ਮੈਕਰੋਂ ਨੇ ਸੰਘਰਸ਼ ਦੇ ਖਤਰੇ ਦੀ ਦਿੱਤੀ ਚਿਤਾਵਨੀ

06/06/2018 1:41:45 PM

ਪੈਰਿਸ (ਭਾਸ਼ਾ)— ਈਰਾਨ ਵਲੋਂ ਆਪਣੀ ਯੂਰੇਨੀਅਮ ਦੀ ਮਿਆਦ ਸਮਰੱਥਾ ਵਧਾਉਣ ਦੀ ਯੋਜਨਾ ਦੇ ਐਲਾਨ ਮਗਰੋਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਤੇਹਰਾਨ ਨਾਲ ਸੰਘਰਸ਼ ਦੇ ਖਤਰੇ ਨੂੰ ਲੈ ਕੇ ਚਿਤਾਵਨੀ ਦਿੱਤੀ। ਗੌਰਤਲਬ ਹੈ ਕਿ ਈਰਾਨ ਨਾਲ ਹੋਏ ਪਰਮਾਣੂ ਸਮਝੌਤੇ ਤੋਂ ਅਮਰੀਕਾ ਦੇ ਹਟਣ ਦੇ ਐਲਾਨ ਦੇ ਬਾਅਦ ਯੂਰਪ ਇਸ ਸਮਝੌਤੇ ਨੂੰ ਬਣਾਏ ਰੱਖਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ। ਫਰਾਂਸ ਦੀ ਯਾਤਰਾ 'ਤੇ ਆਏ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਲ ਸਾਂਝੇ ਤੌਰ 'ਤੇ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਮੈਕਰੋਂ ਨੇ ਸਾਰੇ ਨੇਤਾਵਾਂ ਨੂੰ ਹਾਲਾਤ ਸਥਿਰ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ,''ਸਾਨੂੰ ਹਾਲਾਤ ਇੰਨੇ ਖਰਾਬ ਨਹੀਂ ਕਰਨੇ ਚਾਹੀਦੇ ਕਿ ਸੰਘਰਸ਼ ਦੀ ਨੌਬਤ ਆਏ।'' ਉਨ੍ਹਾਂ ਕਿਹਾ ਕਿ ਈਰਾਨ ਵੱਲੋਂ ਆਪਣੇ ਪਰਮਾਣੂ ਬੁਨਿਆਦੀ ਢਾਂਚੇ ਵਿਚ ਵਿਸਥਾਰ ਕਰਨ ਦਾ ਫੈਸਲਾ ਸਾਲ 2015 ਵਿਚ ਹੋਏ ਸਮਝੌਤੇ ਤੋਂ ਹਟਣ ਦਾ ਆਧਾਰ ਨਹੀਂ ਹੈ। ਇਸ ਸਮਝੌਤੇ ਦਾ ਉਦੇਸ਼ ਈਰਾਨ ਨੂੰ ਪਰਮਾਣੂ ਬੰਬ ਹਾਸਲ ਕਰਨ ਤੋਂ ਰੋਕਣਾ ਹੈ। ਮੈਕਰੋਂ ਨੇ ਕਿਹਾ ਕਿ ਈਰਾਨ ਦਾ ਜਵਾਬ ਇਹ ਦਿਖਾਉਂਦਾ ਹੈ ਕਿ ਜਦੋਂ ਇਕ ਪਾਸੜ ਤਰੀਕੇ ਨਾਲ ਸਮਝੌਤੇ ਨੂੰ ਖਤਮ ਕਰਾਂਗੇ ਤਾਂ ਦੂਜਾ ਪੱਖ ਇਸ ਦਾ ਸਨਮਾਨ ਕਰਨ ਲਈ ਉਤਸ਼ਾਹਿਤ ਨਹੀਂ ਹੋਵੇਗਾ। ਨੇਤਨਯਾਹੂ ਨੇ ਕਿਹਾ,''ਮੈਂ ਰਾਸ਼ਟਰਪਤੀ ਮੈਕਰੋਂ ਨੂੰ ਸਮਝੌਤੇ ਤੋਂ ਹਟਣ ਲਈ ਨਹੀਂ ਕਿਹਾ ਹੈ। ਮੇਰਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਆਰਥਿਕ ਅਸਲੀਅਤਾਂ ਫੈਸਲਾ ਕਰਨਗੀਆਂ।''


Related News