ਬੈਂਕ ਹੜਤਾਲ ਕਾਰਨ 2000 ਕਰੋੜ ਦਾ ਕਾਰੋਬਾਰ ਹੋਇਆ ਪ੍ਰਭਾਵਿਤ
Friday, Jun 01, 2018 - 01:28 AM (IST)

ਜਲੰਧਰ,(ਅਮਿਤ)— 10 ਲੱਖ ਬੈਂਕ ਕਰਮਚਾਰੀ ਵੀਰਵਾਰ ਨੂੰ ਲਗਾਤਾਰ ਦੂਸਰੇ ਦਿਨ ਵੀ ਹੜਤਾਲ 'ਤੇ ਰਹੇ। ਇਸ ਦੌਰਾਨ ਸ਼ਹਿਰ ਦੀਆਂ 360 ਅਤੇ ਜ਼ਿਲੇ ਦੀਆਂ 860 ਬ੍ਰਾਂਚਾਂ 'ਚ ਕੰਮਕਾਜ ਪੂਰੀ ਤਰ੍ਹਾਂ ਨਾਲ ਠੱਪ ਰਿਹਾ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਦੇ ਅੰਮ੍ਰਿਤ ਲਾਲ ਨੇ ਦੱਸਿਆ ਕਿ ਵੱਖ-ਵੱਖ ਬੈਂਕਾਂ ਦੇ ਲਗਭਗ 2500 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀਰਵਾਰ ਨੂੰ ਪਹਿਲਾਂ ਆਪਣੀਆਂ-ਆਪਣੀਆਂ ਬ੍ਰਾਂਚਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਉਪਰੰਤ ਸਾਰੇ ਲੋਕ ਐੱਸ. ਬੀ. ਆਈ. ਦੀ ਮੁੱਖ ਬ੍ਰਾਂਚ ਦੇ ਸਾਹਮਣੇ ਇਕੱਠੇ ਹੋਏ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਬੈਂਕ ਹੜਤਾਲ ਕਾਰਨ ਜ਼ਿਲੇ ਵਿਚ ਲਗਭਗ 1000 ਕਰੋੜ ਦੇ 50 ਹਜ਼ਾਰ ਚੈੱਕ ਰੁਕੇ ਅਤੇ 1000 ਕਰੋੜ ਦੀ ਕੈਸ਼ ਟ੍ਰਾਂਜ਼ੈਕਸ਼ਨ ਪ੍ਰਭਾਵਿਤ ਹੋਈ। ਉਨ੍ਹਾਂ ਕਿਹਾ ਦੋ ਦਿਨਾਂ ਦੀ ਹੜਤਾਲ ਕਾਰਨ ਕੁੱਲ ਮਿਲਾ ਕੇ 2000 ਕਰੋੜ ਦਾ ਕਾਰੋਬਾਰ ਪ੍ਰਭਾਵਿਤ ਹੋਇਆ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹੜਤਾਲ ਭਵਿੱਖ 'ਚ ਵੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸਕੇਲ 4 ਤੋਂ ਸਕੇਲ 7 ਦੀ ਵੇਜ ਰਿਵੀਜ਼ਨ ਦੀ ਮੰਗ ਰੱਖੀ ਗਈ ਹੈ। ਰੋਸ-ਪ੍ਰਦਰਸ਼ਨ ਦੌਰਾਨ ਆਰ. ਕੇ. ਗੁਪਤਾ, ਚਰਨਜੀਤ ਸਿੰਘ, ਪਵਨ ਬੱਸੀ, ਸੰਜੀਵ ਭੱਲਾ, ਬਲਜੀਤ ਕੌਰ, ਆਰ. ਕੇ. ਧਵਨ, ਦਲੀਪ ਕੁਮਾਰ ਸ਼ਰਮਾ, ਵਿਨੋਦ ਸ਼ਰਮਾ, ਕੇ. ਕੇ. ਪਾਲ, ਦਿਨੇਸ਼ ਡੋਗਰਾ, ਐੱਚ.ਐੱਸ. ਬੀਰ, ਰਾਜ ਕੁਮਾਰ ਭਗਤ, ਵਿਨੇ ਡੋਗਰਾ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ। ਰੋਸ ਪ੍ਰਦਰਸ਼ਨ ਦੌਰਾਨ ਯੂਨੀਅਨ ਲੀਡਰਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਰੋਸ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤਾ ਜਾਵੇਗਾ।