਨੀ ਵਾਲੀ ਹੈਦਰਾਬਾਦ ਫਾਈਨਲ 'ਚ ਪ੍ਰਵੇਸ਼ ਕਰਨ ਵਿਚ ਸਫਲ ਰਹੀ। ਹੈਦਰਾਬਾਦ ਨੇ ਸ਼ੁੱਕਰਵਾਰ ਦੂਜੇ ਕੁਆਲੀਫਾਇਰ 'ਚ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸਾਹ ਰੋਕ ਦੇਣ ਵਾਲੇ ਮੁਕਾਬਲੇ ਵਿਚ 14 ਦੌੜਾਂ ਨਾਲ ਹਰਾਉਂਦਿਆਂ ਫਾਈਨਲ 'ਚ ਜਗ੍ਹਾ ਬਣਾਈ ਸੀ।
ਦਿਲਚਸਪ ਗੱਲ ਇਹ ਹੈ ਕਿ ਦੋਵੇਂ ਟੀਮਾਂ ਪਹਿਲੇ ਕੁਆਲੀਫਾਇਰ ਤੋਂ ਫਾਈਨਲ ਤਕ ਦੇ ਛੇ ਦਿਨਾਂ ਦੇ ਸਫਰ 'ਚ ਦੂਜੀ ਵਾਰ ਭਿੜਨ ਜਾ ਰਹੀਆਂ ਹਨ ਪਰ ਇਸ ਵਾਰ ਉਨ੍ਹਾਂ ਵਿਚਾਲੇ ਮੁੱਦਾ ਖਿਤਾਬ ਹੈ। ਆਈ. ਪੀ. ਐੱਲ. ਦੇ ਗਰੁੱਪ ਗੇੜ ਵਿਚ ਚੋਟੀ 'ਤੇ ਰਹੀ ਹੈਦਰਾਬਾਦ ਤੇ ਦੂਜੇ ਨੰਬਰ 'ਤੇ ਰਹੀ ਚੇਨਈ ਵਿਚਾਲੇ ਇਸ ਸਾਲ ਸਫਰ ਬੇਹੱਦ ਰੋਮਾਂਚਕ ਵੀ ਰਿਹਾ ਹੈ, ਜਿਥੇ ਦੋਵਾਂ ਨੇ ਹੀ ਇਕ-ਦੂਜੇ ਨੂੰ ਸਭ ਤੋਂ ਵੱਧ ਚੁਣੌਤੀ ਦਿੱਤੀ ਹੈ।
ਚੇਨਈ ਨੇ 13 ਮਈ ਨੂੰ ਪੁਣੇ ਵਿਚ ਹੈਦਰਾਬਾਦ ਨੂੰ ਗਰੁੱਪ ਮੈਚ ਵਿਚ 8 ਵਿਕਟਾਂ ਨਾਲ ਹਰਾਉਂਦਿਆਂ ਪੇਲਅ ਆਫ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਸੀ ਤਾਂ ਪਹਿਲੇ ਕੁਆਲੀਫਾਇਰ ਵਿਚ ਵੀ ਦੋਵਾਂ ਵਿਚਾਲੇ ਹੀ ਮੁਕਾਬਲਾ ਹੋਇਆ ਤੇ ਇਸ ਵਾਰ ਫਿਰ ਮਾਹੀ ਦੀ ਟੀਮ ਨੇ ਬਾਜ਼ੀ ਮਾਰੀ ਤੇ ਵਾਨਖੇੜੇ 'ਚ ਹੋਏ ਮੈਚ ਵਿਚ ਦੋ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਸਿੱਧੇ ਫਾਈਨਲ 'ਚ ਪਹੁੰਚ ਗਈ। ਦੋਵਾਂ ਵਿਚਾਲੇ ਇਹ ਲਗਾਤਾਰ ਤੀਜਾ, ਜਦਕਿ ਮੁੰਬਈ ਦੇ ਵਾਨਖੇੜੇ ਮੈਦਾਨ 'ਚ ਲਗਾਤਾਰ ਦੂਜਾ ਮੈਚ ਹੈ, ਹਾਲਾਂਕਿ ਇਸ ਵਾਰ ਫੈਸਲਾ ਆਈ. ਪੀ. ਐੱਲ.-2018 ਦੇ ਚੈਂਪੀਅਨ ਬਣਨ ਦਾ ਹੈ।
ਖਿਤਾਬੀ ਮੁਕਾਬਲਾ ਆਈ. ਪੀ. ਐੱਲ.-2018 ਦੀਆਂ ਦੋ ਚੋਟੀ ਦੀਆਂ ਅਤੇ ਤਜਰਬੇਕਾਰ ਟੀਮਾਂ ਵਿਚਾਲੇ ਨਿਸ਼ਚਿਤ ਹੀ ਚੁਣੌਤੀਪੂਰਨ ਮੰਨਿਆ ਜਾ ਰਿਹਾ ਹੈ ਪਰ ਇਹ ਵੀ ਸੱਚ ਹੈ ਕਿ ਹੈਦਰਾਬਾਦ ਦੀ ਟੀਮ ਆਪਣੇ ਕਮਾਲ ਦੇ ਪ੍ਰਦਰਸ਼ਨ ਦੇ ਬਾਵਜੂਦ ਮੌਜੂਦਾ ਸੈਸ਼ਨ 'ਚ ਧੋਨੀ ਦੀ ਚੇਨਈ ਦੇ ਚੱਕਰਵਿਊ ਨੂੰ ਤੋੜ ਨਹੀਂ ਸਕੀ। ਦੋਵੇਂ ਟੀਮਾਂ ਫਾਈਨਲ ਸਣੇ ਇਸ ਸੈਸ਼ਨ ਵਿਚ ਚੌਥੀ ਵਾਰ ਇਕ-ਦੂਜੇ ਦਾ ਸਾਹਮਣਾ ਕਰਨ ਉਤਰਨਗੀਆਂ, ਜਦਕਿ ਪਿਛਲੇ ਤਿੰਨ ਮੈਚਾਂ 'ਚ ਚੇਨਈ ਨੇ ਹੈਦਰਾਬਾਦ ਨੂੰ 4 ਦੌੜਾਂ ਨਾਲ, ਪੁਣੇ 'ਚ 8 ਵਿਕਟਾਂ ਨਾਲ ਅਤੇ ਮੁੰਬਈ 'ਚ 2 ਵਿਕਟਾਂ ਨਾਲ ਹਰਾਇਆ ਹੈ।
ਹੈਦਰਾਬਾਦ ਲਈ ਵਾਨਖੇੜੇ 'ਚ ਚੇਨਈ ਤੋਂ ਪਿਛਲਾ ਸਾਰਾ ਹਿਸਾਬ ਬਰਾਬਰ ਕਰਨ ਦਾ ਮੌਕਾ ਤਾਂ ਹੋਵੇਗਾ ਪਰ ਪਿਛਲੇ ਰਿਕਾਰਡ ਦਾ ਮਨੋਵਿਗਿਆਨਿਕ ਦਬਾਅ ਵੀ ਰਹੇਗਾ। ਹਾਲਾਂਕਿ ਦੂਜੇ ਕੁਆਲੀਫਾਇਰ 'ਚ ਅਵਿਸ਼ਵਾਸਯੋਗ ਖੇਡ ਦਿਖਾਉਣ ਵਾਲੀ ਹੈਦਰਾਬਾਦ ਦਾ ਵੀ ਆਪਣੀ ਜਿੱਤ ਨਾਲ ਭਰੋਸਾ ਪਰਤਿਆ ਹੈ ਅਤੇ ਅੰਤ 'ਚ ਜਿੱਤਣ ਵਾਲੇ ਨੂੰ ਹੀ ਜੇਤੂ ਮੰਨਿਆ ਜਾਂਦਾ ਹੈ, ਅਜਿਹੀ ਹਾਲਤ 'ਚ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਆਪਣੇ ਸੁਪਰਸਟਾਰ  ਖਿਡਾਰੀਆਂ ਦੇ ਦਮ 'ਤੇ ਚੇਨਈ ਨੂੰ ਆਖਰੀ ਦਾਅ 'ਚ ਮਾਤ ਦੇ ਦੇਵੇ।
ਸਾਲ 2010 ਤੇ 2011 ਦੀ ਚੈਂਪੀਅਨ ਚੇਨਈ ਜਿਥੇ ਦੋ ਸਾਲਾਂ ਦੀ ਮੁਅੱਤਲੀ ਤੋਂ ਬਾਅਦ ਕੌੜੀਆਂ ਯਾਦਾਂ ਨੂੰ ਭੁਲਾਉਂਦੇ ਹੋਏ ਖਿਤਾਬੀ ਹੈਟ੍ਰਿਕ ਦਾ ਸੁਪਨਾ ਦੇਖ ਰਹੀ ਹੈ ਤਾਂ ਹੈਦਰਾਬਾਦ ਸਾਲ 2016 ਦੀ ਚੈਂਪੀਅਨ ਹੈ ਅਤੇ ਦੂਜੀ ਵਾਰ ਖਿਤਾਬ 'ਤੇ ਕਬਜ਼ਾ ਕਰਨ ਲਈ ਖੇਡ ਰਹੀ ਹੈ। ਆਈ. ਪੀ. ਐੱਲ. ਦੀਆਂ ਸਭ ਤੋਂ ਸਫਲ ਟੀਮਾਂ 'ਚ ਸ਼ਾਮਲ ਚੇਨਈ ਕੋਲ ਚੰਗਾ ਟੀਮ ਸੰਯੋਜਨ ਹੈ।


Related News