ਪਾਕਿਸਤਾਨ ''ਚ ਹਿੰਦੂਆਂ ਅਤੇ ਘੱਟਗਿਣਤੀਆਂ ''ਤੇ ਅੱਤਿਆਚਾਰ ਜਾਰੀ

05/27/2018 1:04:34 AM

ਜਿਥੇ ਪਾਕਿਸਤਾਨ ਸਰਕਾਰ ਅਤੇ ਉਸ ਦੀ ਫੌਜ ਭਾਰਤ ਵਿਚ ਆਪਣੇ ਪਾਲ਼ੇ ਹੋਏ ਅੱਤਵਾਦੀਆਂ ਤੋਂ ਲਗਾਤਾਰ ਹਿੰਸਾ ਕਰਵਾ ਰਹੀ ਹੈ, ਉਥੇ ਹੀ ਦੂਜੇ ਪਾਸੇ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਰਹਿ ਗਏ ਹਿੰਦੂ, ਸਿੱਖ, ਈਸਾਈ, ਹਾਜਰਾ ਅਤੇ ਅਹਿਮਦੀਆ ਘੱਟਗਿਣਤੀਆਂ ਵਿਰੁੱਧ ਹਿੰਸਾ, ਧਰਮ ਪਰਿਵਰਤਨ, ਨਾਬਾਲਗ ਘੱਟਗਿਣਤੀ ਕੰਨਿਆਵਾਂ ਦੇ ਅਗ਼ਵਾ, ਬਲਾਤਕਾਰ ਅਤੇ ਜ਼ਬਰਦਸਤੀ ਵਿਆਹਾਂ ਦਾ ਸਿਲਸਿਲਾ ਜਾਰੀ ਹੈ। 
ਪਾਕਿਸਤਾਨ ਵਿਚ ਅਹਿਮਦੀਆਂ ਦੀਆਂ ਧਾਰਮਿਕ ਸਰਗਰਮੀਆਂ 'ਤੇ ਰੋਕ ਲੱਗੀ ਹੋਈ ਹੈ। ਘੱਟਗਿਣਤੀਆਂ ਤੋਂ ਬੇਗਾਰ ਕਰਵਾਈ ਜਾਂਦੀ ਹੈ ਤੇ ਟਾਰਚਰ ਕੀਤਾ ਜਾਂਦਾ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਤਕ ਹੋ ਜਾਂਦੀ ਹੈ। ਉਨ੍ਹਾਂ ਨੂੰ ਨਾ ਤਾਂ ਆਸਾਨੀ ਨਾਲ ਰੋਜ਼ਗਾਰ ਮਿਲਦਾ ਹੈ ਤੇ ਨਾ ਹੀ ਆਪਣਾ ਕੰਮ-ਧੰਦਾ ਸ਼ੁਰੂ ਕਰਨ ਲਈ ਕਰਜ਼ਾ। ਇਹੋ ਨਹੀਂ, ਸਕੂਲਾਂ ਵਿਚ ਵੀ ਘੱਟਗਿਣਤੀਆਂ ਵਿਰੁੱਧ ਨਫਰਤ ਦਾ ਪਾਠ ਪੜ੍ਹਾਇਆ ਜਾਂਦਾ ਹੈ। 
ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ 'ਸਟੇਟ ਆਫ ਹਿਊਮਨ ਰਾਈਟਸ ਇਨ 2017' ਅਨੁਸਾਰ, ''ਦੇਸ਼ ਦੀ ਫੌਜ ਦੀ ਆਲੋਚਨਾ ਜਾਂ ਭਾਰਤ ਨਾਲ ਚੰਗੇ ਸਬੰਧਾਂ ਦੀ ਵਕਾਲਤ ਕਰਨ ਕਰ ਕੇ ਪਾਕਿਸਤਾਨ ਵਿਚ ਘੱਟਗਿਣਤੀਆਂ ਦਾ ਗਾਇਬ ਹੋਣਾ ਜਾਰੀ ਹੈ। ਈਸ਼ਨਿੰਦਾ ਦੇ ਝੂਠੇ ਦੋਸ਼ਾਂ ਨੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਦਿੱਤਾ ਹੈ।''
''ਸਰਕਾਰ ਦੇ ਘੱਟਗਿਣਤੀਆਂ 'ਤੇ ਅੱਤਿਆਚਾਰ ਤੇ ਹਿੰਸਾ ਰੋਕਣ ਵਿਚ ਨਾਕਾਮ ਰਹਿਣ ਕਾਰਨ ਉਥੇ ਇਨ੍ਹਾਂ ਦੀ ਗਿਣਤੀ ਘਟ ਰਹੀ ਹੈ। ਕੱਟੜਪੰਥੀ ਪਾਕਿਸਤਾਨ ਦੀ ਵਿਸ਼ੇਸ਼ ਇਸਲਾਮਿਕ ਪਛਾਣ ਬਣਾਉਣ 'ਤੇ ਉਤਾਰੂ ਹਨ ਅਤੇ ਸਰਕਾਰ ਨੇ ਉਨ੍ਹਾਂ ਨੂੰ ਪੂਰੀ ਛੋਟ ਦਿੱਤੀ ਹੋਈ ਹੈ।''
ਇਕੱਲੇ ਸਿੰਧ ਸੂਬੇ ਵਿਚ ਹੀ 2010 ਤੋਂ ਹੁਣ ਤਕ 1200 ਤੋਂ ਜ਼ਿਆਦਾ ਲੋਕਾਂ ਨੂੰ ਅਗ਼ਵਾ ਕੀਤਾ ਜਾ ਚੁੱਕਾ ਹੈ ਅਤੇ ਹਾਲਤ ਇਹ ਹੈ ਕਿ ਇਕੱਲੇ ਮਈ 2018 ਵਿਚ ਹੀ 5 ਹਿੰਦੂਆਂ ਸਮੇਤ ਘੱਟਗਿਣਤੀ ਭਾਈਚਾਰੇ ਦੇ 13 ਵਿਅਕਤੀਆਂ ਦੀ ਹੱਤਿਆ ਕੀਤੀ ਗਈ। 
ਇਸੇ ਸਾਲ 25 ਮਾਰਚ ਨੂੰ ਸਿੰਧ ਦੇ ਮਾਤਲੀ ਜ਼ਿਲੇ ਵਿਚ 500 ਹਿੰਦੂਆਂ ਨੂੰ ਇਸਲਾਮ ਕਬੂਲ ਕਰਵਾਇਆ ਗਿਆ। ਇਨ੍ਹਾਂ 'ਚ ਜ਼ਿਆਦਾਤਰ ਉਹ ਲੋਕ ਸਨ, ਜਿਹੜੇ ਭਾਰਤ ਵਿਚ ਪਨਾਹ ਲੈਣ ਆਏ ਸਨ ਪਰ ਲੰਮੇ ਸਮੇਂ ਦਾ ਵੀਜ਼ਾ ਨਾ ਮਿਲਣ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਵਾਪਸ ਜਾਣਾ ਪਿਆ। 
ਪਾਕਿਸਤਾਨ ਵਿਚ ਘੱਟਗਿਣਤੀਆਂ 'ਤੇ ਅੱਤਿਆਚਾਰਾਂ ਦੀਆਂ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 17 ਦਸੰਬਰ 2017 ਨੂੰ ਪਾਕਿਸਤਾਨ ਦੇ ਹਾਂਗੂ ਜ਼ਿਲੇ ਵਿਚ ਰਹਿਣ ਵਾਲੇ ਸਿੱਖਾਂ ਨੇ ਦੋਸ਼ ਲਾਇਆ ਕਿ ਸਥਾਨਕ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਧਰਮ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ 'ਤੇ ਲਗਾਤਾਰ  ਅੱਤਿਆਚਾਰ ਕੀਤੇ ਜਾ ਰਹੇ ਹਨ। 
* 22 ਦਸੰਬਰ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਇਕ ਹਿੰਦੂ ਲੜਕੀ ਦੇ ਅਗ਼ਵਾ ਤੋਂ ਬਾਅਦ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ।
* 10 ਮਾਰਚ 2018 ਨੂੰ ਬਲੋਚਿਸਤਾਨ ਦੇ ਨਾਸਿਰਾਬਾਦ ਵਿਚ ਅਣਪਛਾਤੇ ਹਮਲਾਵਰਾਂ ਨੇ ਜਾਨੀਆ ਕੁਮਾਰੀ ਨਾਮੀ ਹਿੰਦੂ ਔਰਤ ਨੂੰ ਕੁਹਾੜੀ ਨਾਲ ਵੱਢ ਦਿੱਤਾ।
* 05 ਅਪ੍ਰੈਲ ਨੂੰ ਸਿੰਧ ਦੇ ਡਾਰੋ ਕਸਬੇ ਵਿਚ ਬੰਦੂਕ ਦੀ ਨੋਕ 'ਤੇ ਇਕ ਹਿੰਦੂ ਬੱਚੇ ਦੇ ਅਗ਼ਵਾ ਤੋਂ ਬਾਅਦ ਉਸ ਨਾਲ ਸਮੂਹਿਕ ਕੁਕਰਮ ਕੀਤਾ ਗਿਆ।
* 09 ਮਈ ਨੂੰ ਸ਼ਿਕਾਰਪੁਰ ਪੁਲਸ ਨੇ ਇਕ ਹਿੰਦੂ ਵਪਾਰੀ ਚੁੰਨੀ ਲਾਲ ਦਾ ਸਿਰ ਮੁੰਨਵਾ ਦਿੱਤਾ। ਉਸ ਦੀਆਂ ਮੁੱਛਾਂ ਤੇ ਭਰਵੱਟੇ ਵੀ ਕੱਟ ਦਿੱਤੇ ਗਏ। ਉਸ 'ਤੇ ਇਹ ਦੋਸ਼ ਲਾਇਆ ਗਿਆ ਕਿ ਉਹ ਵਿਆਜ 'ਤੇ ਪੈਸੇ ਉਧਾਰ ਦਿੰਦਾ ਹੈ। 
* 13 ਮਈ ਨੂੰ ਬਲੋਚਿਸਤਾਨ ਸੂਬੇ ਵਿਚ ਇਕ ਹਿੰਦੂ ਵਪਾਰੀ ਜੈਪਾਲ ਦਾਸ ਅਤੇ ਉਸ ਦੇ ਬੇਟੇ ਗਿਰੀਸ਼ ਨਾਥ ਦੀ ਹੱਤਿਆ ਕਰ ਦਿੱਤੀ ਗਈ। 
* 19 ਮਈ ਨੂੰ ਕਰਾਚੀ ਵਿਚ ਈਸਾਈ ਭਾਈਚਾਰੇ ਦੇ ਨੇਤਾਵਾਂ ਨੇ ਦੋਸ਼ ਲਾਇਆ ਕਿ 30 ਮਾਰਚ ਤੋਂ ਹੁਣ ਤਕ ਨਕਾਬਪੋਸ਼ ਸੁਰੱਖਿਆ ਅਧਿਕਾਰੀ ਉਨ੍ਹਾਂ ਦੇ ਭਾਈਚਾਰੇ ਦੇ 24 ਨੌਜਵਾਨਾਂ ਨੂੰ ਕਰਾਚੀ ਨੇੜਿਓਂ ਚੁੱਕ ਕੇ ਲੈ ਗਏ।
* 24 ਮਈ ਨੂੰ ਸਿਆਲਕੋਟ ਵਿਚ 600 ਦੰਗਾਕਾਰੀਆਂ ਦੀ ਭੀੜ ਨੇ ਰਾਤ ਨੂੰ 11 ਵਜੇ ਅਹਿਮਦੀਆ ਭਾਈਚਾਰੇ ਦੀ ਇਕ ਬੰਦ ਪਈ ਮਸਜਿਦ 'ਤੇ ਹਮਲਾ ਕਰ ਕੇ ਉਸ ਨੂੰ ਢਾਹ ਦਿੱਤਾ। 
* 25 ਮਈ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਖਾਸ ਸ਼ਹਿਰ ਦੇ ਵਕੀਲ ਹੀਰਾ ਲਾਲ ਨੂੰ ਅਗ਼ਵਾ ਕਰ ਕੇ ਅਣਪਛਾਤੇ ਹਮਲਾਵਰ ਕਿਸੇ ਗੁਪਤ ਜਗ੍ਹਾ 'ਤੇ ਲੈ ਗਏ। 
ਪਾਕਿਸਤਾਨ ਵਿਚ ਘੱਟਗਿਣਤੀ ਭਾਈਚਾਰੇ 'ਤੇ ਉਥੋਂ ਦੀ ਸਰਕਾਰ ਅਤੇ ਫੌਜ ਦੀ ਸ਼ਹਿ 'ਤੇ ਕੀਤੇ ਜਾਣ ਵਾਲੇ ਅੱਤਿਆਚਾਰਾਂ ਦੇ ਇਹ ਤਾਂ ਕੁਝ ਨਮੂਨੇ ਮਾਤਰ ਹਨ। ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਸਾਹਮਣੇ ਨਹੀਂ ਆ ਸਕੀਆਂ। 
ਇਸ ਦਰਮਿਆਨ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਉਥੋਂ ਦੇ ਘੱਟਗਿਣਤੀਆਂ ਨੇ 'ਸਾਊਥ ਏਸ਼ੀਆ ਮਾਇਨਾਰਟੀਜ਼ ਅਲਾਇੰਸ ਫਾਊਂਡੇਸ਼ਨ' ਨਾਮੀ ਇਕ ਸੰਗਠਨ ਬਣਾਇਆ ਹੈ, ਜਿਸ ਨੂੰ ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਕੁਝ ਸੰਸਦ ਮੈਂਬਰਾਂ ਦਾ ਸਮਰਥਨ ਵੀ ਹਾਸਿਲ ਹੈ। 
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਅਤੇ ਅਮਰੀਕਨ ਸੈਂਟਰ ਫਾਰ ਲਾਅ ਐਂਡ ਜਸਟਿਸ ਨੇ ਕਿਹਾ ਹੈ ਕਿ ''ਈਸਾਈਆਂ ਨੂੰ ਉਨ੍ਹਾਂ ਦੀ ਆਸਥਾ ਦੀ ਖਾਤਿਰ ਪਾਕਿਸਤਾਨ ਵਿਚ ਮਾਰਿਆ-ਕੁੱਟਿਆ ਜਾ ਰਿਹਾ ਹੈ, ਟਾਰਚਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੀਆਂ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਦੁਨੀਆ ਦੇ ਨੇਤਾਵਾਂ ਨੂੰ ਪਾਕਿਸਤਾਨ ਵਿਰੁੱਧ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ।''
ਕੌਮਾਂਤਰੀ ਮੰਚਾਂ 'ਤੇ ਪਾਕਿਸਤਾਨ 'ਚ ਘੱਟਗਿਣਤੀਆਂ 'ਤੇ ਹੋਣ ਵਾਲੇ ਅੱਤਿਆਚਾਰਾਂ ਵਿਰੁੱਧ ਉੱਠਣ ਵਾਲੀਆਂ ਆਵਾਜ਼ਾਂ ਦੇ ਬਾਵਜੂਦ ਉਥੇ ਇਸ ਕੁਚੱਕਰ ਦਾ ਜਾਰੀ ਰਹਿਣਾ ਇਸ ਤੱਥ ਦਾ ਮੂੰਹ ਬੋਲਦਾ ਸਬੂਤ ਹੈ ਕਿ ਪਾਕਿ ਸਰਕਾਰ ਨੇ ਆਪਣੇ ਦੇਸ਼ ਦੇ ਘੱਟਗਿਣਤੀਆਂ ਪ੍ਰਤੀ ਕਿਸ ਤਰ੍ਹਾਂ ਉਦਾਸੀਨਤਾ ਵਾਲਾ ਰਵੱਈਆ ਅਪਣਾਇਆ ਹੋਇਆ ਹੈ।                                          
—ਵਿਜੇ ਕੁਮਾਰ


Vijay Kumar Chopra

Chief Editor

Related News