ਚੰਡੀਗੜ੍ਹ ''ਚ ਵੇਚੀ ਜਾਣ ਵਾਲੀ ਸ਼ਰਾਬ ਦੀਆਂ 50 ਪੇਟੀਆਂ ਬਰਾਮਦ

05/26/2018 6:42:38 AM

ਜਲੰਧਰ, (ਮਹੇਸ਼)- ਸਿਰਫ ਚੰਡੀਗੜ੍ਹ 'ਚ ਵੇਚੀ ਜਾਣ ਵਾਲੀ ਸ਼ਰਾਬ ਦੀਆਂ 50 ਪੇਟੀਆਂ ਬਰਾਮਦ ਸਮੇਤ ਥਾਣਾ ਸਦਰ ਦੀ ਪੁਲਸ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਚਿੱਟੇ ਰੰਗ ਦੀ ਇਨੋਵਾ ਗੱਡੀ ਵਿਚ ਸਵਾਰ ਸਨ ਅਤੇ ਸ਼ਰਾਬ ਦੀ ਸਪਲਾਈ ਕਰਨ ਜਾ ਰਹੇ ਸਨ। ਜਲੰਧਰ ਕੈਂਟ ਦੇ ਏ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੂੰ ਸੂਚਨਾ ਮਿਲੀ ਸੀ ਕਿ ਇਕ ਇਨੋਵਾ ਗੱਡੀ ਵਿਚ ਭਾਰੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਲਿਜਾਈ ਜਾ ਰਹੀ ਹੈ। ਜਿਸ 'ਤੇ ਇੰਸਪੈਕਟਰ ਸੁਖਦੇਵ ਸਿੰਘ ਔਲਖ ਨੇ ਸਮੇਤ ਪੁਲਸ ਪਾਰਟੀ ਕਾਦੀਆਂਵਾਲੀ ਟੀ ਪੁਆਇੰਟ 'ਤੇ ਨਾਕਾਬੰਦੀ ਕਰਦੇ ਹੋਏ ਤੇਜ਼-ਰਫਤਾਰ ਇਨੋਵਾ ਗੱਡੀ ਨੂੰ ਚੈਕਿੰਗ ਲਈ ਰੋਕਿਆ। 
ਗੱਡੀ ਨੂੰ ਜ਼ਿਲਾ ਕਪੂਰਥਲਾ ਦੇ ਪਿੰਡ  ਤਲਵੰਡੀ ਚੌਧਰੀਆਂ ਦਾ ਵਾਸੀ ਜੋਗਿੰਦਰ ਸਿੰਘ ਪੁੱਤਰ ਵੱਸਣ ਸਿੰਘ ਚਲਾ ਰਿਹਾ ਸੀ ਜਦਕਿ  ਪਿੱਛੇ ਦੀਆਂ ਸੀਟਾਂ 'ਤੇ ਬਲਵੀਰ ਕੁਮਾਰ ਕਾਲਾ ਪੁੱਤਰ ਹਰਬੰਸ ਲਾਲ ਵਾਸੀ ਕਾਦੀਆਂਵਾਲੀ, ਥਾਣਾ ਸਦਰ ਜਲੰਧਰ ਅਤੇ ਗੁਰਵਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਛੰਨਾ ਸਿੰਘ, ਕਪੂਰਥਲਾ ਬੈਠੇ ਹੋਏ ਸਨ। ਗੱਡੀ ਚੈੱਕ ਕਰਨ 'ਤੇ 600 ਬੋਤਲਾਂ ਮਾਰਕਾ ਨੈਣਾ ਪ੍ਰੀਮੀਅਮ ਵ੍ਹਿਸਕੀ ਫਾਰ ਸੇਲ ਇਨ ਚੰਡੀਗੜ੍ਹ ਓਨਲੀ ਲਿਖਿਆ ਹੋਇਆ ਸੀ। 3 ਮੁਲਜ਼ਮਾਂ ਦੇ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਬਲਬੀਰ ਕਾਲਾ 'ਤੇ ਪਹਿਲਾ ਦਰਜ ਹਨ 20 ਮਾਮਲੇ
ਕਾਫੀ ਸਮੇਂ ਤੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਦੇ ਬਲਬੀਰ ਕੁਮਾਰ ਕਾਲਾ ਕਾਦੀਆਂਵਾਲੀ ਦੇ ਖਿਲਾਫ ਪਹਿਲਾ ਵੀ ਥਾਣਾ ਲਾਂਬੜਾ, ਸਿਟੀ ਕਪੂਰਥਲਾ, ਥਾਣਾ-7, ਥਾਣਾ 2 ਤੇ ਥਾਣਾ ਸਦਰ ਸਮੇਤ ਹੋਰ ਕਈ ਥਾਣਿਆਂ ਵਿਚ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੇ  20 ਤੋਂ ਜ਼ਿਆਦਾ ਮਾਮਲੇ ਦਰਜ ਹਨ। ਉਸ ਦੇ ਨਾਲ ਫੜੇ ਗਏ ਗੁਰਵਿੰਦਰ ਸਿੰਘ ਤੇ ਜੋਗਿੰਦਰ ਸਿੰਘ ਦੇ ਬਾਰੇ ਵਿਚ ਪੁਲਸ ਥਾਣਾ ਤਲਵੰਡੀ ਚੌਧਰੀਆਂ ਤੋਂ ਜਾਂਚ ਕਰਵਾ ਰਹੀ ਹੈ। ਏ. ਸੀ. ਪੀ. ਢਿੱਲੋਂ ਤੇ ਐੱਸ. ਐੱਚ. ਓ. ਔਲਖ ਨੇ ਕਿਹਾ ਕਿ ਮੁਲਜ਼ਮ ਬਲਬੀਰ ਕੁਮਾਰ ਕਾਲਾ ਦੇ ਖਿਲਾਫ 110 ਦਾ ਕਲੰਦਰਾ ਤਿਆਰ ਕਰਕੇ ਉਸ ਨੂੰ ਕਲ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਕਾਲਾ ਕਈ ਵਾਰ ਫੜੇ ਜਾਣ ਦੇ ਬਾਵਜੂਦ ਵੀ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨੀ ਬੰਦ ਨਹੀਂ ਕਰ ਰਿਹਾ। ਹੁਣ ਪੁਲਸ ਉਸ ਦੇ ਖਿਲਾਫ ਸਖਤ ਸ਼ਿਕੰਜਾ ਕੱਸੇਗੀ। 


Related News