ਬਾਲਾ ਜੀ ਕਾਲੋਨੀ ਦੀ ਕੰਧ ਤੋੜਨ ''ਤੇ ਹੋਇਆ ਵਿਵਾਦ, ਪੁਲਸ ਨੇ ਸ਼ੁਰੂ ਕੀਤੀ ਕਾਰਵਾਈ

Tuesday, May 22, 2018 - 10:50 AM (IST)

ਬਾਲਾ ਜੀ ਕਾਲੋਨੀ ਦੀ ਕੰਧ ਤੋੜਨ ''ਤੇ ਹੋਇਆ ਵਿਵਾਦ, ਪੁਲਸ ਨੇ ਸ਼ੁਰੂ ਕੀਤੀ ਕਾਰਵਾਈ

ਮਾਨਸਾ (ਜੱਸਲ)-ਸ਼ਹਿਰ ਦੇ ਚਕੇਰੀਆਂ ਰੋਡ ਸਥਿਤ ਵਾਰਡ ਨੰਬਰ 11 'ਚ ਪੈਂਦੀ ਬਾਲਾ ਜੀ ਕਾਲੋਨੀ ਦੀ ਕੰਧ ਤੋੜਨ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਲੋਨੀ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਵਿਅਕਤੀ ਇਹ ਕੰਧ ਤੋੜ ਕੇ ਇਸ 'ਚ ਹੋਰ ਜ਼ਮੀਨ ਮਿਲਾ ਕੇ ਮਕਾਨਾਂ ਦੀ ਉਸਾਰੀ ਕਰਨਾ ਚਾਹੁੰਦੇ ਹਨ ਜਦਕਿ ਨਿਯਮਾਂ ਮੁਤਾਬਕ ਅਜਿਹਾ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਵੱਡੀ ਗਿਣਤੀ 'ਚ ਵਾਰਡ ਵਾਸੀ ਥਾਣਾ ਸਿਟੀ-2 ਮਾਨਸਾ ਵਿਖੇ ਪਹੁੰਚੇ ਤੇ ਪੁਲਸ ਨੂੰ ਤੋੜੀ ਹੋਈ ਕੰਧ ਦਾ ਮੌਕਾ ਦਿਖਾਇਆ।
   ਵਾਰਡ ਵਾਸੀ ਸਤੀਸ਼ ਕੁਮਾਰ, ਗੋਪਾਲ ਕ੍ਰਿਸ਼ਨ ਰਾਜੂ, ਗੁਰਤੇਜ ਸਿੰਘ, ਬਿੱਕਰ ਸਿੰਘ, ਅਸ਼ੋਕ ਸਿੰਗਲਾ, ਬਿੱਟੂ, ਸੱਤਪਾਲ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਇਹ ਕਾਲੋਨੀ ਕੱਟੀ ਗਈ ਸੀ, ਜਿਸ ਦੀ ਚਾਰਦੀਵਾਰੀ ਕਰ ਕੇ ਲੋਕਾਂ ਨੇ ਇੱਥੇ ਆਪਣੇ ਘਰਾਂ ਦਾ ਨਿਰਮਾਣ ਕੀਤਾ ਪਰ ਹੁਣ ਕੁਝ ਵਿਅਕਤੀਆਂ ਨੇ ਕਾਲੋਨੀ ਦੇ ਨਾਲ ਲੱਗਦੀ ਦੋ ਕਿੱਲੇ ਜ਼ਮੀਨ ਲੈ ਕੇ ਉਸ ਨੂੰ ਇਸ ਕਾਲੋਨੀ 'ਚ ਮਿਲਾਉਣ ਦੇ ਮਕਸਦ ਨਾਲ ਇਸ ਦੀ ਕੰਧ ਤੋੜ ਦਿੱਤੀ ਤਾਂ ਜੋ ਇਸ ਜ਼ਮੀਨ 'ਤੇ ਮਕਾਨਾਂ ਦੀ ਉਸਾਰੀ ਕਰ ਕੇ ਉਸ ਨੂੰ ਕਾਲੋਨੀ ਦਾ ਹਿੱਸਾ ਦਿਖਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਧੱਕੇਸ਼ਾਹੀ ਹੈ, ਇਸ ਨੂੰ ਵਾਰਡ ਵਾਸੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਵਿਅਕਤੀ ਮੋਟੇ ਮੁਨਾਫੇ ਲਈ ਇਹ ਸਭ ਕੁਝ ਕਰ ਰਹੇ ਹਨ, ਜਿਸ ਨੂੰ ਵਾਰਡ ਵਾਸੀ ਸਫਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੰਧ ਨੂੰ ਤੋੜਨ ਨਾਲ ਉਨ੍ਹਾਂ ਦੇ ਘਰਾਂ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਗਿਆ ਹੈ।  ਥਾਣਾ ਸਿਟੀ-2 ਮਾਨਸਾ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਪੁਲਸ ਨੇ ਇਸ ਦਾ ਮੌਕਾ ਦੇਖਿਆ ਹੈ। ਵਾਰਡ ਵਾਸੀਆਂ ਦੇ ਕਹਿਣ ਮੁਤਾਬਿਕ ਇਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ।


Related News