ਕਾਂਗੜ ਦਾ ਵਾਧੂ ਬਿਜਲੀ ਬਾਰੇ ਵਿਚਾਰ ਮੁੱਖ ਮੰਤਰੀ ਦੇ ਦਾਅਵੇ ਦੇ ਉਲਟ : ਅਕਾਲੀ ਦਲ

Sunday, Apr 29, 2018 - 10:14 AM (IST)


ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਨਵੇਂ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਇਹ ਦਾਅਵਾ ਕਰਨ ਕਿ ਪੰਜਾਬ ਨੇ ਅਜੇ ਵਾਧੂ ਬਿਜਲੀ ਵਾਲੇ ਸੂਬੇ ਦਾ ਰੁਤਬਾ ਹਾਸਲ ਨਹੀਂ ਕੀਤਾ, ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਨੂੰ ਝੁਠਲਾ ਰਹੇ ਹਨ। ਇਸ ਤੋਂ ਇਲਾਵਾ ਉਹ ਇਹ ਵੀ ਝੂਠ ਬੋਲ ਰਹੇ ਹਨ ਕਿ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਲਿਆ ਗਿਆ ਸੀ ।
ਇਸ ਮੌਕੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜ਼ਮਾਨ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਗੁਰਪ੍ਰੀਤ ਸਿੰਘ ਕਾਂਗੜ ਦਾਅਵਾ ਕਰ ਰਹੇ ਹਨ ਕਿ ਪੰਜਾਬ ਨੇ ਅਜੇ ਵਾਧੂ ਬਿਜਲੀ ਵਾਲੇ ਸੂਬੇ ਦਾ ਰੁਤਬਾ ਹਾਸਿਲ ਨਹੀਂ ਕੀਤਾ ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਦੇ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਰਪੋਰੇਟ ਮੁਖੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਵਾਸਤੇ ਅਪੀਲ ਕਰਦਿਆਂ ਦੱਸਿਆ ਸੀ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਸਮੇਂ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਸੀ । ਉਨ੍ਹਾਂ ਕਿਹਾ ਕਿ ਇਹ ਇਕ ਰਿਕਾਰਡ ਹੋ ਚੁੱਕਿਆ ਤੱਥ ਹੈ। ਕੈਪਟਨ ਅਮਰਿੰਦਰ ਇਹ ਗੱਲ ਕਹਿ ਚੁੱਕੇ ਹਨ ਕਿ ਮੁਲਕ ਵਿਚ ਪੰਜਾਬ ਹੀ ਇਕਲੌਤਾ ਵਾਧੂ ਬਿਜਲੀ ਵਾਲਾ ਸੂਬਾ ਹੈ, ਜਿਸ ਕੋਲ ਉਦਯੋਗਿਕ ਇਕਾਈਆਂ ਨੂੰ ਸਸਤੇ ਭਾਅ 'ਤੇ ਦੇਣ ਵਾਸਤੇ ਵਾਧੂ ਬਿਜਲੀ ਹੈ । ਜੇ ਤੁਸੀਂ ਅਜੇ ਵੀ ਇਸ ਗੱਲ 'ਤੇ ਭਰੋਸਾ ਨਹੀਂ ਕਰਦੇ ਤਾਂ ਤੁਹਾਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅਜਿਹਾ ਬਿਆਨ ਦਿੰਦੇ ਹੋਏ ਤੁਹਾਡੇ ਮੁੱਖ ਮੰਤਰੀ ਝੂਠ ਬੋਲ ਰਹੇ ਸਨ । ਜੇਕਰ ਅਜਿਹਾ ਨਹੀਂ ਹੈ ਤਾਂ ਤੁਹਾਨੂੰ ਅਜਿਹੇ ਗੈਰ-ਜ਼ਿੰਮੇਵਾਰ ਅਤੇ ਝੂਠੇ ਬਿਆਨ ਦੇਣ ਲਈ ਪੰਜਾਬੀਆਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਕਿਉਂਕਿ ਤੁਹਾਡੇ ਅਜਿਹੇ ਬਿਆਨ ਸੰਭਾਵੀ ਨਿਵੇਸ਼ਕਾਰਾਂ ਨੂੰ ਡਰਾ ਸਕਦੇ ਹਨ ਅਤੇ ਸੂਬੇ ਲਈ ਮਹਿੰਗੇ ਸਾਬਿਤ ਹੋ ਸਕਦੇ ਹਨ।


Related News