ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 475ਵੇਂ ਟਰੱਕ ਦੀ ਸਮੱਗਰੀ
Tuesday, Jun 05, 2018 - 10:43 AM (IST)

ਜਲੰਧਰ/ਸ਼੍ਰੀਨਗਰ (ਜੁਗਿੰਦਰ ਸੰਧੂ)— ਰਮਜ਼ਾਨ ਦੇ ਮਹੀਨੇ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਹੈ, ਜਿਸ ਵਿਚ ਮਾਨਵੀ ਸਲਾਮਤੀ ਲਈ ਦੁਆਵਾਂ ਮੰਗੀਆਂ ਜਾਂਦੀਆਂ ਹਨ ਅਤੇ ਆਪਸੀ ਸਾਂਝ ਦੇ ਨਾਲ-ਨਾਲ ਵਿਸ਼ਵ ਸ਼ਾਂਤੀ ਅਤੇ ਭਾਈਚਾਰੇ ਦੀ ਮਜ਼ਬੂਤੀ ਲਈ ਦੁਆ ਕੀਤੀ ਜਾਂਦੀ ਹੈ। ਬਦਕਿਸਮਤੀ ਨਾਲ ਇਸਲਾਮ ਦੇ ਇਨ੍ਹਾਂ ਸੁਨਹਿਰੀ ਅਸੂਲਾਂ ਲਈ ਪਾਕਿਸਤਾਨ ਕੋਲ ਸ਼ਾਇਦ ਕੋਈ ਜਗ੍ਹਾ ਨਹੀਂ ਹੈ। ਇਸੇ ਲਈ ਉਹ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰ ਕੇ ਜੰਮੂ-ਕਸ਼ਮੀਰ ਦੇ ਸਰਹੱਦੀ ਖੇਤਰਾਂ ਵਿਚ ਵਸਦੇ ਬੇਦੋਸ਼ੇ ਨਾਗਰਿਕਾਂ 'ਤੇ ਕਹਿਰ ਵਰਤਾਉਂਦਾ ਰਹਿੰਦਾ ਹੈ। ਰਮਜ਼ਾਨ ਦੇ ਮਹੀਨੇ 'ਚ ਵੀ ਪਾਕਿਸਤਾਨੀ ਸੈਨਿਕਾਂ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਕੇ ਕਈ ਭਾਰਤੀ ਨਾਗਰਿਕਾਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਦੀਆਂ ਜਾਨਾਂ ਲੈ ਲਈਆਂ ਅਤੇ ਹਜ਼ਾਰਾਂ ਸਰਹੱਦੀ ਪਰਿਵਾਰਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਸੁਰੱਖਿਅਤ ਟਿਕਾਣਿਆਂ ਦੀ ਭਾਲ 'ਚ ਘਰ-ਘਾਟ ਛੱਡ ਕੇ ਦੌੜਣਾ ਪਿਆ। ਅਜਿਹੇ ਹੀ ਬੇਵੱਸ, ਮਜਬੂਰ ਤੇ ਲਾਚਾਰ ਪਰਿਵਾਰਾਂ ਦੀ ਮਦਦ ਲਈ 'ਪੰਜਾਬ ਕੇਸਰੀ ਪੱਤਰ ਸਮੂਹ' ਵਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਜੰਮੂ-ਕਸ਼ਮੀਰ ਦੇ ਪੀੜਤਾਂ ਲਈ 475ਵੇਂ ਟਰੱਕ ਦੀ ਰਾਹਤ ਸਮੱਗਰੀ ਭਿਜਵਾਈ ਗਈ।
ਇਸ ਵਾਰ ਦੀ ਰਾਹਤ ਸਮੱਗਰੀ ਦਾ ਯੋਗਦਾਨ ਹੀਰੋ ਗਰੁੱਪ ਦੇ ਬਾਨੀ ਮਹਾਤਮਾ ਸੱਤਿਆਨੰਦ ਜੀ ਮੁੰਜਾਲ ਦੇ 101ਵੇਂ ਜਨਮ ਦਿਨ ਦੇ ਸਬੰਧ 'ਚ ਲੁਧਿਆਣਾ ਤੋਂ ਮੁੰਜਾਲ ਭਰਾਵਾਂ ਵਲੋਂ ਪਾਇਆ ਗਿਆ। ਇਸ ਸਮੱਗਰੀ ਵਿਚ 300 ਪਰਿਵਾਰਾਂ ਲਈ ਪ੍ਰਤੀ ਪਰਿਵਾਰ 10 ਕਿਲੋ ਚਾਵਲ, 1 ਕਿਲੋ ਰੀਫਾਈਂਡ, 1 ਬੋਤਲ ਸਰ੍ਹੋਂ ਦਾ ਤੇਲ, 1 ਪੈਕੇਟ ਸਾਬਣ, 1 ਪੈਕੇਟ ਮੋਮਬੱਤੀ ਤੇ 2 ਕਿਲੋ ਦਾਲ ਆਦਿ ਸ਼ਾਮਲ ਸੀ। ਮੁੰਜਾਲ ਪਰਿਵਾਰ ਵਲੋਂ ਪਹਿਲਾਂ ਵੀ ਸਮੱਗਰੀ ਭਿਜਵਾਈ ਜਾ ਚੁੱਕੀ ਹੈ।
ਜਲੰਧਰ ਤੋਂ ਰਾਹਤ ਸਮੱਗਰੀ ਦੇ ਇਸ ਟਰੱਕ ਨੂੰ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਪੀੜਤ ਪਰਿਵਾਰਾਂ 'ਚ ਵੰਡੇ ਜਾਣ ਲਈ ਰਵਾਨਾ ਕੀਤਾ ਗਿਆ। ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਖੇਤਰਾਂ 'ਚ ਸਮੱਗਰੀ ਦੀ ਵੰਡ ਲਈ ਰਾਹਤ ਮੁਹਿੰਮ ਦੇ ਮੁਖੀ ਸ. ਜੇ. ਬੀ. ਸਿੰਘ ਚੌਧਰੀ ਦੀ ਅਗਵਾਈ ਹੇਠ ਜਾਣ ਵਾਲੀ ਟੀਮ ਵਿਚ ਮੁੰਜਾਲ ਪਰਿਵਾਰ ਦੀ ਬੇਟੀ ਸ਼੍ਰੀਮਤੀ ਆਰਤੀ ਮੁੰਜਾਲ ਅਤੇ ਉਨ੍ਹਾਂ ਦੇ ਪਤੀ ਸ਼੍ਰੀ ਅਜੇ ਚੌਧਰੀ (ਜੰਮੂ) ਤੋਂ ਇਲਾਵਾ ਯੋਗਾਚਾਰੀਆ ਸ਼੍ਰੀ ਵਰਿੰਦਰ ਸ਼ਰਮਾ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ ਅਤੇ ਇਕਬਾਲ ਸਿੰਘ ਅਰਨੇਜਾ ਦੇ ਨਾਂ ਸ਼ਾਮਲ ਸਨ।