ਦਲੀਲ ਹਰ ਮਸਲੇ ਦਾ ਹੱਲ ਹੈ, ਹਥਿਆਰ ਕਿਸੇ ਮਸਲੇ ਦਾ ਹੱਲ ਨਹੀਂ: ਢੱਡਰੀਆਂ ਵਾਲੇ

05/26/2018 6:36:39 PM

ਸ੍ਰੀ ਅਨੰਦਪੁਰ ਸਾਹਿਬ (ਸਮਸ਼ੇਰ ਸਿੰਘ ਡੂੰਮੇਵਾਲ)— ਸਿੱਖ ਕੌਮ ਦੇ ਸਿਰਮੌਰ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵਰਤਮਾਨ ਦੌਰ 'ਚ ਚੱਲ ਰਹੇ ਵਿਵਾਦ ਦੇ ਸੰਦਰਭ 'ਚ ਤਰਕ ਪ੍ਰਗਟਾਉਦਿਆਂ ਕਿਹਾ ਹੈ ਕਿ ਹਰ ਵੱਡੇ ਤੋਂ ਵੱਡਾ ਮਸਲਾ ਦਲੀਲ ਰਾਹੀਂ ਹੱਲ ਕੀਤਾ ਜਾ ਸਕਦਾ ਹੈ ਪਰ ਹਠ ਅਤੇ ਦਲੀਲ ਕਦੇ ਵੀ ਬਲਵਾਨ ਨਹੀਂ ਰਹਿੰਦੀ। ਗੁਰੂ ਜੀ ਨੇ ਤਾਮਾਮ ਵਸੀਲੇ ਖਤਮ ਹੋਣ ਅਤੇ ਜ਼ਬਰ ਦੇ ਖਿਲਾਫ ਹਥਿਆਰ ਚੁੱਕਣ ਨੂੰ ਜਿੱਥੇ ਵਾਜਿਬ ਠਹਿਰਾਇਆ ਹੈ, ਉੱਥੇ ਹੀ ਨਿਜਤਵ ਅਤੇ ਹਿਉਮੈਪ੍ਰਸਤੀ ਲਈ ਬੇਕਸੂਰ ਅਤੇ ਨਿਤਾਣੇ ਲੋਕਾਂ 'ਤੇ ਹਥਿਆਰ ਦੀ ਵਰਤੋਂ ਨੂੰ ਸਿਧਾਂਤ ਦੇ ਉਲਟ ਦੱਸਿਆ ਹੈ। ਮੈਂ ਦਲੀਲ ਨਾਲ ਕੌਮੀ ਅਤੇ ਸਿਧਾਂਤਕ ਹਰ ਮਸਲੇ ਪ੍ਰਤੀ ਗੁਰੂ ਕੀ ਸੰਗਤ ਨੂੰ ਜੁਆਬਦੇਹ ਹਾਂ। 
'ਜਗ ਬਾਣੀ' ਨਾਲ ਵਿਸੇਸ਼ ਗੱਲਬਾਤ ਦੌਰਾਨ ਭਾਈ ਰਣਜੀਤ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਮੈਂ ਕਦੇ ਵੀ ਗੁਰੂ ਘਰ ਦੇ ਸਰੋਵਰਾਂ ਅਤੇ ਗੁਰੂ ਦੇ ਲੰਗਰਾਂ ਦੇ ਖਿਲਾਫ ਕੋਈ ਗੈਰ ਸਿਧਾਂਤਕ ਟਿੱਪਣੀ ਨਹੀਂ ਕੀਤੀ ਅਤੇ ਨਾ ਹੀ ਕਿਸੇ ਕੋਲ ਇਸ ਦਾ ਕੋਈ ਸਬੂਤ ਹੈ ਪਰ ਜੇ ਮੈਂ ਸੰਗਤਾਂ ਨੂੰ ਕਥਾ ਵਿਚਾਰ 'ਚ ਇਹ ਕਹਿ ਦਿੱਤਾ ਕਿ ਜੇ ਪਵਿੱਤਰ ਸਰੋਵਰ 'ਚੋਂ ਘਰਾਂ ਨੂੰ ਤੁਸੀਂ ਪਾਣੀ ਲਿਆਉਂਦੇ ਹੋ ਤਾਂ ਬਾਣੀ ਵੀ ਲਿਜਾਇਆ ਕਰੋ। ਜੇ ਤੁਹਾਡੀਆਂ ਰਸਦਾਂ ਵਸਤਾਂ 'ਚੋਂ ਗੁਰੂ ਦਾ ਲੰਗਰ ਚੱਲਦਾ ਹੈ ਤਾਂ ਇਸ 'ਚ ਵਾਧਾ ਕਰਕੇ ਇਨਾਂ ਲੰਗਰਾਂ 'ਚ ਸੰਗਤਾਂ ਲਈ ਹੋਰ ਸਹੂਲਤਾਂ ਵੀ ਸ਼ਾਮਲ ਕਰੋ ਤਾਂ ਇਸ 'ਚ ਸਿਧਾਂਤ ਦੇ ਉਲਟ ਕੀ ਹੈ?
ਉਨ੍ਹਾਂ ਨੇ ਇਤਿਹਾਸਕ ਹਵਾਲਾ ਦਿੰਦੇ ਹੋਏ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਪ੍ਰਿਥੀ ਚੰਦ ਭਾਂਵੇ ਦੋਵੇਂ ਹੀ ਸ੍ਰੀ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ ਪਰ ਉਨ੍ਹਾਂ ਦੀ ਵਿਚਾਰਧਾਰਾ ਅੱਡ-ਅੱਡ ਸੀ ਪਰ ਇਤਿਹਾਸ 'ਚ ਇਹ ਕਦੇ ਨਹੀਂ ਆਇਆ ਕਿ ਉਨ੍ਹਾਂ ਆਪੋ ਆਪਣੀ ਵਿਚਾਰਧਾਰਾ ਲਾਗੂ ਕਰਵਾਉਣ ਲਈ ਭਰਾ ਮਾਰੂ ਜੰਗ ਨੂੰ ਤਰਜੀਹ ਦਿੱਤੀ ਹੋਵੇ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਤ ਰਹਿਤ ਮਰਿਆਦਾ ਦੇ ਮਹੁਤਾਜ ਰਹਿ ਕੇ ਹੀ ਪ੍ਰਚਾਰ ਕੀਤਾ ਹੈ। ਕੁਝ ਧਿਰਾਂ ਨੂੰ ਮੇਰਾ ਪ੍ਰਚਾਰ ਚੰਗਾ ਨਹੀਂ ਲੱਗਦਾ ਅਤੇ ਬਹੁਤੇ ਪ੍ਰਚਾਰਕਾਂ ਦੇ ਪ੍ਰਚਾਰ ਨਾਲ ਹੋ ਸਕਦਾ ਮੈਂ ਵੀ ਸਹਿਮਤ ਨਾ ਹੋਵਾਂ ਪਰ ਕੀ ਇਸ ਵਿਚਾਰਕ ਮੁੱਦੇ ਨੂੰ ਹਥਿਆਰਾਂ ਨਾਲ ਹੱਲ ਕਰਵਾਇਆ ਜਾ ਸਕਦਾ ਹੈ? ਉਨ੍ਹਾਂ ਨੇ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਉਦੋ ਹੀ ਸੰਭਵ ਹੋ ਸਕਦੀ ਹੈ ਜਦੋ ਪੰਥ 'ਚੋਂ ਗੁੰਡਾਗਰਦੀ ਕਲਚਰ ਖਤਮ ਨਹੀ ਹੋ ਜਾਂਦਾ। ਪੰਥ ਹਮੇਸ਼ਾ ਹਲੀਮੀ ਅਤੇ ਸ਼ਬਦ ਗੁਰੂ ਸਿਧਾਂਤ ਦਾ ਪ੍ਰਤੀਕ ਰਿਹਾ ਹੈ। ਮੈਂ ਸ਼ਬਦ ਗੁਰੂ ਦੇ ਸਿਧਾਂਤ ਅਤੇ ਜਿੰਦਗੀ ਦੇ ਅੰਤਿਮ ਸੁਆਸਾਂ ਤੱਕ ਪਹਿਰਾ ਦੇਵਾਂਗਾ। ਇਸ ਮੌਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਇਲਾਵਾ ਰਵਿੰਦਰ ਸਿੰਘ ਬਸੀ, ਹਰਤੇਗਬੀਰ ਸਿੰਘ ਤੇਗੀ, ਇਕਬਾਲ ਸਿੰਘ ਗੰਭੀਰਪੁਰ, ਬਰਜਿੰਦਰ ਸਿੰਘ ਡੂੰਮੇਵਾਲ ਆਦਿ ਵੀ ਮੌਜੂਦ ਸਨ।


Related News