ਹੈਰੋਇਨ ਸਮੇਤ ਨਾਈਜੀਰੀਅਨ ਲੜਕੀ ਸਣੇ 4 ਗ੍ਰਿਫਤਾਰ
Sunday, May 20, 2018 - 05:13 AM (IST)

ਖੰਨਾ(ਸੁਖਵਿੰਦਰ ਕੌਰ, ਗੁਰਮੀਤ ਕੌਰ)-ਪੁਲਸ ਜ਼ਿਲਾ ਖੰਨਾ ਵੱਲੋਂ ਅੱਜ ਜ਼ਿਲੇ ਭਰ ਵਿਚ ਵੱਖ-ਵੱਖ ਨਾਕਾਬੰਦੀਆਂ ਕਰਕੇ ਨਸ਼ੇ ਵਾਲੇ ਪਦਾਰਥਾਂ ਦੇ ਸਮੱਗਲਰਾਂ 'ਤੇ ਸ਼ਿਕੰਜਾ ਕੱਸਦਿਆਂ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਇਕ ਨਾਈਜੀਰੀਆ ਮੂਲ ਦੀ ਲੜਕੀ ਤੋਂ ਇਲਾਵਾ 7 ਵਿਅਕਤੀਆਂ ਨੂੰ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਹੈ। ਅੱਜ ਸਥਾਨਕ ਥਾਣਾ ਸਦਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪੁਲਸ ਜ਼ਿਲਾ ਖੰਨਾ ਦੇ ਡੀ. ਐੱਸ. ਪੀ. (ਆਈ.) ਰਣਜੀਤ ਸਿੰਘ ਬਦੇਸ਼ਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਨਿਗਰਾਨੀ 'ਚ ਡੀ. ਐੱਸ. ਪੀ. ਪਾਇਲ ਰਛਪਾਲ ਸਿੰਘ ਢੀਂਡਸਾ, ਡੀ. ਐੱਸ. ਪੀ. ਸਮਰਾਲਾ ਹਰਸਿਮਰਤ ਸਿੰਘ ਸ਼ੇਤਰਾ ਅਤੇ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਪ੍ਰਿਸਟਨ ਮਾਲ 'ਤੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸੇ ਦੌਰਾਨ ਸਵੇਰੇ ਸਾਢੇ 10 ਵਜੇ ਮੰਡੀ ਗੋਬਿੰਦਗੜ੍ਹ ਵਾਲੇ ਪਾਸਿਓਂ ਆ ਰਹੇ ਵਹੀਕਲਾਂ 'ਚੋਂ ਕਿਸੇ ਅਣਪਛਾਤੇ ਵਹੀਕਲ ਵਿਚੋਂ ਇਕ ਲੜਕੀ ਉਤਰ ਕੇ ਘਬਰਾਈ ਹੋਈ, ਤੇਜ਼ ਕਦਮੀਂ ਪ੍ਰਿਸਟਨ ਮਾਲ ਵੱਲ ਨੂੰ ਪੈਦਲ ਜਾ ਰਹੀ ਸੀ, ਜਿਸਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਚੈੱਕ ਕੀਤਾ, ਤਾਂ ਉਸਨੇ ਆਪਣਾ ਨਾਮ ਸੋਫ਼ੀਆ ਪੁੱਤਰੀ ਹੈਨਰੀ (ਨਾਈਜੀਰੀਅਨ) ਹਾਲ ਵਾਸੀ ਪਾਲਮ ਨਵੀਂ ਦਿੱਲੀ ਦੱਸਿਆ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਉਸਦੇ ਮੋਢੇ 'ਚ ਪਾਏ ਪਰਸ ਦੀ ਜਦੋਂ ਤਲਾਸ਼ੀ ਕੀਤੀ ਗਈ ਤਾਂ ਪਰਸ 'ਚੋਂ ਸਾਬਣ ਦੀਆਂ ਤਿੰਨ ਡੱਬੀਆਂ 'ਚ ਪਾਈ ਹੋਈ 300 ਗ੍ਰਾਮ ਹੈਰੋਇਨ ਬਰਾਮਦ ਹੋਈ।
ਇਸੇ ਤਰ੍ਹਾਂ ਥਾਣਾ ਦੋਰਾਹਾ ਦੇ ਸਹਾਇਕ ਥਾਣੇਦਾਰ ਤੇਜ਼ਾ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਫਸਟ-ਏਡ ਪੋਸਟ ਦੋਰਾਹਾ ਦੇ ਸਾਹਮਣੇ ਜੀ. ਟੀ. ਰੋਡ 'ਤੇ ਸਵੇਰੇ ਸਾਢੇ 11 ਵਜੇ ਨਾਕਾਬੰਦੀ ਦੌਰਾਨ ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਇਕ ਇਨੋਵਾ ਖੰਨਾ ਵਾਲੇ ਪਾਸੇ ਤੋਂ ਆਈ, ਜਿਸਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਗੱਡੀ ਚਾਲਕ ਨੇ ਆਪਣਾ ਨਾਂ ਰਜਿੰੰਦਰ ਕੁਮਾਰ, ਦੀਪਕ ਭੱਲਾ ਤੇ ਅਮਨ ਸ਼ਰਮਾ ਲੁਧਿਆਣਾ ਦੱਸਿਆ, ਜਿਨ੍ਹਾਂ ਦੀ ਤਲਾਸ਼ੀ ਲੈਣ 'ਤੇ ਰਜਿੰਦਰ ਕੁਮਾਰ ਕੋਲੋਂ 40 ਗ੍ਰਾਮ ਹੈਰੋਇਨ, ਦੀਪਕ ਭੱਲਾ ਤੋਂ 30 ਗ੍ਰਾਮ ਅਤੇ ਅਮਨ ਸ਼ਰਮਾ ਕੋਲੋਂ 30 ਗ੍ਰਾਮ ਕੁੱਲ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ. ਐੱਸ. ਪੀ. ਰਣਜੀਤ ਸਿੰਘ ਬਦੇਸ਼ਾਂ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸੀ. ਆਈ. ਏ. ਸਟਾਫ਼ ਖੰਨਾ ਦੇ ਇੰਚਾਰਜ ਇੰਸ. ਬਲਜਿੰਦਰ ਸਿੰਘ ਤੇ ਥਾਣੇਦਾਰ ਅਵਤਾਰ ਸਿੰਘ ਦੀ ਪੁਲਸ ਪਾਰਟੀ ਵੱਲੋਂ ਪੁਲੀ ਸੂਆ ਉਟਾਲਾਂ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਸਾਢੇ 11 ਵਜੇ ਪਿੰਡ ਬੌਦਲੀ ਤੋਂ ਸੂਏ ਦੀ ਪੱਟੜੀ 'ਤੇ ਇਕ ਕਾਰ ਨੂੰ ਰੋਕ ਕੇ ਜਦੋਂ ਚੈੱਕ ਕੀਤਾ ਤਾਂ ਉਸ 'ਚੋਂ ਵੱਡੀ ਮਾਤਰਾ 'ਚ ਨਸ਼ੇ ਵਾਲੀਆਂ ਗੋਲੀਆਂ ਤੇ 15 ਕਿਲੋ ਭੁੱਕੀ, ਚੂਰਾ-ਪੋਸਤ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਅਮਨਿੰਦਰ ਸਿੰਘ ਵਾਸੀ ਮੁਤੋਂ ਵਜੋਂ ਹੋਈ। ਇਸੇ ਦੌਰਾਨ ਸੀ. ਆਈ. ਏ. ਸਟਾਫ਼ ਖੰਨਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਪਿੰਡ ਨੌਲੜੀ ਵਿਖੇ ਸ਼ੱਕੀ ਪੁਰਸ਼ਾਂ ਸਬੰਧੀ ਗਸ਼ਤ ਦੌਰਾਨ ਪੈਦਲ ਤੁਰੇ ਆ ਰਹੇ ਕਥਿਤ ਦੋਸ਼ੀ ਲਛਮਣ ਸਿੰਘ ਵਾਸੀ ਲਲੌੜੀ ਕਲਾਂ ਦੀ ਤਲਾਸ਼ੀ ਮੌਕੇ ਉਸ ਕੋਲੋਂ 1140 ਨਸ਼ੇ ਵਾਲੀਆਂ ਗੋਲੀਆਂ ਦੀਆਂ ਬਰਾਮਦ ਹੋਈਆਂ।
ਪ੍ਰੈੱਸ ਕਾਨਫਰੰਸ ਦੌਰਾਨ ਬਦੇਸ਼ਾਂ ਨੇ ਦੱਸਿਆ ਕਿ ਪੁਲਸ ਥਾਣਾ ਦੋਰਾਹਾ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਪਿੰਡ ਕੱਦੋਂ ਦੇ ਟੀ-ਪੁਆਇੰਟ 'ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਸਵੇਰੇ 11 ਵਜੇ ਦੇ ਕਰੀਬ ਖੰਨਾ ਵਲੋਂ ਆਉਂਦੀ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਵਿਚੋਂ 10 ਕਿਲੋ ਭੁੱਕੀ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਧਰਮਜੀਤ ਸਿੰਘ ਅਤੇ ਕਰਮਜੀਤ ਸਿੰਘ ਵਾਸੀ ਜੈਪੁਰਾ ਵਜੋਂ ਹੋਈ। ਉਨ੍ਹਾਂ ਇਹ ਵੀ ਦੱਸਿਆ ਕਿ ਥਾਣਾ ਸਿਟੀ ਖੰਨਾ ਵਿਚ ਤਾਇਨਾਤ ਸਹਾਇਕ ਥਾਣੇਦਾਰ ਅਵਤਾਰ ਅਲੀ ਨੇ ਆਪਣੀ ਪੁਲਸ ਪਾਰਟੀ ਨਾਲ ਜੀ. ਟੀ. ਰੋਡ ਭੱਟੀਆਂ ਵਿਖੇ ਗ੍ਰੀਨਲੈਂਡ ਨਜ਼ਦੀਕ ਸਵੇਰੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਖੰਨਾ ਵੱਲੋਂ ਇਕ ਜੀਪ ਆ ਰਹੀ ਸੀ ਕਿ ਜੀਪ ਚਾਲਕ ਪੁਲਸ ਨਾਕਾ ਲੱਗਿਆ ਦੇਖ ਜੀਪ ਛੱਡ ਕੇ ਭੱਜ ਗਿਆ। ਜਿਸਦੀ ਤਲਾਸ਼ੀ ਲੈਣ 'ਤੇ ਉਸ ਵਿਚ ਲੱਦੀਆਂ 139 ਪੇਟੀਆਂ ਸ਼ਰਾਬ ਦੇਸੀ ਮਾਰਕਾ ਮੋਟਾ ਸੰਤਰਾ ਬਰਾਮਦ ਹੋਈ। ਖੰਨਾ ਜ਼ਿਲਾ ਪੁਲਸ ਨੇ ਉਕਤ ਸਾਰੇ ਹੀ ਮਾਮਲਿਆਂ ਵਿਚ ਸਬੰਧਿਤ ਪੁਲਸ ਸਟੇਸ਼ਨਾਂ ਵਿਚ ਕਥਿਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।