ਆਈ. ਬੀ. ਏ. ਦੇ ਵਿਰੋਧ ''ਚ ਬੈਂਕ ਕਰਮਚਾਰੀਆਂ ਦੀ 2 ਦਿਨਾ ਹੜਤਾਲ ਸ਼ੁਰੂ
Thursday, May 31, 2018 - 05:25 AM (IST)
ਕਪੂਰਥਲਾ, (ਗੁਰਵਿੰਦਰ ਕੌਰ)- ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦੇ ਸੱਦੇ 'ਤੇ ਕਪੂਰਥਲਾ ਦੇ ਸਾਰੇ ਬੈਂਕ ਕਰਮਚਾਰੀ ਤੇ ਅਧਿਕਾਰੀਆਂ ਨੇ 30 ਤੇ 31 ਮਈ ਦੀ ਦੇਸ਼ ਵਿਆਪੀ 48 ਘੰਟਿਆਂ ਦੀ ਲਗਾਤਾਰ ਹੜਤਾਲ 'ਚ ਭਾਗ ਲੈਂਦੇ ਹੋਏ ਸਟੇਟ ਬੈਂਕ ਆਫ ਇੰਡੀਆ ਮਾਲ ਰੋਡ ਕਪੂਰਥਲਾ ਦੇ ਸਾਹਮਣੇ ਰੋਸ-ਪ੍ਰਦਰਸ਼ਨ ਕੀਤਾ ਤੇ ਉਨ੍ਹਾਂ ਨੇ ਆਈ. ਬੀ. ਏ. ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਕਪੂਰਥਲਾ ਬੈਂਕ ਇੰਪਲਾਈਜ਼ ਫੈੱਡਰੇਸ਼ਨ ਦੇ ਜਨਰਲ ਸਕੱਤਰ ਰਾਜਨ ਬਾਬੂ ਨੇ ਦੱਸਿਆ ਕਿ ਬੈਂਕ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਤਨਖਾਹ 'ਚ ਵਾਧਾ, ਜਿਹੜਾ ਕਿ 1 ਨਵੰਬਰ 2017 ਤੋਂ ਪੈਂਡਿੰਗ ਹੈ, ਸਬੰਧੀ ਆਈ. ਬੀ. ਏ. ਨੇ 7 ਮਹੀਨਿਆਂ ਬਾਅਦ 5 ਮਈ 2018 ਨੂੰ ਸਿਰਫ 2 ਫੀਸਦੀ ਦੇ ਵਾਧੇ ਦੀ ਆਫਰ ਕਰ ਕੇ ਉਨ੍ਹਾਂ ਨਾਲ ਭੱਦਾ ਮਜ਼ਾਕ ਕੀਤਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ 2 ਦਿਨਾਂ ਦੀ ਹੜਤਾਲ 'ਤੇ ਜਾਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੜਤਾਲ ਕਰ ਕੇ ਆਪਣੀ ਤਨਖਾਹ ਕੱਟਵਾਉਣ ਦਾ ਕੋਈ ਸ਼ੌਕ ਨਹੀਂ ਹੈ ਪਰ ਉਨ੍ਹਾਂ ਨੂੰ ਹੜਤਾਲ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਦੇਖਾ ਕੀਤਾ ਜਾ ਰਿਹਾ ਹੈ।
ਇਸ ਸਮੇਂ ਜੇ. ਐੱਸ. ਟੌਹਰਾ, ਆਰ. ਕੇ. ਕੌਸ਼ਲ, ਸ਼ਾਮ ਸੁੰਦਰ ਗੁਪਤਾ ਤੇ ਅਸ਼ਵਨੀ ਭੱਲਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਨੂੰ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਅਨਿਲ ਵਰਮਾ, ਗਗਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਰੂਬਨ, ਜਸਮੀਨ, ਜਸਕਿਰਨ ਕੌਰ, ਹਰਜਿੰਦਰ ਕੌਰ, ਜਸਵਿੰਦਰ ਕੌਰ, ਬਲਕਾਰ, ਇੰਦਰ, ਕਿਸ਼ੋਰ ਕੁਮਾਰ, ਖੇਮਦੀਪ ਖੁੱਲਰ, ਅਮਿਤ, ਕੁਲਵਿੰਦਰ ਸਿੰਘ, ਨਿਸ਼ਾਂਤ, ਆਸ਼ਾ ਭਾਟੀਆ, ਰਾਣੀ ਸੇਤੀਆ, ਸੰਗੀਤਾ, ਜਸਵੰਤ, ਰਜਿੰਦਰ ਪਾਂਡੇ, ਸਤਨਾਮ ਸਿੰਘ, ਸਰਬਜੀਤ ਕੌਰ, ਸੋਨੀਆ, ਨੂਪੁਰ, ਮੁਕੇਸ਼ ਕੁਮਾਰ ਸ਼ਰਮਾ, ਰਾਕੇਸ਼ ਵਾਲੀਆ ਤੇ ਅੰਸ਼ੂ ਪਾਂਡੇ ਆਦਿ ਹਾਜ਼ਰ ਸਨ।
